www.sursaanjh.com > ਅੰਤਰਰਾਸ਼ਟਰੀ > ਪੰਜਾਬ ਯੂਨੀਵਰਸਿਟੀ ਦੇ ਨਾਂ ਵਿਚ ਤਬਦੀਲੀ ਬਰਦਾਸ਼ਤ ਨਹੀਂ – ਬਹਾਦਰ ਸਿੰਘ ਗੋਸਲ

ਪੰਜਾਬ ਯੂਨੀਵਰਸਿਟੀ ਦੇ ਨਾਂ ਵਿਚ ਤਬਦੀਲੀ ਬਰਦਾਸ਼ਤ ਨਹੀਂ – ਬਹਾਦਰ ਸਿੰਘ ਗੋਸਲ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਮਈ:

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕਰਕੇ ਪੰਜਾਬ ਯੂਨੀਵਰਸਿਟੀ ਦਾ ਨਾਂ ਬਦਲਣ ਦੀ ਮੰਗ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ ਹੈ ਅਤੇ ਇਸ ਨੂੰ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਵਿਰੁੱਧ ਸਾਜਿਸ਼ ਭਰਪੂਰ ਚਾਲ ਦੱਸਿਆ ਗਿਆ ਹੈ। ਮੀਟਿੰਗ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਕੀਤੀ ਗਈ। ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ ਅਤੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਸਾਂਝੇ ਪੰਜਾਬ ਦੀ ਵਿਰਾਸਤ ਹੈ ਅਤੇ ਪੰਜਾਬ ਯੂਨੀਵਰਸਿਟੀ ਦਾ ਨਾਂ ਪੂਰੇ ਸੰਸਾਰ ਵਿੱਚ ਵੱਖਰੀ ਅਤੇ ਮਹੱਤਵਪੂਰਣ ਸਥਾਨ ਬਣਾ ਚੁੱਕਿਆ ਹੈ। ਇਸ ਦੇ ਨਾਂ ਵਿੱਚ ਇੱਕ ਅੱਖਰ ਦੀ ਵੀ ਤਬਦੀਲੀ ਸਮੂਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਮੁੱਖ ਧਾਰਾ ਨੂੰ ਠੇਸ ਪਹੁੰਚਾਵੇਗੀ। ਲੱਖਾਂ ਵਿਦਿਆਰਥੀ ਇਸ ਯੂਨੀਵਰਸਿਟੀ ਦੇ ਮਾਣ-ਮੱਤੇ ਨਾਂ ਹੇਠ ਉੱਚ ਡਿਗਰੀਆਂ ਪ੍ਰਾਪਤ ਕਰਕੇ ਦੇਸ਼ ਦੇ ਉੱਚ ਅਹੁਦਿਆਂ ‘ਤੇ ਬਰਕਰਾਰ ਰਹੇ ਹਨ ਅਤੇ ਇਸ ਦੇ ਨਾਂ ‘ਤੇ ਸਾਰੀ ਉਮਰ ਮਾਣ ਕਰਦੇ ਰਹੇ ਹਨ। ਉਹਨਾਂ ਨੇ ਨਾਂ ਬਦਲਣ ਦੀ ਤਜਵੀਜ਼ ਨੂੰ ਇੱਕ ਸ਼ਰਾਰਤ ਭਰੀ ਚਾਲ ਦੱਸਿਆ, ਜਿਸ ਨੂੰ ਸ਼ੁਰੂ ਵਿੱਚ ਹੀ ਠੱਪਣਾ ਚਾਹੀਦਾ ਹੈ

ਉਹਨਾਂ ਮੰਗ ਕੀਤੀ ਕਿ ਸੁੱਖ ਵਸਦੇ ਸਿੱਖਿਆ ਖੇਤਰ ਵਿੱਚ ਕੋਈ ਤਬਦੀਲੀ ਲੋਕਾਂ ਵਿੱਚ ਗਲਤ ਧਾਰਨਾ ਨੂੰ ਜਨਮ ਦੇਵੇਗੀ ਅਤੇ ਬੇਲੋੜੀ ਮੰਗ ਸਾਹਮਣੇ ਆਵੇਗੀ। ਵਿਦਿਆਰਥੀਆਂ ਦੇ ਮਨਾਂ ਵਿੱਚ ਅਣਚਾਹੇ-ਸ਼ੰਕੇ ਪੈਦਾ ਹੋਣਗੇ ਅਤੇ ਪੰਜਾਬ ਯੂਨੀਵਰਸਿਟੀ ਦੇ ਸਿੱਖਿਆ ਪੱਧਰ ਨੂੰ ਵੱਡੀ ਠੇਸ ਲੱਗੇਗੀ। ਮੀਟਿੰਗ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ ਤੋਂ ਇਲਾਵਾ, ਸੀਨੀਅਰ ਉਪ ਪ੍ਰਧਾਨ ਜਗਤਾਰ ਸਿੰਘ ਜੋਗ, ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ, ਵਿੱਤ ਸਕੱਤਰ ਰਾਜੇਸ਼ ਕੁਮਾਰ, ਸਲਾਹਕਾਰ ਬਲਵਿੰਦਰ ਸਿੰਘ, ਕ੍ਰਿਪਾਲ ਸਿੰਘ, ਪਰਮਜੀਤ ਸਿੰਘ ਸੈਣੀ, ਅਮਨਦੀਪ ਸਿੰਘ ਸੈਣੀ  ਅਤੇ ਹਰਵਿੰਦਰ ਕੌਰ ਵੀ ਹਾਜ਼ਰ ਸਨ। ਉਹਨਾਂ ਸਾਰਿਆਂ ਨੇ ਸਰਬ-ਸੰਮਤੀ ਨਾਲ ਫੈਸਲਾ ਕੀਤਾ ਕਿ ਪੰਜਾਬ ਯੂਨੀਵਰਸਿਟੀ ਦੇ ਨਾਂ ਨਾਲ ਕੀਤੀ ਛੇੜਛਾੜ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ ਤੇ ਪੰਜਾਬੀ ਅਤੇ ਪੰਜਾਬੀਅਤ ਨੂੰ ਕਿਸੇ ਤਰ੍ਹਾਂ ਦੀ ਠੇਸ ਮਨਜ਼ੂਰ ਨਹੀਂ ਕੀਤੀ ਜਾਵੇਗੀ

ਫੋਟੋ ਕੈਪਸ਼ਨ: ਮੀਟਿੰਗ ਉਪਰੰਤ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਅਹੁਦੇਦਾਰ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਸਮੇਤ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ।

Leave a Reply

Your email address will not be published. Required fields are marked *