ਭਾਸ਼ਾ ਵਿਭਾਗ ਪੰਜਾਬ ਨੇ ਪੰਜਾਬੀ ਗਾਇਕੀ ਤੇ ਗੀਤਕਾਰੀ ਦੀਆਂ ਭਾਸ਼ਾਈ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕਰਵਾਈ
ਪਟਿਆਲਾ (ਸੁਰ ਸਾਂਝ ਡਾਟ ਕਾਮ ਬਿਊਰੋ), 30 ਮਈ:
ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਮੁੱਖ ਦਫ਼ਤਰ ਦੇ ਸੈਮੀਨਾਰ ਹਾਲ ਵਿਖੇ ‘ਪੰਜਾਬੀ ਗਾਇਕੀ ਤੇ ਗੀਤਕਾਰੀ ਦੀਆਂ ਭਾਸ਼ਾਈ ਸਮੱਸਿਆਵਾਂ’ ਵਿਸ਼ੇ ’ਤੇ ਖੁੱਲ੍ਹੀ ਵਿਚਾਰ ਚਰਚਾ ਕਰਵਾਈ ਗਈ। ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਕਰਵਾਈ ਗਈ ਇਸ ਚਰਚਾ ਵਿੱਚ ਸ਼੍ਰੋਮਣੀ ਗਾਇਕ ਜਨਾਬ ਮੁਹੰਮਦ ਸਦੀਕ ਮੁੱਖ ਵਕਤਾ ਵਜੋਂ ਸ਼ਾਮਲ ਹੋਏ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋ. ਬਲਦੇਵ ਸਿੰਘ ਧਾਲੀਵਾਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਤੋਂ ਇਲਾਵਾ ਚਰਚਾ ਵਿੱਚ ਅੱਧੀ ਦਰਜਨ ਦੇ ਕਰੀਬ ਸਰੋਤਿਆਂ ’ਚ ਸ਼ਾਮਲ ਸਾਹਿਤਕ ਮੱਸ ਰੱਖਣ ਵਾਲੀਆਂ ਸਖਸ਼ੀਅਤਾਂ ਨੇ ਵੀ ਭਾਗ ਲਿਆ। ਸ. ਜਸਵੰਤ ਸਿੰਘ ਜ਼ਫ਼ਰ ਨੇ ਚਰਚਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਮੁਹੰਮਦ ਸਦੀਕ ਸਾਡੀ ਗਾਇਕੀ ਦਾ ਉਹ ਹਸਤਾਖਰ ਹਨ, ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਦੀ ਸੱਭਿਅਕ ਸ਼ਬਦਾਵਲੀ ਵਾਲੀ ਗਾਇਕੀ ਰਾਹੀਂ ਪੰਜਾਬ ਦੀਆਂ ਚਾਰ ਪੀੜ੍ਹੀਆਂ ਦਾ ਜੀਅ ਲਗਾਕੇ ਰੱਖਿਆ ਹੈ। ਹੁਣ ਅਜਿਹੀ ਗਾਇਕੀ ਦੀ ਕਮੀ ਕਾਰਨ ਹੀ ਸਾਡੀ ਮੌਜੂਦਾ ਪੀੜ੍ਹੀ ਦਾ ਪੰਜਾਬ ’ਚ ਜੀਅ ਨਹੀਂ ਲੱਗ ਰਿਹਾ ਅਤੇ ਉਹ ਪ੍ਰਵਾਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਖਿੱਤੇ ਦੀ ਵਧੀਆ ਤਰਜ਼ਮਾਨੀ ਕਰਨ ਵਾਲੀ ਸ਼ਾਇਰੀ ਤੇ ਗਾਇਕੀ ਵਧੀਆ ਸਮਾਜ ਦੀ ਸਿਰਜਣਾ ਕਰਨ ’ਚ ਵੱਡੀ ਭੂਮਿਕਾ ਨਿਭਾਉਂਦੀ ਹੈ।
ਜਨਾਬ ਮੁਹੰਮਦ ਸਦੀਕ ਨੇ ਕਿਹਾ ਕਿ ਗਾਇਕੀ ਦੇ ਖੇਤਰ ’ਚ ਲੰਬਾ ਸਮਾਂ ਸਥਾਪਤ ਹੋਣ ਲਈ ਆਪਣੇ ਖਿੱਤੇ ਦੇ ਸੱਭਿਆਚਾਰ, ਭਾਸ਼ਾ ਤੇ ਸਮੇਂ-ਸਮੇਂ ਆਉਣ ਵਾਲੀਆਂ ਤਬਦੀਲੀਆਂ ਬਾਰੇ ਜਾਣੂ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਜਨਜੀਵਨ ਦੇ ਵੱਖ-ਵੱਖ ਪੱਖਾਂ ਰਿਸ਼ਤੇ-ਨਾਤੇ, ਦੁੱਖਾਂ-ਸੁੱਖਾਂ ਤੇ ਹੋਰਨਾਂ ਰੰਗਾਂ ਨੂੰ ਸੱਭਿਅਕ ਸ਼ਾਇਰੀ ਤੇ ਸੰਗੀਤ ਰਾਹੀਂ ਪੇਸ਼ ਕਰਕੇ ਹੀ ਲੋਕ ਗਾਇਕ ਅਖਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਸਮੇਂ-ਸਮੇਂ ਸਿਰ ਇਸ ਤਰ੍ਹਾਂ ਦੀ ਸਿੱਖਿਆ ਦੇਣ ਵਾਲੀਆਂ ਸਖਸ਼ੀਅਤਾਂ ਨਾਲ ਹੋਏ ਮੇਲ ਮਿਲਾਪ ਅਤੇ ਭਾਸ਼ਾਈ ਪਕੜ ਤੇ ਸ਼ੁੱਧਤਾ ਲਈ ਚੰਗੀਆਂ ਕਿਤਾਬਾਂ ਪੜ੍ਹਨ ਨੇ ਉਨ੍ਹਾਂ ਦੀ ਗਾਇਕੀ ਦੇ ਸਫ਼ਰ ਨੂੰ ਸਫ਼ਲ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ। ਜਨਾਬ ਸਦੀਕ ਨੇ ਕਿਹਾ ਕਿ ਉਨ੍ਹਾਂ ਨੂੰ ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਆਦਿ ਦੀਆਂ ਲਿਖਤਾਂ ਪੜ੍ਹਕੇ ਪੰਜਾਬੀ ਜਨਜੀਵਨ ਦੀ ਚੰਗੇਰੀ ਸਮਝ ਪ੍ਰਾਪਤ ਹੋਈ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ’ਚ ਜ਼ਿਆਦਾਤਰ ਗਾਇਕੀ ਦੇਖਣ ਵਾਲੀ ਕਲਾ ਬਣਕੇ ਰਹਿ ਗਈ ਹੈ ਅਤੇ ਬਹੁਤ ਥੋੜ੍ਹੇ ਗਾਇਕ ਹਨ ਜੋ ਅੱਜ ਵੀ ਗੀਤਕਾਰੀ ਤੇ ਗਾਇਕੀ ਪੱਖੋਂ ਨੈਤਿਕ ਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਪ੍ਰਣਾਏ ਹੋਏ ਹਨ। ਜਨਾਬ ਸਦੀਕ ਨੇ ਕਿਹਾ ਕਿ ਗਾਇਕੀ ਦੇ ਹਰ ਦੌਰ ’ਚ ਸਰੋਤਿਆਂ ਦੀ ਭੂਮਿਕਾ ਬਹੁਤ ਅਹਿਮ ਰਹੀ ਹੈ। ਇਸ ਕਰਕੇ ਸਰੋਤਿਆਂ ਦਾ ਫਰਜ਼ ਬਣਦਾ ਹੈ ਕਿ ਉਹ ਸੱਭਿਅਕ ਗਾਇਕੀ ਨੂੰ ਪ੍ਰਣਾਏ ਗਾਇਕਾਂ ਨੂੰ ਭਰਵਾਂ ਹੁੰਗਾਰਾ ਦੇਣ। ਉਨ੍ਹਾਂ ਕਿਹਾ ਕਿ ਉਚੇਰੀ ਸਿੱਖਿਆ ਦੀ ਆਪਣੇ ਵਿੱਚ ਕਮੀ ਮਹਿਸੂਸ ਕਰਦੇ ਹੋਏ ਆਪਣੀਆਂ ਛੇ ਧੀਆਂ ਨੂੰ ਤਾਲੀਮ ਦੇਣ ਦੀ ਪੂਰੀ ਵਾਹ ਲਗਾਈ ਅਤੇ ਕਾਮਯਾਬ ਵੀ ਹੋਇਆ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਦਿੱਤੇ ਗਏ ਸਤਿਕਾਰ ਲਈ ਧੰਨਵਾਦ ਵੀ ਕੀਤਾ।
ਡਾ. ਬਲਦੇਵ ਸਿੰਘ ਧਾਲੀਵਾਲ ਨੇ ਆਪਣੇ ਪ੍ਰਧਾਨਗੀ ਭਾਸ਼ਨ ’ਚ ਕਿਹਾ ਕਿ ਨਵੀਂ ਪੀੜ੍ਹੀ ਅਕਸਰ ਹੀ ਆਪਣੇ ਇਲਾਕੇ ’ਚ ਹੋਣ ਵਾਲੇ ਖੇਡ, ਗਾਇਕੀ ਤੇ ਹੋਰਨਾਂ ਸਮਾਗਮਾਂ ਤੋਂ ਪ੍ਰੇਰਿਤ ਹੋ ਕੇ ਹੀ ਕਿਸੇ ਨਾ ਕਿਸੇ ਖੇਤਰ ’ਚ ਅੱਗੇ ਵਧਣ ਲਈ ਯਤਨ ਕਰਦੇ ਹਨ। ਇਸ ਕਰਕੇ ਸਾਡੇ ਖਿਡਾਰੀ, ਗਾਇਕ ਤੇ ਹੋਰਨਾਂ ਖੇਤਰਾਂ ਦੀਆਂ ਸਖਸ਼ੀਅਤਾਂ ਜਿਸ ਤਰ੍ਹਾਂ ਦੀਆਂ ਵੀ ਪੇਸ਼ਕਾਰੀਆਂ ਕਰਦੀਆਂ ਹਨ, ਉਸੇ ਤਰ੍ਹਾਂ ਦਾ ਅਸਰ ਸਬੰਧਤ ਖਿੱਤੇ ਦੀ ਨੌਜਵਾਨ ਪੀੜ੍ਹੀ ’ਤੇ ਪੈਂਦਾ ਹੈ। ਇਸ ਕਰਕੇ ਸਾਡੇ ਨਾਇਕਾਂ ਦਾ ਕਿਰਦਾਰ ਉੱਚਪਾਏ ਦਾ ਹੋਣਾ ਚਾਹੀਦਾ ਹੈ। ਵਿਚਾਰ ਚਰਚਾ ’ਚ ਪ੍ਰਿੰ. ਤੋਤਾ ਸਿੰਘ ਚਹਿਲ, ਸ਼ਾਇਰ ਅਵਤਾਰਜੀਤ, ਗੁਰਪ੍ਰੀਤ ਢਿੱਲੋਂ, ਸੁਰਿੰਦਰ ਕੌਰ ਬਾੜਾ ਤੇ ਹੋਰਨਾਂ ਨੇ ਹਿੱਸਾ ਲਿਆ। ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਹਰਪ੍ਰੀਤ ਕੌਰ ਨੇ ਬੂਟਾ ਭੇਟ ਕਰਕੇ ਜਨਾਬ ਮੁਹੰਮਦ ਸਦੀਕ ਦਾ ਸਵਾਗਤ ਕੀਤਾ ਅਤੇ ਸਮਾਗਮ ਦੇ ਅਖੀਰ ਵਿੱਚ ਵਿਭਾਗ ਵੱਲੋਂ ਸ਼ਾਲ ਤੇ ਪੁਸਤਕਾਂ ਦਾ ਸੈੱਟ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਵਿਚਾਰ ਚਰਚਾ ਦਾ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ ਅਤੇ ਮੰਚ ਸੰਚਾਲਨ ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਕੀਤਾ। ਇਸ ਮੌਕੇ ’ਤੇ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਭਜਨ ਕੌਰ ਤੇ ਸਤਨਾਮ ਸਿੰਘ, ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ, ਸੁਖਪ੍ਰੀਤ ਕੌਰ, ਆਲੋਕ ਚਾਵਲਾ, ਸੁਰਿੰਦਰ ਕੌਰ, ਜਸਪ੍ਰੀਤ ਕੌਰ, ਪ੍ਰਿੰ. ਹਰਦੀਪ ਕੁਮਾਰ ਟੌਹੜਾ, ਪ੍ਰਿੰ. ਮਨਮੋਹਨ ਸਿੰਘ ਤੇ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।