ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਜੂਨ:
ਕਈ ਵਾਰ ਪਤੀ ਪਤਨੀ ਦੇ ਚੰਗੇ ਰਿਸ਼ਤੇ ਕੁਝ ਗਲਤ-ਫਹਿਮੀਆਂ ਕਰਕੇ ਟੁੱਟ ਜਾਂਦੇ ਹਨ ਜਾਂ ਉਹਨਾਂ ਵਿੱਚ ਕੁੜੱਤਣ ਭਰ ਜਾਂਦੀ ਹੈ। ਅਕਸਰ ਸਾਹਮਣੇ ਆਉਂਦਾ ਹੈ ਕਿ ਛੋਟੀ ਜਿਹੀ ਗੱਲ ਨੂੰ ਲੈ ਕੇ ਵੱਡਾ ਬਵਾਲ ਖੜ੍ਹਾ ਹੋ ਜਾਂਦਾ ਹੈ। ਰਿਸ਼ਤੇਦਾਰੀਆਂ ਅਤੇ ਪਿਆਰ ਨਫਰਤ ਵਿੱਚ ਬਦਲ ਜਾਂਦਾ ਹੈ। ਜ਼ਿਆਦਾਤਰ ਕੁੜੀਆਂ ਦਾ ਘਰ ਪੱਟਣ ਵਿੱਚ ਮਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਪਤੀ-ਪਤਨੀ ਦਾ ਰਿਸ਼ਤਾ ਦੁਨੀਆਂ ਦੇ ਹੋਰ ਰਿਸ਼ਤਿਆ ਨਾਲੋਂ ਪਵਿੱਤਰ, ਪਿਆਰ ਮੁਹੱਬਤ ਅਤੇ ਡੂੰਘੀਆਂ ਸਾਂਝਾ ਵਾਲਾ ਹੁੰਦਾ ਹੈ, ਪਰ ਕਈ ਵਾਰੀ ਇੱਕ ਦੂਜੇ ਨੂੰ ਨਾ ਸਮਝਣ ਕਾਰਨ ਇਸ ਰਿਸ਼ਤੇ ਵਿੱਚ ਦਰਾੜ ਪੈ ਜਾਂਦੀ ਹੈੇ। ਇਹ ਦਰਾੜ ਇਸ ਕਦਰ ਪੈ ਜਾਂਦੀ ਹੈ ਕਿ ਕਈ ਵਾਰ ਇਸ ਨੂੰ ਭਰਨਾ ਮੁਸ਼ਕਲ ਹੋ ਜਾਂਦਾ ਹੈ। ਜ਼ਰੂਰੀ ਨਹੀਂ ਹਰ ਔਰਤ ਸਿਰਫ਼ ਆਪਣੇ ਮਰਦ ਤੋਂ ਸਰੀਰਕ ਭੁੱਖ ਦੀ ਪੂਰਤੀ ਕਰਨਾ ਹੀ ਲੋੜਦੀ ਹੈ। ਕਈ ਵਾਰ ਔਰਤਾਂ ਦੇ ਆਪਣੇ ਮਨ ਦੇ ਵਲਵਲੇ ਵੀ ਹੁੰਦੇ ਹਨ। ਕਈ ਵਾਰ ਉਹ ਆਪਣੇ ਹੁਸਨ ਦੀ, ਆਪਣੇ ਕੱਪੜਿਆਂ ਦੀ ਆਪਣੇ ਖਾਣੇ ਦੀ ਜਾਂ ਆਪਣੇ ਹੋਰ ਕੰਮ ਦੀ ਤਾਰੀਫ ਕਰਨਾ ਸੁਣਨਾ ਚਾਹੁੰਦੀ ਹੁੰਦੀ ਹੈ। ਉਹ ਪਤੀ ਦੇ ਮਾਂ ਬਾਪ ਦੀਆਂ ਕੁਝ-ਕੁਝ ਚੁਗਲੀਆਂ ਅਤੇ ਟੋਕਾ-ਟਾਕੀ ਵੀ ਆਪਣੇ ਪਤੀ ਨਾਲ ਸਾਂਝਾ ਕਰਨੀ ਚਾਹੁੰਦੇ ਹੁੰਦੀ ਹੈ। ਕਈ ਵਾਰ ਉਸਨੂੰ ਕੋਈ ਚੀਜ਼ ਵੀ ਪਸੰਦ ਆ ਸਕਦੀ ਹੈ, ਜੋ ਉਹ ਲੈਣਾ ਚਾਹੁੰਦੀ ਹੈ ਜਾਂ ਹੋਰ ਸਮੇਤ ਖਾਣਾ ਪੀਣਾ ਵੀ ਸ਼ਾਮਿਲ ਹੋ ਸਕਦਾ ਹੈ। ਪਰ ਜ਼ਿਆਦਾਤਰ ਮਰਦਾਂ ਦੀ ਸੋਚ ਹੈ ਕਿ ਔਰਤ ਸਿਰਫ ਜਿਸਮ ਦੀ ਭੁੱਖ ਮਿਟਾਉਣਾ ਚਾਹੁੰਦੀ ਹੈ। ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਔਰਤ ਹਰ ਸਮੇਂ ਮਰਦ ਨੂੰ ਬੁੱਕਲ ਵਿੱਚ ਹੀ ਰੱਖਣਾ ਚਾਹੁੰਦੀ ਹੈ। ਕਈ ਵਾਰ ਸੁਣੀਆਂ-ਸੁਣਾਈਆਂ ਗੱਲਾਂ ਘਰ ਨੂੰ ਇਸ ਕਦਰ ਪੱਟ ਦਿੰਦੀਆਂ ਹਨ ਕਿ ਘਰ ਅਤੇ ਪਰਿਵਾਰ ਸਾਰੀ ਉਮਰ ਜੁੜ ਨਹੀਂ ਸਕਦੇ। ਪਤੀ ਅਤੇ ਪਤਨੀ ਦਾ ਰਿਸ਼ਤਾ ਵਿਸ਼ਵਾਸ ‘ਤੇ ਹੀ ਟਿਕਿਆ ਹੁੰਦਾ ਹੈ। ਕਈ ਵਾਰ ਪਰਿਵਾਰ ਨੂੰ ਜੁੜਿਆ ਰੱਖਣ ਲਈ ਨਿੱਕਿੀਆਂ ਨਿੱਕੀਆਂ ਗੱਲਾਂ ਨੂੰ ਅਣਗੋਲਿਆ ਕਰਨਾ ਪਤੀ-ਪਤਨੀ ਦੀ ਸਮਝ ਅਤੇ ਮਜਬੂਰੀ ਬਣ ਜਾਂਦੀ ਹੈ ਅਤੇ ਇਹੀ ਸਮਝ ਪਰਿਵਾਰਾਂ ਨੂੰ ਲੰਮਿਆ ਸਮਾਂ ਜੋੜ ਕੇ ਰੱਖਦੀ ਹੈ ਅਤੇ ਬੱਚਿਆਂ ਵਿੱਚ ਸਤਿਕਾਰ ਅਤੇ ਸੰਸਕਾਰ ਕੁੱਟ ਕੁੱਟ ਕੇ ਆਪ ਮੁਹਾਰੇ ਭਰ ਜਾਂਦੇ ਹਨ, ਜਿਸ ਘਰ ਵਿੱਚ ਪਤੀ-ਪਤਨੀ ਦੀ ਆਪਸ ਵਿੱਚ ਨਹੀਂ ਬਣਦੀ, ਉਹ ਘਰ ਜ਼ਿਆਦਾ ਦੇਰ ਹੱਸਦਾ-ਵਸਦਾ ਨਹੀਂ ਹੈ। ਇਸ ਕਾਰਨ ਹੀ ਬੱਚਿਆਂ ‘ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ |


ਬੀਤੇ ਦਿਨੀਂ ਦਾਸ ਪ੍ਰੋਪਰਟੀਜ਼ ਅਜਮਾਨ (ਦੁਬਈ ) ਦੇ ਕਰਤਾ ਧਰਤਾ ਪਹਿਲਵਾਨ ਰਵੀ ਸ਼ਰਮਾ ਨਿਊ ਚੰਡੀਗੜ੍ਹ ਵਾਲਿਆਂ ਦੀ ਬਦੌਲਤ ਦੂਜੀ ਵਾਰ ਦੁਬਈ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਰਵੀ ਸ਼ਰਮਾ ਨੇ ਜਿੱਥੇ ਨਿਊ ਚੰਡੀਗੜ ਵਿੱਚ ਪ੍ਰਾਪਰਟੀ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ, ਉੱਥੇ ਦੁਬਈ ਵਿੱਚ ਵੀ ਆਪਣੇ ਪੈਰ ਪਸਾਰੇ ਹਨ। ਪਿਛਲੀ ਵਾਰ ਨਵੰਬਰ ਵਿੱਚ ਦੁਬਈ ਜਾਣ ਦਾ ਮੌਕਾ ਮਿਲਿਆ ਸੀ, ਪਰ ਕੁਦਰਤੀ ਹੀ ਛੇ ਮਹੀਨਿਆਂ ਬਾਅਦ ਮੁੜ ਦੁਬਈ ਟੂਰ ਕਰਨ ਦਾ ਮੌਕਾ ਮਿਲਿਆ। ਰਵੀ ਸ਼ਰਮਾ ਦਾ ਸਾਰਾ ਪਰਿਵਾਰ ਉੱਥੇ ਜਾ ਕੇ ਇੱਕ ਕੰਪਨੀ ਦੀ ਗੱਡੀ ਆਉਣ-ਜਾਣ ਲਈ ਵਰਤਦਾ ਹੈ। ਉਸ ਗੱਡੀ ਨੂੰ ਚਲਾਉਣ ਵਾਲਾ ਲਹਿੰਦੇ ਪੰਜਾਬ ਦਾ ਨੌਜਵਾਨ ਮਿਹਨਤੀ ਡਰਾਈਵਰ ਫਾਈਮ ਅਕਰਮ ਹੈ, ਜੋ ਸਾਊ ਸੁਭਾਅ ਦਾ ਮਾਲਕ ਹੈ। ਅਕਰਮ ਦੇ ਅੱਬੂ ਜਾਨ ਵੀ ਦੁਬਈ ਵਿੱਚ ਡਰਾਈਵਰੀ ਕਰਦੇ ਸਨ। ਅਕਰਮ ਹੋਰੀਂ ਚਾਰ ਭਰਾ ਹਨ। ਬੀਤੇ ਨਵੰਬਰ ਅਸੀਂ ਵੀ ਅਕਰਮ ਦੀ ਗੱਡੀ ਵਿੱਚ ਦੁਬਈ ਦੇ ਸਫਰ ਦਾ ਆਨੰਦ ਮਾਣਿਆ ਸੀ ਅਤੇ ਨਵੰਬਰ ਤੋਂ ਬਾਅਦ ਦਸੰਬਰ ਵਿੱਚ ਅਕਰਮ ਦਾ ਨਿਕਾਹ ਹੋ ਗਿਆ ਸੀ। ਜਦ ਅਸੀਂ ਇਸ ਵਾਰ ਦੁਬਈ ਗਏ ਤਾਂ ਅਸੀਂ ਅਕਰਮ ਨੂੰ ਨਿਕਾਹ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਉਸਨੇ ਵੀ ਖੁਸ਼ੀ ਖੁਸ਼ੀ ਨਿਕਾਹ ਦੀਆਂ ਮੁਬਾਰਕਾਂ ਕਬੂਲੀਆਂ ਸਨ, ਪਰ ਦੂਜੇ ਦਿਨ ਇਹ ਜਾਣ ਕੇ ਹੈਰਾਨੀ ਹੋਈ ਕਿ ਅਕਰਮ ਦੀ ਆਪਣੀ ਬੇਗਮ ਨਾਲ ਤੂੰ-ਤੂੰ, ਮੈਂ-ਮੈਂ ਹੋਣ ਲੱਗ ਪਈ। ਅਸੀਂ ਸਰਾਫਾ ਬਾਜ਼ਾਰ ਨੂੰ ਜਾ ਰਹੇ ਸੀ ਤਾਂ ਅਕਰਮ ਦਾ ਗੱਡੀ ਵਿੱਚ ਫੋਨ ਵੱਜਿਆ। ਉਸਨੇ ਫੋਨ ਸੁਣਿਆ, ਫੋਨ ਉਸਦੇ ਅੰਮੀ ਜਾਨ ਦਾ ਸੀ। ਸਾਰੀ ਖੈਰ ਸੁੱਖ ਪੁੱਛਣ ਤੋਂ ਬਾਅਦ ਉਸਦਾ ਲਫਜ਼ ਸੀ ਕਿ ਬਸ ਬਹੁਤ ਹੋ ਗਿਆ, ਉਹ ਜਦ ਵੀ ਮੇਰੇ ਨਾਲ ਗੱਲ ਕਰਦੀ ਹੈ, ਉਸ ਦੀ ਜ਼ੁਬਾਨ ‘ਤੇ ਇੱਕੋ ਲਫਜ਼ ਹੁੰਦਾ ਅਖੇ, ‘ਮੈਂ ਟੁਰ ਜਾਣਾ।’ ਮੈਂ ਵੀ ਕਹਿ ਦਿੱਤਾ ਕਿ ਟੁਰਜਾ। ਮੈਨੂੰ ਨੀ ਪਤਾ ਕੀ ਹੋਇਆ ਬਸ ਮੈਂ ਕਹਿ ਦਿੱਤਾ ਟੁਰਜਾ। ਜਦੋਂ ਕਈ ਵਾਰ ਟੁਰਜਾ ਟੁਰਜਾ ਸਾਡੇ ਕੰਨੀਂ ਪਿਆ ਤਾਂ ਉਸਦੀ ਪੰਜ ਸੱਤ ਮਿੰਟ ਦੀ ਗੱਲ ਤੋਂ ਬਾਅਦ ਉਸਨੇ ਮੋਬਾਇਲ ਮੁੜ ਰੱਖਿਆ ਤਾਂ ਮੈਂ ਪੁੱਛ ਹੀ ਲਿਆ ‘ਕੀ ਹੋਇਆ ਭਰਾ।’ ਉਹ ਕਹਿੰਦਾ, ‘ਕੁਝ ਨਹੀਂ ਭਾਈ ਜਾਨ, ਬਸ ਘਰਵਾਲੀ ਅੰਮੀ-ਅੱਬੂ ਨਾਲ ਲੜਨ ਲੱਗ ਪਈ ਏ।’ ਮੈ ਹੈਰਾਨ ਹੁੰਦਿਆਂ ਪੁੱਛਿਆ, ‘ਕੀ ਲੜਨ ਲੱਗ ਪਈ?’
ਐਨੀ ਛੇਤੀ ਕੀ ਗੱਲ ਹੋਈ।’ ਅਕਰਮ ਦਾ ਜਵਾਬ ਸੀ, ‘ਭਾਈ ਜਾਨ ਮੈਨੂੰ ਵੀ ਕੁਝ ਨਹੀਂ ਪਤਾ, ਮੈਂ ਤਾਂ ਤੁਹਾਡੇ ਸਾਹਮਣੇ ਦੁਬਈ ਵਿੱਚ ਹਾਂ। ਸਾਰੇ ਸਿਆਪੇ ਦੀ ਜੜ੍ਹ ਮੇਰੀ ਸੱਸ ਹੈ, ਉਹੀ ਮੇਰੀ ਬੇਗਮ ਨੂੰ ਉਲਟੀਆਂ ਪੱਟੀਆਂ ਪੜਾਉਂਦੀ ਹੈ।’
ਮੈਂ ਅਕਰਮ ਨੂੰ ਪੁੱਛਿਆ, ‘ਤੂੰ ਨਿਕਾਹ ਕਰਾਉਣ ਤੋਂ ਬਾਅਦ ਕਿੰਨੀ ਦੇਰ ਪਾਕਿਸਤਾਨ ਰੁਕਿਆ?’ ਉਸ ਨੇ ਦੱਸਿਆ, ‘ਭਾਈ ਜਾਨ ਮੈਂ ਇੱਕ ਮਹੀਨੇ ਬਾਅਦ ਹੀ ਵਾਪਸ ਆ ਗਿਆ ਸੀ।’ ਮੈਂ ਤੇ ਰਵੀ ਸ਼ਰਮਾ ਜੀ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੂਰਖ ਇੱਕ ਕੁੜੀ ਆਪਣੇ ਮਾਂ ਬਾਪ ਘਰ 24-25 ਸਾਲ ਰਹੀ ਅਤੇ ਇੱਕਦਮ ਤੇਰੇ ਘਰ ਆ ਗਈ। ਜਦਕਿ ਸਾਰਾ ਕੁਝ ਉਸ ਲਈ ਤੂੰ ਹੀ ਹੈ। ਤੂੰ ਵੀ ਇੱਕ ਮਹੀਨੇ ਬਾਅਦ ਵਾਪਸ ਆਪਣੇ ਕੰਮ ‘ਤੇ ਪਰਤ ਆਇਆ। ਜਦਕਿ ਤੇਰੀ ਉਸਨੂੰ ਹੋਰ ਵੀ ਜ਼ਿਆਦਾ ਲੋੜ ਸੀ। ਹੁਣ ਤੂੰ ਇੱਕਦਮ ਉਸਨੂੰ ਕਹਿਣ ਲੱਗ ਪਿਆ ਕਿ ਤੂੰ ਜਾਣਾ ਤੇ ਤ ਜਾਹ। ਉਸਨੇ ਵੀ ਜਜ਼ਬਾਤੀ ਹੋ ਕੇ ਸਾਨੂੰ ਦੱਸਿਆ ਕਿ ਭਾਜੀ ਸਾਰਾ ਕੁਝ ਮੇਰੀ ਸੱਸ ਜਾਨ ਬਦੌਲਤ ਹੀ ਹੋ ਰਿਹਾ ਹੈ। ਉਹ ਮੇਰੇ ਅੰਮੀ ਅੱਬੂ ਨਾਲ ਲੜਦੀ ਹੈ। ਮੈਂ ਆਪਣੇ ਅੱਬੂ ਅੰਮੀ ਤੇ ਨਹੀਂ ਛੱਡ ਸਕਦਾ ਅਤੇ ਜੋ ਬਾਕੀ ਭਰਾ ਹਨ, ਉਹਨਾਂ ਦੀ ਜ਼ਿੰਮੇਵਾਰੀ ਵੀ ਮੇਰੇ ਸਿਰ ਤੇ ਹੈ।
ਉਸਨੇ ਦੱਸਿਆ ਕਿ ਮੈਨੂੰ ਪਤਾ ਲੱਗਿਆ ਕਿ ਮੇਰੇ ਛੋਟੇ ਭਾਈ ਨੇ ਮੇਰੀ ਬੇਗਮ ਨਾਲ ਕੁਝ ਸ਼ਰਾਰਤ ਕੀਤੀ ਹੈ ਅਤੇ ਮੇਰੇ ਭਰਾ ਨੇ ਉਸ ਤੋਂ ਭੈਣ ਕਹਿ ਕੇ ਮਾਫੀ ਮੰਗ ਲਈ ਹੈ। ਅਕਰਮ ਦੀ ਗੱਲ ਸੁਣ ਕੇ ਇੱਕ ਗੱਲ ਜ਼ਰੂਰ ਸਾਹਮਣੇ ਆ ਗਈ ਕਿ ਜੋ ਕੁੱਤ-ਕਲੇਸ਼ ਸਾਡੇ ਦੇਸ਼ ਵਿੱਚ ਹੈ, ਉਸ ਤਰ੍ਹਾਂ ਦਾ ਕੁੱਤ-ਕਲੇਸ਼ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਵੀ ਹੈ। ਹੁਣ ਇਸ ਵਿੱਚ ਇਹ ਸਾਹਮਣੇ ਆਇਆ ਹੈ ਕਿ ਨਿਰਾ ਕਸੂਰ ਫਾਈਮ ਅਕਰਮ ਦੀ ਬੇਗਮ ਦਾ ਵੀ ਨਹੀ ਹੈ। ਕਿਉਂਕਿ ਇਸ ਵਿੱਚ ਜ਼ਿਆਦਾਤਰ ਕਸੂਰ ਅਕਰਮ ਦਾ ਵੀ ਹੈ, ਕਿਉਂਕਿ ਉਸ ਨੂੰ ਸ਼ਾਦੀ ਤੋਂ ਬਾਅਦ ਕੁਝ ਸਾਲ ਨਹੀਂ ਤਾਂ ਕੁਝ ਮਹੀਨੇ ਆਪਣੀ ਬੇਗਮ ਕੋਲ ਰੁਕਣਾ ਚਾਹੀਦਾ ਸੀ ਅਤੇ ਨਾਲ ਹੋ ਕੇ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਅਤੇ ਉਹਨਾਂ ਦੇ ਸੁਭਾਅ ਬਾਰੇ ਆਪਣੀ ਬੇਗਮ ਨੂੰ ਜਾਣੂ ਕਰਵਾਉਣਾ ਚਾਹੀਦਾ ਸੀ। ਮੰਨਿਆ ਅਕਰਮ ਦੀ ਜ਼ਿੰਮੇਵਾਰੀ ਵੱਡੀ ਹੈ ਪਰ ਦੋਸਤੋ ਆਪਣੀ ਬੇਗਮ ਪ੍ਰਤੀ ਜ਼ਿੰਮੇਵਾਰੀ ਹੋਰ ਵੀ ਜ਼ਿਆਦਾ ਵੱਡੀ ਹੈ। ਗੱਲ ਫਿਰ ਉਹੀ ਆ ਗਈ ਕਿ ਕਈ ਵਾਰ ਛੋਟੀਆਂ ਛੋਟੀਆਂ ਗੱਲਾਂ ਕਰਕੇ ਵੱਡੇ ਵੱਡੇ ਤੇ ਮਜਬੂਤ ਰਿਸ਼ਤੇ ਟੁੱਟ ਜਾਂਦੇ ਹਨ। ਹਰ ਵਾਰੀ ਸਾਨੂੰ ਰਿਸ਼ਤੇ ਨਹੀਂ ਤੋੜਨੇ ਚਾਹੀਦੇ। ਕਿੰਨੇ ਦਿਨ ਹੋ ਗਏ ਮੈਨੂੰ ਦੁਬਈ ਤੋਂ ਆਇਆ ਨੂੰ ਤੇ ਅਕਰਮ ਦੀ ਗੱਲ ਮੇਰੇ ਦਿਮਾਗ ਵਿੱਚੋਂ ਨਿਕਲ਼ਦੀ ਨਹੀਂ ਆਖੇ, ‘ਮੈਂ ਕਿਹਾ ਟੁਰ ਜਾ ਫੇਰ।’
ਅਵਤਾਰ ਨਗਲੀਆਂ ( ਕੁਰਾਲੀ ) ਮੁਹਾਲੀ ਮੋਬਾਇਲ 8699766501

