ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਅਪਰੈਲ:
ਅੱਜ ਯੂ.ਟੀ. ਚੰਡੀਗੜ੍ਹ ਦੇ ਸੇਵਾ ਮੁਕਤ ਅਧਿਆਪਕਾਂ ਦੀ ਭਲਾਈ ਜਥੇਬੰਦੀ ਦੀ ਇੱਕ ਵਿਸ਼ੇਸ਼ ਮੀਟਿੰਗ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਕੈਰੀਅਰ ਗਾਇਡੈਂਸ ਸੈਂਟਰ, ਐਰੋਸਿਟੀ ਬਲਾਕ-ਈ, ਮੁਹਾਲੀ ਵਿਖੇ ਹੋਈ, ਜਿਸ ਵਿੱਚ ਬਹੁਤ ਸਾਰੇ ਸੇਵਾ ਮੁਕਤ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।


ਸਭ ਤੋਂ ਪਹਿਲਾਂ ਜਥੇਬੰਦੀ ਦੇ ਸਮੂਹ ਹਾਜ਼ਰ ਸੇਵਾ-ਮੁਕਤ ਅਧਿਆਪਕਾਂ ਵਲੋਂ ਹਾਲ ਹੀ ਵਿੱਚ ਪਹਿਲਗਾਮ ਵਿਖੇ ਵਾਪਰੀ ਦੁਖਦਾਈ ਘਟਨਾ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ ਅਤੇ ਇਸ ਨੂੰ ਇਨਸਾਨੀਅਤ ‘ਤੇ ਇਕ ਨਿੰਦਣਯੋਗ ਹਮਲਾ ਦੱਸਿਆ। ਇਸ ਤੋਂ ਬਾਅਦ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਆਏ ਸਾਰੇ ਮੈਂਬਰਾਂ ਨੂੰ ਜੀ ਆਇਆਂ ਨੂੰ ਆਖਦੇ ਹੋਏ, ਜਥੇਬੰਦੀਆਂ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਗਿਆ ਅਤੇ ਇਸ ਗੱਲ ‘ਤੇ ਅਫਸੋਸ ਪ੍ਰਗਟ ਕੀਤਾ ਗਿਆ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਉਹਨਾਂ ਦੀਆਂ ਪ੍ਰਮੁੱਖ ਮੰਗਾਂ, ਜਿਹਨਾਂ ਵਿੱਚ ਸੇਵਾ-ਮੁਕਤ ਅਧਿਆਪਕਾਂ ਲਈ ਮੈਡੀਕਲ ਕੈਸ਼ਲੈੱਸ਼ ਸਕੀਮ ਲਾਗੂ ਕਰਨਾ ਅਤੇ ਚੰਡੀਗੜ ਵਿਖੇ ‘‘ਟੀਚਰਜ਼ ਹੋਮ’’ ਬਣਾਉਣ ਦੀ ਮੰਗ ਸ਼ਾਮਲ ਹੈ, ਨੂੰ ਹੁਣ ਤੱਕ ਵੀ ਲਾਗੂ ਨਹੀਂ ਕੀਤਾ ਗਿਆ। ਉਹਨਾਂ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਮੁਹਾਲੀ ਵਿਖੇ ਵੀ ਉੱਚ ਪੱਧਰੀ ਸਰਬ-ਸਹੂਲਤਾਂ ਵਾਲਾ ‘‘ਟੀਚਰਜ਼ ਹੋਮ’’ ਜਲਦ ਬਣਾਇਆ ਜਾਵੇ।
ਸੇਵਾ-ਮੁਕਤ ਅਧਿਆਪਕਾਂ ਦੀਆਂ ਭਖਦੀਆਂ ਮੰਗਾਂ ਬਾਰੇ ਜਿਹਨਾਂ ਵਿਅਕਤੀਆਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ, ਉਹਨਾਂ ਵਿੱਚ ਸੰਸਥਾ ਦੇ ਜਨਰਲ ਸਕੱਤਰ ਸ੍ਰੀ ਸੁਮੇਸ਼ ਵਰਮਾ, ਅਧਿਆਪਕ ਨੇਤਾ ਰਹੇ ਸ੍ਰੀ ਕ੍ਰਿਸਨ ਕੁਮਾਰ ਤੇਜਪਾਲ, ਸ੍ਰੀ ਸੁਰਿੰਦਰ ਕੁਮਾਰ ਸ਼ਾਸਤਰੀ, ਮੈਡਮ ਵਿਕਰਮਜੀਤ ਕੌਰ, ਸ੍ਰੀਮਤੀ ਹਰਬੰਸ ਕੌਰ -1, ਸ੍ਰੀਮਤੀ ਮਿਨਾਕਸ਼ੀ ਗੁਪਤਾ ਅਤੇ ਸ੍ਰੀਮਤੀ ਹਰਬੰਸ ਕੌਰ -2 ਦੇ ਨਾਂ ਸ਼ਾਮਲ ਹਨ।
ਬਾਅਦ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਸੰਸਥਾ ਦੀ ਮੀਟਿੰਗ ਹਰ ਮਹੀਨੇ ਦੀ 26 ਤਰੀਖ ਨੂੰ ਕੀਤੀ ਜਾਵੇਗੀ ਅਤੇ ਸਮੂਹ ਮੈਂਬਰਾਂ ਨੂੰ ਵੱਡੀ ਗਿਣਤੀ ਵਿੱਚ ਹਾਜ਼ਰ ਹੋਣ ਦੀ ਅਪੀਲ ਵੀ ਕੀਤੀ ਜਾਵੇਗੀ। ਇਹ ਵੀ ਫੈਸਲਾ ਕੀਤਾ ਗਿਆ ਕਿ ਬੜੀ ਜਲਦੀ ਸੰਸਥਾ ਦਾ ਇੱਕ ਵਫਦ ਚੰਡੀਗੜ੍ਹ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਲੰਬੇ ਸਮੇਂ ਤੋਂ ਲਟਕ ਰਹੀਆ ਮੰਗਾਂ ਦੇ ਹੱਲ ਲਈ ਜ਼ੋਰ ਪਾਵੇਗਾ।
ਫੋਟੋ ਕੈਪਸ਼ਨ – ਯੂ.ਟੀ. ਸੇਵਾ ਮੁਕਤ ਅਧਿਆਪਕਾਂ ਦੀ ਭਲਾਈ ਜਥੇਬੰਦੀ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਤਸਵੀਰ।

