www.sursaanjh.com > ਚੰਡੀਗੜ੍ਹ/ਹਰਿਆਣਾ > ਸਰਕਾਰੀ ਹਾਈ ਸਕੂਲ ਬੂਥਗੜ੍ਹ ਵਿਖੇ ਸਫ਼ਲ ਰਹੀ ਮਾਪੇ ਅਧਿਆਪਕ ਮਿਲਣੀ

ਸਰਕਾਰੀ ਹਾਈ ਸਕੂਲ ਬੂਥਗੜ੍ਹ ਵਿਖੇ ਸਫ਼ਲ ਰਹੀ ਮਾਪੇ ਅਧਿਆਪਕ ਮਿਲਣੀ

ਚੰਡੀਗੜ੍ਹ  1 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ (ਸੈਕਡਰੀ ਸਿੱਖਿਆ) ਡਾਕਟਰ ਸ਼੍ਰੀਮਤੀ ਗਿੰਨੀ ਦੁਗਲ ਦੀ ਅਗਵਾਈ ਹੇਠ ਸਰਕਾਰੀ ਸਕੂਲ ਬੂਥਗੜ੍ਹ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਅੰਗਰੇਜ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਸ. ਅੰਗਰੇਜ ਸਿੰਘ ਨੇ ਮਾਪੇ ਅਧਿਆਪਕ ਮਿਲਣੀ ਵਿੱਚ ਪੁੱਜ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਹਨਾਂ ਮਾਪਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਵਿਦਿਆਰਥੀਆਂ ਨਾਲ ਵੀ ਸਮਾਂ ਬਿਤਾਇਆ। ਉੱਪ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਮਾਪੇ ਅਧਿਆਪਕ ਮਿਲਣੀ ਦੇ ਪ੍ਰਬੰਧਾਂ ਦੀ ਅਤੇ ਹੈੱਡ ਮਿਸਟਰਸ ਰਵਿੰਦਰ ਕੌਰ ਦੇ ਕੰਮ ਦੀ ਵੀ ਸ਼ਲਾਘਾ ਕੀਤੀ। ਸਕੂਲ ਮੁਖੀ ਰਵਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਦਾ ਸਹਿਯੋਗ ਸਦਾ ਸਕੂਲ ਨੂੰ ਮਿਲਦਾ ਰਿਹਾ ਹੈ। ਉਹਨਾਂ ਕਿਹਾ ਕਿ ਉੱਪ ਜ਼ਿਲ੍ਹਾ ਸਿੱਖਿਆ ਅਫਸਰ  ਦੀ ਆਮਦ ਅਤੇ ਸ਼ਾਬਾਸ਼ੀ ਉਹਨਾਂ ਨੂੰ ਹੋਰ ਕੰਮ ਕਰਨ ਲਈ ਪ੍ਰੇਰਿਤ ਕਰੇਗੀ। ਇਸ ਮੌਕੇ ਮਾਪਿਆਂ ਨੇ ਸਕੂਲ ਮੁਖੀ ਨਾਲ ਵਿਦਿਆਰਥੀਆਂ ਦੀ ਪੜ੍ਹਾਈ, ਛੁੱਟੀਆਂ ਦੇ ਕੰਮ ਅਤੇ ਹੋਰ ਵਿਸ਼ਿਆਂ ਤੇ ਖੁੱਲ੍ਹ ਕੇ ਚਰਚਾ ਕੀਤੀ। ਬੂਥਗੜ੍ਹ ਦੇ ਪੰਚ ਕ੍ਰਿਸ਼ਨ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਮਾਪੇ ਅਧਿਆਪਕ ਮਿਲਣੀ ਵਿੱਚ ਹਾਜ਼ਰੀ ਲਗਵਾਈ ਗਈ। ਉਹਨਾਂ ਕਿਹਾ ਕਿ ਉਹ ਸਕੂਲ ਮੁਖੀ ਦੇ ਨਾਲ ਮਿਲ ਕੇ ਸਕੂਲ ਦੀ ਤਰੱਕੀ ਲਈ ਕੰਮ ਕਰਨ ਲਈ ਵਚਨਬੱਧ ਹਨ। ਬਲਾਕ ਪ੍ਰਧਾਨ ਅਮਨਦੀਪ ਸਿੰਘ ਵੱਲੋਂ ਸਕੂਲ ਮੁਖੀ ਨਾਲ ਭਵਿੱਖ ਵਿੱਚ ਸਕੂਲ ਵਿੱਚ ਹੋਣ ਵਾਲੇ ਕੰਮਾਂ ਬਾਰੇ ਚਰਚਾ ਕੀਤੀ ਗਈ।
ਇਸ ਮੌਕੇ ਸ਼੍ਰੀਮਤੀ ਸੰਜੀਲਾ ਅਗਰਵਾਲ ਵੱਲੋਂ ਮਾਪਿਆਂ ਨੂੰ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਵਿਸ਼ੇਸ਼ ਤੌਰ ਤੇ ਜਾਣੂ ਕਰਵਾਇਆ ਗਿਆ। ਸ਼੍ਰੀਮਤੀ ਸਤਿੰਦਰ ਕੌਰ ਵੱਲੋਂ ਵਿਦਿਆਰਥੀਆਂ ਨਾਲ ਮਿਲ ਕੇ ਪੌਦੇ ਲਗਾਏ ਗਏ। ਸ੍ਰੀਮਤੀ ਤਜਿੰਦਰ ਕੌਰ ਵੱਲੋਂ ਕਰਵਾਈਆਂ ਗਈਆਂ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਖਿੱਚ ਦਾ ਕੇਂਦਰ ਰਹੀਆਂ। ਰਕੇਸ਼ ਬਾਲਾ ਵੱਲੋਂ ‘ਪਲਾਸਟਿਕ ਨੂੰ ਨਾਂਹ’ ਵਿਸ਼ੇ ਤੇ ਲਗਾਏ ਗਏ ਪੋਸਟਰਾਂ ਨੇ ਖੂਬ ਵਾਹ ਵਾਹ ਖੱਟੀ। ਇਸ ਮੌਕੇ ਮਾਪਿਆਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਸ਼੍ਰੀਮਤੀ ਜੋਤੀ ਰਾਣੀ ਵੱਲੋਂ ਕਿਚਨ ਗਾਰਡਨ ਬਣਾਇਆ ਗਿਆ। ਸਰੀਰਕ ਸਿੱਖਿਆ ਅਧਿਆਪਕ ਸਰਦਾਰ ਕੁਲਵੰਤ ਸਿੰਘ ਅਤੇ ਜੂਨੀਅਰ ਸਹਾਇਕ ਸਰਦਾਰ ਹਰਿੰਦਰਜੀਤ ਸਿੰਘ ਵੱਲੋਂ ਨਸ਼ਿਆਂ ਵਿਰੁੱਧ ਰੈਲੀ ਪਿੰਡ ਵਿੱਚ ਕੱਢੀ ਗਈ ਅਤੇ ਤੰਬਾਕੂ ਨੂੰ ਕਹੋ ਨਾਂਹ ਵਿਸ਼ੇ ਤੇ ਪਿੰਡ ਵਾਸੀਆਂ ਨਾਲ ਚਰਚਾ ਕੀਤੀ ਗਈ।ਸਰਦਾਰ ਸੋਹਨ ਸਿੰਘ ਅਤੇ ਦੇਵ ਕੌਰ ਵੱਲੋਂ ਸਭ ਨੂੰ ਛਬੀਲ ਵਰਤਾਈ ਗਈ। ਪਿੰਡ ਵਾਸੀਆਂ ਨੇ ਇਸ ਮਾਪੇ ਅਧਿਆਪਕ ਮਿਲਣੀ ਨੂੰ ਸਫਲ ਮਿਲਣੀ ਦੱਸਿਆ।

Leave a Reply

Your email address will not be published. Required fields are marked *