www.sursaanjh.com > ਅੰਤਰਰਾਸ਼ਟਰੀ > ਸਿਹਤ ਵਿਭਾਗ ਨੇ ਟੀਕਾਕਰਨ ਸਬੰਧੀ ਕਰਵਾਏ ਅੰਤਰ-ਸਕੂਲ ਮੁਕਾਬਲੇ

ਸਿਹਤ ਵਿਭਾਗ ਨੇ ਟੀਕਾਕਰਨ ਸਬੰਧੀ ਕਰਵਾਏ ਅੰਤਰ-ਸਕੂਲ ਮੁਕਾਬਲੇ

ਚੰਡੀਗੜ੍ਹ 30 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਵਿਸ਼ਵ ਟੀਕਾਕਰਨ ਹਫ਼ਤੇ ਤਹਿਤ ਸਿਹਤ ਵਿਭਾਗ ਵਲੋਂ ਨੇੜਲੇ ਪਿੰਡ ਬਹਿਲੋਲਪੁਰ ਦੇ ਸ਼ਿਸੂ ਨਿਕੇਤਨ ਪਬਲਿਕ ਸਕੂਲ ਵਿਚ ਅੰਤਰ-ਸਕੂਲ ਪੋਸਟਰ ਬਣਾਉਣ ਤੇ ਸਵਾਲ-ਜਵਾਬ ਮੁਕਾਬਲੇ ਕਰਵਾਏ ਗਏ। ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਅਤੇ ਵਿਸ਼ਵ ਸਿਹਤ ਸੰਗਠਨ ਨਾਲ ਸਬੰਧਤ ਐਸ.ਐਮ.ਓ. ਡਾ. ਵਿਕਰਮ ਗੁਪਤਾ ਨੇ ਇਨ੍ਹਾਂ ਮੁਕਾਬਲਿਆਂ ਦੀ ਦੇਖ-ਰੇਖ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਟੀਕਾਕਰਨ ਹਫ਼ਤੇ ਦਾ ਮੁੱਖ ਉਦੇਸ਼ 0 ਤੋਂ 5 ਸਾਲ ਤਕ ਦੇ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਟੀਕਾਕਰਨ ਦੀ ਬਦੌਲਤ ਪੋਲਿਓ ਸਮੇਤ ਹੋਰ ਕਈ ਬੀਮਾਰੀਆਂ ਤੋਂ ਮੁਕਤੀ ਮਿਲੀ ਹੈ, ਇਸ ਲਈ ਟੀਕਾਕਰਨ ਸਰੀਰਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ।
ਇਨ੍ਹਾਂ ਮੁਕਾਬਲਿਆਂ ਦਾ ਵਿਸ਼ਾ ਟੀਕਾਕਰਨ ਸੀ। ਬੱਚਿਆਂ ਨੂੰ ਟੀਕਾਕਰਨ ਸਬੰਧੀ ਵੱਖ-ਵੱਖ ਸਵਾਲ ਪੁੱਛੇ ਗਏ ਸਨ ਅਤੇ ਇਸੇ ਵਿਸ਼ੇ ’ਤੇ ਪੋਸਟਰ ਬਣਵਾਏ ਗਏ ਸਨ। ਮੁਕਾਬਲਿਆਂ ਵਿਚ ਨੇੜਲੇ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਵੇਂ ਸਰਕਾਰੀ ਸਕੂਲ ਬਹਿਲੋਲਪੁਰ, ਜੀਐਮਐਸ ਮਨਾਣਾ, ਸਟੈਪਿੰਗ ਸਟੋਨਜ਼ ਸਕੂਲ, ਏਕੇਐਸਆਈਪੀ 123 ਅਤੇ ਸੇਂਟ ਸਟੀਫ਼ਨ ਸਕੂਲ ਤੋਗਾਂ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰਾਂ ਦੇ ਨਾਲ-ਨਾਲ ਯਾਦ ਚਿੰਨ੍ਹ ਦਿੱਤੇ ਗਏ। ਇਸ ਮੌਕੇ ਪ੍ਰਬੰਧਕ ਡਾ. ਕਿਰਨਦੀਪ ਕੌਰ, ਡਾ. ਸਿਮਨਜੀਤ ਢਿੱਲੋਂ, ਨੋਡਲ ਅਫ਼ਸਰ ਡਾ. ਅਕਸ਼ੇ ਤੇ ਸਕੂਲ ਦੇ ਪਿ੍ਰੰਸੀਪਲ ਕਮਾਂਡਰ ਰੂਪਕ ਚੱਢਾ ਤੇ ਮੁਖੀ ਅਭਿਲਾਸ਼ਾ ਤਿਵਾੜੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।

Leave a Reply

Your email address will not be published. Required fields are marked *