www.sursaanjh.com > ਸਿੱਖਿਆ > ਸ਼ਾਨਦਾਰ ਸੇਵਾਵਾਂ ਬਦਲੇ ਪੰਚਾਇਤ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਪ੍ਰਿੰਸੀਪਲ ਇਕਬਾਲ ਕੌਰ ਦਾ ਸਨਮਾਨ

ਸ਼ਾਨਦਾਰ ਸੇਵਾਵਾਂ ਬਦਲੇ ਪੰਚਾਇਤ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਪ੍ਰਿੰਸੀਪਲ ਇਕਬਾਲ ਕੌਰ ਦਾ ਸਨਮਾਨ

ਚੰਡੀਗੜ੍ਹ 1 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਮਾਜਰੀ ਦੇ ਪਿੰਡ ਖਿਜ਼ਰਾਬਾਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਇਕਬਾਲ ਕੌਰ ਨੂੰ ਸੇਵਾ ਮੁਕਤੀ ਮੌਕੇ ਪੰਚਾਇਤ, ਸਮਾਜ ਸੇਵੀ ਸੰਸਥਾਵਾਂ ਅਤੇ ਸਕੂਲ ਸਟਾਫ਼ ਵਲੋਂ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਹੋਏ ਸਮਾਗਮ ਦੌਰਾਨ ਬੁਲਾਰਿਆਂ ਨੇ ਇਕਬਾਲ ਕੌਰ ਵਲੋਂ ਸਕੂਲ ਮੁਖੀ ਵਜੋਂ ਲਗਾਤਾਰ ਸੱਤ ਸਾਲਾਂ ਦੀ ਸੇਵਾ ਦੌਰਾਨ ਸਕੂਲ ਦੀ ਨੁਹਾਰ ਬਦਲਣ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਇਸ ਸਬੰਧੀ ਸਮਾਗਮ ਪਿੰਡ ਦੇ ਸਾਂਝੇ ਭਵਨ ਪੈਲੇਸ ਵਿੱਚ ਕਰਵਾਇਆ ਗਿਆ। ਗ੍ਰਾਮ ਪੰਚਾਇਤ, ਰਾਜਪੂਤ ਸਭਾ ਵਲੋਂ ਸਮੂਹ ਪਿੰਡ ਵਾਸੀਆਂ ਅਤੇ ਸਕੂਲ ਸਟਾਫ਼ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਰਾਜਪੂਤ ਸਭਾ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਰਾਣਾ ਕੁਸ਼ਲਪਾਲ, ‘ਆਪ’ ਦੇ ਯੂਥ ਵਿੰਗ ਦੇ ਹਲਕਾ ਪ੍ਰਧਾਨ ਗੁਰਿੰਦਰ ਸਿੰਘ, ਸਤਨਾਮ ਸਿੰਘ, ਮੋਹਨਜੀਤ ਸਿੰਘ ਅਹੂਜਾ, ਸਰਪੰਚ ਰਾਣਾ ਨਿਰਪਾਲ ਸਿੰਘ, ਸਮਿਤੀ ਮੈਂਬਰ ਸੰਦੀਪ ਕੌਰ, ਸਾਬਕਾ ਸਰਪੰਚ ਹਰਦੀਪ ਸਿੰਘ, ਸਤਨਾਮ ਸਿੰਘ ਅਤੇ ਹੋਰਨਾਂ ਨੇ ਪ੍ਰਿੰਸੀਪਲ ਇਕਬਾਲ ਕੌਰ ਵਲੋਂ ਸਕੂਲ ਦੀ ਨੁਹਾਰ ਬਣਲਣ, ਸਿੱਖਿਆ ਦਾ ਮਿਆਰ ਚੁੱਕਣ, ਵਿਦਿਆਰਥੀਆਂ ਦੀ ਹਰ ਪੱਖ ਤੋਂ ਮਦਦ ਕਰਨ ਅਤੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਕੇ ਇਲਾਕੇ ਦੀ ਸੇਵਾ ਕਰਨ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਯਤਨਾਂ ਲਈ ਘਾੜ ਇਲਾਕਾ ਉਨ੍ਹਾਂ ਨੂੰ ਹਮੇਸ਼ਾਂ ਯਾਦ ਰੱਖੇਗਾ।
ਇਸੇ ਦੌਰਾਨ ਪ੍ਰਿੰਸੀਪਲ ਇਕਬਾਲ ਕੌਰ ਨੇ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਕੀਤੀ ਸੱਤ ਸਾਲਾਂ ਦੀ ਸੇਵਾ ਦੌਰਾਨ ਪਿੰਡ ਦੀ ਪੰਚਾਇਤ, ਸਮਾਜ ਸੇਵੀ ਸੰਸਥਾਵਾਂ ਅਤੇ ਪਤਵੰਤਿਆਂ ਤੋਂ ਇਲਾਵਾ ਸਟਾਫ਼ ਵਲੋਂ ਮਿਲੇ ਸਹਿਯੋਗ ਲਈ ਸਭਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਤੇ ਸਕੂਲ ਦੀ ਤਰੱਕੀ ਦੀ ਕਾਮਨਾ ਕਰਦਿਆਂ ਸਕੂਲ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਰਹਿਣ ਦਾ ਵਾਅਦਾ ਵੀ ਕੀਤਾ। ਅੰਤ ਵਿੱਚ ਪਿੰਡ ਦੀ ਪੰਚਾਇਤ ਵਲੋਂ ਰਾਣਾ ਨਿਰਪਾਲ ਸਿੰਘ, ਰਾਜਪੂਤ ਸਭਾ ਵਲੋਂ ਰਾਣਾ ਕੁਸ਼ਲਪਾਲ, ‘ਆਪ’ ਵਲੋਂ ਗੁਰਿੰਦਰ ਸਿੰਘ ਦੀ ਅਗਵਾਈ ਵਿੱਚ ਅਤੇ ਸਮੂਹ ਸਟਾਫ਼ ਵਲੋਂ ਮੋਹਨਜੀਤ ਸਿੰਘ ਦੀ ਅਗਵਾਈ ਵਿੱਚ ਪ੍ਰਿੰਸੀਪਲ ਇਕਬਾਲ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਲ ਸਕੂਲੀ ਵਿਦਿਆਰਥੀਆਂ ਨੇ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼, ਵਿਦਿਆਰਥੀ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *