ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 30 ਮਈ:
ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿੱਚ ਲਹਿੰਦੇ ਪੰਜਾਬ ਤੋਂ ਪਹੁੰਚੇ ਪੰਜਾਬੀ ਲੇਖਕ ਜਨਾਬ ਅਸ਼ਰਫ਼ ਸੁਹੇਲ ਦਾ ਪੰਜਾਬੀ ਸੱਥ ਪਰਥ ਵੱਲੋਂ ਮਾਨ-ਸਨਮਾਨ ਕੀਤਾ ਗਿਆ। ਅਸ਼ਰਫ ਸੁਹੇਲ ਪਿਛਲੇ ਤੀਹ ਸਾਲਾਂ ਤੋਂ ਪੰਜਾਬੀ ਦਾ ਬਾਲ ਰਸਾਲਾ “ਪੁਖੇਰੂ” ਛਾਪ ਰਹੇ ਹਨ ਜੋ ਕਿ ਪਾਕਿਸਤਾਨ ਵਿੱਚ ਛਪਣ ਵਾਲ਼ਾ ਪੰਜਾਬੀ ਦਾ ਇੱਕੋ ਇੱਕ ਬਾਲ ਰਸਾਲਾ ਹੈ। ਜ਼ਿਕਰਯੋਗ ਹੈ ਕਿ ਅਸ਼ਰਫ ਸੁਹੇਲ ਆਪਣੇ ਨਿੱਜੀ ਖਰਚੇ ਤੇ ਪੰਜਾਬੀ ਬਾਲ ਸਾਹਿਤ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਨਿਭਾਅ ਰਹੇ ਹਨ। ਸ਼ਾਹਮੁਖੀ ਲਿਪੀ ਵਿੱਚ ਛਪਣ ਵਾਲ਼ੇ ਇਸ ਰਸਾਲੇ ਵਿੱਚ ਬੱਚਿਆਂ ਲਈ ਪੰਜਾਬੀ ਦੀਆਂ ਬਾਲ ਕਹਾਣੀਆਂ, ਬਾਲ ਗੀਤ ਅਤੇ ਨਾਵਲ ਆਦਿ ਛਾਪੇ ਜਾਂਦੇ ਹਨ। ਚੜ੍ਹਦੇ ਪੰਜਾਬ ਦੇ ਨਾਮਵਰ ਲੇਖਕ ਹਰਦੇਵ ਚੌਹਾਨ, ਡਾ. ਦਰਸ਼ਨ ਆਸ਼ਟ, ਜਸਬੀਰ ਭੁੱਲਰ, ਕੁਲਬੀਰ ਸਿੰਘ ਸੂਰੀ, ਡਾ. ਹਰਜੀਤ ਸਿੰਘ, ਤਰਸੇਮ, ਗੁਰਮੀਤ ਕੜਿਆਲਵੀ ਅਤੇ ਡਾ. ਸੁਰੇਸ਼ ਰਤਨ ਦੀਆਂ ਰਚਨਾਵਾਂ ਵੀ ਪ੍ਰਕਾਸ਼ਿਤ ਕੀਤੀਆਂ ਜਾ ਚੁਕੀਆਂ ਹਨ। ਅਸ਼ਰਫ਼ ਸੁਹੇਲ ਨੇ ਤਿੰਨ ਨਾਵਲ “ਡੱਡੀ ਦੀ ਆਖਰੀ ਛਾਲ”“ਜੋ-ਜੋ” ਅਤੇ ਤੀਸਰਾ ਨਾਵਲ “ਦੁਆ” ਲਿਖੇ ਹਨ। ਤਿੰਨ ਕਹਾਣੀਆਂ ਦੀਆਂ ਕਿਤਾਬਾਂ, ਜਿਨ੍ਹਾਂ ਦੇ ਨਾਮ ਹਨ “ਜ਼ੁਬਾਨ ਦਾ ਕਤਲ”,  “ਜਾਗਦੇ ਰਹਿਣਾ” ਅਤੇ “ਸਾਡੀ ਮਾਣ੍ਹੋ ਬਿੱਲੀ।” ਇਸ ਤੋਂ ਇਲਾਵਾ ਸ਼ਾਇਰੀ ਦੀਆਂ ਕਿਤਾਬਾਂ “ਪੰਖ ਪੁਖੇਰੂ” ਅਤੇ “ਮੋਰਾਂ ਵਾਲ਼ਾ ਜੰਗਲ” ਜੋ ਕਿ ਇੰਡੀਆ ਵਿੱਚ ਗੁਰਮੁਖੀ ਵਿੱਚ ਵੀ ਛਪੀਆਂ ਹਨ। ਉਮਰ ਦੇ ਛੇਵੇਂ ਦਹਾਕੇ ਨੂੰ ਮਾਣ ਰਹੇ ਅਸ਼ਰਫ਼ ਸੁਹੇਲ ਆਪਣੀ ਸਿਹਤ ਦੀਆਂ ਤਕਲੀਫ਼ਾਂ ਨਾਲ ਜੂਝਦੇ ਹੋਏ ਵੀ ਪੰਜਾਬੀ ਬਾਲ ਸਾਹਿਤ ਦੇ ਪ੍ਰਚਾਰ ਅਤੇ ਪਸਾਰ ਲਈ ਡਟੇ ਹੋਏ ਹਨ।
ਪੰਜਾਬੀ ਸੱਥ ਪਰਥ ਵੱਲੋਂ ਅਸ਼ਰਫ਼ ਸੁਹੇਲ ਨੂੰ ਓਨ੍ਹਾਂ ਵੱਲੋਂ ਪੰਜਾਬੀ ਬਾਲ ਸਾਹਿਤ ਵਿੱਚ ਪਾਏ ਯੋਗਦਾਨ ਲਈ “ਪੰਜਾਬੀ ਬਾਲ ਅਦਬੀ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸੱਥ ਦੀ ਸਰਪ੍ਰਸਤ ਬੀਬੀ ਸੁਖਵੰਤ ਕੌਰ ਪਨੂੰ ਨੇ 1947  ਦੀ ਵੰਡ ‘ਤੇ ਅਧਾਰਤ ਕਹਾਣੀਆਂ ਦੀ ਕਿਤਾਬ “ਮਧੋਲੀਆਂ ਕਲ਼ੀਆਂ” ਵੀ ਅਸ਼ਰਫ਼ ਸੁਹੇਲ ਨੂੰ ਭੇਂਟ ਕੀਤੀ ਗਈ। ਇਸ ਉਪਰੰਤ ਉਨ੍ਹਾਂ ਵੱਲੋਂ ਬਾਲ ਰਸਾਲੇ “ਪੁਖੇਰੂ” ਦੀਆਂ ਕੁਝ ਕਾਪੀਆ ਵੀ ਸਰੋਤਿਆਂ ਵਿੱਚ ਵੰਡੀਆਂ ਗਈਆਂ।
ਸਮਾਗਮ ਦੌਰਾਨ ਹਾਜ਼ਰੀ ਭਰਦਿਆਂ ਪਰਥ ਦੇ ਨੌਜਵਾਨ ਪੰਜਾਬੀ ਲੇਖਕ ਅਰਸ਼ਦ ਖਾਨ ਨੇ ਆਪਣੇ ਵਿਚਾਰ ਅਤੇ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਨੌਜਵਾਨ ਗਾਇਕ ਕਾਕਾ ਬੈਨੀਪਾਲ ਵੱਲੋਂ ਇੱਕ ਪਰਿਵਾਰਕ ਗੀਤ ਨਾਲ ਹਾਜ਼ਰੀ ਲਵਾਈ ਗਈ। ਪੰਜਾਬੀ ਲੇਖਕ ਅਵਤਾਰ ਸਿੰਘ ਨੇ ਪੰਜਾਬੀ ਵਿਰਾਸਤ ਦੀਆਂ ਝਲਕਾਂ ਨੂੰ ਜਜ਼ਬੇ ਭਰੇ ਲਫ਼ਜ਼ਾਂ ਨਾਲ ਬਿਆਨ ਕੀਤਾ। ਸ. ਦੀਦਾਰ ਸਿੰਘ ਚੀਮਾ ਨੇ ਇਸ ਸਾਹਿਤਕ ਸਮਾਗਮ ਲਈ ਆਪਣੇ ਕੀਮਤੀ ਵਿਚਾਰ ਪ੍ਰਗਟ ਕੀਤੇ। ਇਸ ਉਪਰੰਤ ਅਸ਼ਰਫ਼ ਸੁਹੇਲ ਨੇ ਸਰੋਤਿਆਂ ਨਾਲ ਸ਼ਾਂਝ ਪਾਉਂਦਿਆ “ਪੁਖੇਰੂ” ਦੇ ਸਫ਼ਰ ਅਤੇ ਸੰਘਰਸ਼ ਬਾਰੇ ਵਿਚਾਰ ਸਾਂਝੇ ਕੀਤੇ। ਡਾ. ਹਰਮੋਹਿੰਦਰਜੀਤ ਸਿੰਘ ਨੇ ਅਸ਼ਰਫ਼ ਸੁਹੇਲ ਦਾ ਸਰੋਤਿਆਂ ਦੇ ਰੂਬਰੂ ਹੋਣ ਤੇ ਧੰਨਵਾਦ ਕੀਤਾ। ਇਸ ਮੌਕੇ ਸੱਥ ਦੇ ਸੰਚਾਲਕ ਹਰਲਾਲ ਸਿੰਘ ਵੱਲੋਂ ਲਹਿੰਦੇ ਪੰਜਾਬ ਦੇ ਨਾਮਵਰ ਸ਼ਾਇਰ ਤਜੱਮਲ ਕਲੀਮ ਦੇ ਦੇਹਾਂਤ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਗਿਆ। ਅਖੀਰ ਵਿੱਚ ਆਏ ਹੋਏ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੱਥ ਦੇ ਮੈਂਬਰ ਗੁਰਦੀਪ ਸਿੰਘ ਅਤੇ ਦਿਲਬਾਗ ਸਿੰਘ ਵੀ ਹਾਜ਼ਰ ਰਹੇ।