www.sursaanjh.com > ਚੰਡੀਗੜ੍ਹ/ਹਰਿਆਣਾ > ਮਾਨ ਸਰਕਾਰ ਦੀ ਸੂਬੇ ਵਿੱਚ ਸਾਫ-ਸਫਾਈ ਮੁਹਿੰਮ ਜ਼ੋਰਾਂ

ਮਾਨ ਸਰਕਾਰ ਦੀ ਸੂਬੇ ਵਿੱਚ ਸਾਫ-ਸਫਾਈ ਮੁਹਿੰਮ ਜ਼ੋਰਾਂ

ਡਾ. ਰਵਜੋਤ ਸਿੰਘ ਵੱਲੋਂ ਅਚਨਚੇਤ ਚੈਕਿੰਗ ਜਾਰੀ; ਸਵੇਰੇ-ਸਵੇਰੇ ਹੁਸ਼ਿਆਰਪੁਰ ਸ਼ਹਿਰ ਦੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ

ਸਫ਼ਾਈ ‘ਚ ਲਾਪਰਵਾਹੀ ਵਿਰੁੱਧ ਦਿੱਤੀ ਸਖ਼ਤ ਚਿਤਾਵਨੀ, ਅਧਿਕਾਰੀਆਂ ਨੂੰ ਬਿਹਤਰ ਸੇਵਾਵਾਂ ਦੇਣ ਦੇ ਦਿੱਤੇ ਸਖ਼ਤ ਨਿਰਦੇਸ਼

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 15 ਮਈ:

ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਭਰ ‘ਚ ਸਫਾਈ ਪ੍ਰਬੰਧਾਂ ਦੀ ਚੈਕਿੰਗ ਜਾਰੀ ਰੱਖਦਿਆਂ ਅੱਜ ਸਵੇਰੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਸਮੇਤ ਹੁਸ਼ਿਆਰਪੁਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਅਚਨਚੇਤ ਨਿਰੀਖਣ ਕੀਤਾ। ਨਿਰੀਖਣ ਦੌਰਾਨ ਨਗਰ ਨਿਗਮ ਦੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਕਈ ਥਾਵਾਂ ‘ਤੇ ਸਫਾਈ ਵਿਚ ਲਾਪਰਵਾਹੀ ‘ਤੇ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਅਧਿਕਾਰੀਆਂ ਨੂੰ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ। ਇਸ ਦੌਰਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਮੇਅਰ ਸੁਰਿੰਦਰ ਕੁਮਾਰ, ਬੈਕਫਿੰਕੋ ਦੇ ਚੇਅਰਮੈਨ ਸੰਦੀਪ ਸੈਣੀ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਡਾ. ਅਮਨਦੀਪ ਕੌਰ ਵੀ ਉਨ੍ਹਾਂ ਨਾਲ ਮੌਜੂਦ ਸਨ।

ਸਥਾਨਕ ਸਰਕਾਰਾਂ ਮੰਤਰੀ ਨੇ ਸਿਵਲ ਹਸਪਤਾਲ ਦੇ ਨੇੜੇ ਸਥਿਤ ਇਕ ਪਲਾਟ ਤੋਂ ਨਿਰੀਖਣ ਸ਼ੁਰੂ ਕੀਤਾ, ਜਿਥੇ ਕੂੜੇ ਦੇ ਢੇਰ ਲੱਗੇ ਹੋਏ ਸਨ। ਡਾ. ਰਵਜੋਤ ਸਿੰਘ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਬੰਧਤ ਪਲਾਟ ਮਾਲਕਾਂ ਨੂੰ ਨੋਟਿਸ ਜਾਰੀ ਕਰਨ ਅਤੇ ਕੂੜਾ ਨਾ ਸੁੱਟਣ ਲਈ ਸਪੱਸ਼ਟ ਨਿਰਦੇਸ਼ ਦੇਣ। ਉਨ੍ਹਾਂ ਕਿਹਾ ਕਿ ਅਜਿਹੇ ਪਲਾਟ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਵਿਗਾੜ ਰਹੇ ਹਨ, ਜਿਸ ‘ਤੇ ਤੁਰੰਤ ਕਾਰਵਾਈ ਜ਼ਰੂਰੀ ਹੈ। ਉਨ੍ਹਾਂ ਸਿਵਲ ਹਸਪਤਾਲ ਤੋਂ ਪ੍ਰਭਾਤ ਚੌਕ ਤੱਕ ਸੜਕ ਦੇ ਕਿਨਾਰੇ ਨੂੰ ਨਿਯਮਿਤ ਤੌਰ ‘ਤੇ ਸਾਫ਼ ਕਰਨ ਅਤੇ ਉਸ ਖੇਤਰ ਨੂੰ ਹਰੇ- ਭਰੇ ਖੇਤਰ ਵਿਚ ਬਦਲਣ ਦੇ ਨਿਰਦੇਸ਼ ਵੀ ਦਿੱਤੇ। ਇਸ ਤੋਂ ਇਲਾਵਾ ਘੰਟਾ ਘਰ ਨੇੜੇ ਲੇਬਰ ਸ਼ੈੱਡ ਦੇ ਆਲੇ-ਦੁਆਲੇ ਸਾਫ਼-ਸਫ਼ਾਈ ਯਕੀਨੀ ਬਣਾਉਣ ਅਤੇ ਕਬਜ਼ੇ ਹਟਾਉਣ ‘ਤੇ ਵੀ ਜ਼ੋਰ ਦਿੱਤਾ ਗਿਆ। ਬੰਦ ਪਏ ਜਨਤਕ ਪਖਾਨਿਆਂ ਨੂੰ ਤੁਰੰਤ ਖੋਲ੍ਹਣ, ਉਨ੍ਹਾਂ ਦੀ ਸਫਾਈ ਅਤੇ ਨਿਯਮਿਤ ਤੌਰ ‘ਤੇ ਰੱਖ-ਰਖਾਅ ਕਰਨ ਦੇ ਨਿਰਦੇਸ਼ ਦਿੰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਜਨਤਕ ਸਹੂਲਤਾਂ ਪ੍ਰਦਾਨ ਕਰਨ ਵਿਚ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਨਿਰੀਖਣ ਦੇ ਅਗਲੇ ਪੜਾਅ ਵਿਚ ਡਾ. ਰਵਜੋਤ ਸਿੰਘ ਨੇ ਰੈੱਡ ਰੋਡ, ਸ਼ਿਮਲਾ ਪਹਾੜੀ ਚਕ, ਸਰਕਾਰੀ ਐਲੀਮੈਂਟਰੀ ਸਕੂਲ ਬਹਾਦਰਪੁਰ ਅਤੇ ਡੀ.ਏ.ਵੀ ਕਾਲਜ ਦੇ ਨੇੜੇ ਕੂੜੇ ਦੇ ਡੰਪ ਪੁਆਇੰਟਾਂ ਦਾ ਦੌਰਾ ਕੀਤਾ। ਉਨ੍ਹਾਂ ਇਨ੍ਹਾਂ ਸਾਰੀਆਂ ਥਾਵਾਂ ‘ਤੇ ਸਫ਼ਾਈ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਹੌਟ ਸਪਾਟ ਦੀ ਨਿਯਮਿਤ ਸਫ਼ਾਈ ਯਕੀਨੀ ਬਣਾਉਣ ਲਈ ਕਿਹਾ। ਡਾ. ਰਵਜੋਤ ਸਿੰਘ ਨੇ ਇਨਡੋਰ ਸਟੇਡੀਅਮ, ਵਰਧਮਾਨ ਅਫ਼ਸਰ ਕਲੋਨੀ ਅਤੇ ਗੁਰਦੁਆਰਾ ਸ੍ਰੀ ਜ਼ਾਹਰਾ ਜ਼ਹੂਰ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਦੇ ਕਿਨਾਰਿਆਂ ‘ਤੇ ਫੈਲੇ ਕੂੜੇ ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਨੂੰ ਸਾਫ਼, ਸੁੰਦਰ ਅਤੇ ਸੰਗਠਿਤ ਬਣਾਉਣਾ ਸੂਬਾ ਸਰਕਾਰ ਦੀ ਤਰਜੀਹ ਹੈ ਅਤੇ ਇਸ ਕੰਮ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਮੌਕੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਹਿਰ ਨੂੰ ਡੰਪ ਮੁਕਤ ਬਣਾਉਣ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਅਤੇ ਪ੍ਰਮੁੱਖ ਚੌਕਾਂ ਅਤੇ ਕੂੜੇ ਦੇ ਹੌਟ ਸਪੌਟਾਂ ਦੀ ਸਫਾਈ ਨੂੰ ਤੇਜ਼ ਕਰਨ ਲਈ ਵੀ ਕਿਹਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਮਾਰਕੀਟ ਕਮੇਟੀ ਹੁਸ਼ਿਆਰਪੁਰ ਦੇ ਚੇਅਰਮੈਨ ਜਸਪਾਲ ਸਿੰਘ ਚੇਚੀ, ਹੁਸ਼ਿਆਰਪੁਰ ਸਹਿਕਾਰੀ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ ਤੋਂ ਇਲਾਵਾ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *