ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਜੂਨ:
ਸਵਪਨ ਫਾਊਂਡੇਸ਼ਨ, ਪਟਿਆਲਾ ਅਤੇ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਅੱਜ ਉੱਘੇ ਲੇਖਕ ਸੰਜੀਵਨ ਦੀ ਵਿਅੰਗਾਤਮਕ ਵਾਰਤਕ “ਚੂੰਢੀਆ” ‘ਤੇ ਵਿਚਾਰ ਚਰਚਾ ਕਾਰਵਾਈ ਗਈ। ਸਭ ਤੋਂ ਪਹਿਲਾਂ ਚਰਚਾ ਦੇ ਮੁੱਖ ਵਕਤਾ ਪ੍ਰੋ. ਹਰਵਿੰਦਰ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਕਿਤਾਬ ਵਿਅੰਗ ਨਾਲੋਂ ਸ਼ਿਕਵਿਆਂ ਦੇ ਵੱਧ ਨੇੜੇ ਨੇ। ਉਹਨਾਂ ਅਗਾਂਹ ਕਿਹਾ ਕਿ ਇਸ ਕਿਤਾਬ ਵਿਚ ਰਾਜਨੀਤਕ ਚੁੰਢੀਆਂ ਬਾਰੇ ਤਾਂ ਗੱਲ ਕੀਤੀ ਹੈ ਪਰ ਧਾਰਮਿਕ ਚੂੰਢੀਆਂ ਵੱਢਣ ਤੋਂ ਗੁਰੇਜ਼ ਕੀਤਾ ਹੈ। ਉਹਨਾਂ ਕਿਹਾ ਕਿ ਇਹ ਵਿਅੰਗ ਦੀ ਪੁਸਤਕ ਦੀ ਕਿਤਾਬ ਨਹੀਂ, ਗੰਭੀਰ ਸਮੱਸਿਆਵਾਂ ਦੀ ਕਿਤਾਬ ਹੈ। ਇਸ ਉਪਰੰਤ ਬੁਲਾਰਿਆਂ ਵਿੱਚੋਂ ਬੋਲਦੇ ਹੋਏ ਡਾ. ਦਵਿੰਦਰ ਸਿੰਘ ਬੋਹਾ ਹੋਰਾਂ ਕਿਤਾਬ ਬਾਬਤ ਬੋਲਦਿਆਂ ਕਿਹਾ ਕਿ ਸੰਜੀਵਨ ਹੋਰਾਂ ਨੇ ਸਰੀਰਕ ਚੂੰਢੀਆਂ ਨਹੀਂ ਮਾਨਸਿਕ ਚੂੰਢੀਆਂ ਵੱਢੀਆਂ ਨੇ ਜੋ ਚੀਕਾਂ ਤਾਂ ਨਹੀਂ ਕਢਾਉਂਦੀਆਂ ਪਰ ਜਗ੍ਹਾ ਜ਼ਰੂਰ ਦਿੰਦੀਆਂ ਨੇ।


ਇਸ ਤੋਂ ਬਾਅਦ ਸਮਾਗਮ ਦੇ ਵਿਸ਼ੇਸ਼ ਮਹਿਮਾਨ ਸੁਖਰਾਜ ਸਿੰਘ ਨੇ ਆਪਣੀ ਗੱਲ ਕਰਦੇ ਹੋਏ ਚੂੰਢੀਆਂ ਕਾਰਜ ਬਾਰੇ ਹੀ ਮਹੱਤਵਪੂਰਨ ਗੱਲਾਂ ਕੀਤੀਆਂ ਤੇ ਪਰੰਪਰਾ ਵਿਚ ਪਏ ਵਿਅੰਗ ਨਾਲ ਤੁਲਨਾ ਕੀਤੀ; ਜਿਸ ਵਿਚ ਚੌਸਰ, ਹਰੀਸ਼ੰਕਰ ਪਰਸਾਈ ਸ਼ਾਮਿਲ ਸਨ। ਇਕ ਹੋਰ ਵਿਸ਼ੇਸ਼ ਮਹਿਮਾਨ ਡਾ. ਚਰਨਜੀਤ ਕੌਰ ਬਰਾੜ ਨੇ ਆਲੋਚਕਾਂ ‘ਤੇ ਫਰਜ਼ਾਂ ਪ੍ਰਤੀ ਸਵਾਲ ਉਠਾਏ। ਉਹਨਾਂ ਅੱਗੇ ਕਿਹਾ ਕਿ ਇਹ ਵਿਅੰਗ ਨਾਲੋਂ ਪ੍ਰਤੀਕਰਮ ਜ਼ਿਆਦਾ ਹਨ। ਉੱਘੇ ਆਲੋਚਕ ਡਾ. ਯੋਗਰਾਜ ਨੇ ਸਥਾਪਤ ਕੀਤਾ ਕਿ ‘ਚੂੰਢੀਆਂ’ ਸ਼ਬਦ ਆਪਣੇ ਆਪ ਵਿੱਚ ਥੋੜ੍ਹਾ ਅਢੁਕਵਾਂ ਹੈ। ਉਹਨਾਂ ਸਾਰੇ ਲੇਖਾਂ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਅਗਾਂਹ ਕਿਹਾ ਕਿ ਇਹਨਾਂ ਦਾ ਪੇਂਡੂ ਮੁਹਾਵਰਾ ਚੰਗਾ ਹੈ।
ਉੱਘੇ ਵਾਰਤਕਕਾਰ ਤੇ ਆਲੋਚਕ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਇਹ ਲੇਖ ਸਮੇਂ ਲੰਮੇ ਅਰਸੇ ਵਿਚ ਫੈਲੇ ਹੋਏ ਨੇ ਤੇ ਹੁਣ ਇਹ ਸਭ ਸਮੇਂ ਦਾ ਪ੍ਰਸੰਗ ਹੁੰਦੇ ਨੇ, ਕਈ ਵਾਰ ਚੂੰਢੀ ਵੱਢੀ ਦਾ ਪਤਾ ਨਹੀਂ ਲੱਗਦਾ ਕਿ ਕਿਸ ਦੇ ਵੱਡੀ ਹੈ। ਉਹਨਾਂ ਕਿਹਾ ਕਿ ਬਹੁਤੀਆਂ ਗੱਲਾਂ ਵਾਰ ਵਾਰ ਨਹੀਂ ਕਰਨੀਆ ਚਾਹੀਦੀਆਂ।
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਤੇ ਉੱਘੇ ਕਵੀ ਸਵਰਨਜੀਤ ਸਵੀ ਨੇ ਆਪਣੀ ਵਾਰੀ ‘ਤੇ ਕਿਹਾ ਕਿ ਸੰਜੀਵਨ ਦਾ ਕਹਿਣ ਦਾ ਆਪਣਾ ਤਰੀਕਾ ਹੈ, ਇਹ ਜੋ ਵਾਪਰ ਰਿਹਾ ਹੈ, ਉਹ ਕਹਿੰਦਾ। ਉਹਨਾਂ ਅਗਾਂਹ ਕਿਹਾ ਕਿ ਇਸ ਕਿਤਾਬ ਵਿੱਚ ਸਾਹਿਤਕ ਆਨੰਦ ਹੈ। ਉਹਨਾਂ ਪਰੂਫ ਦੀਆਂ ਗ਼ਲਤੀਆਂ ਵੱਲ ਵੀ ਧਿਆਨ ਦਵਾਇਆ। ਅੱਜ ਦੇ ਮੁੱਖ ਮਹਿਮਾਨ ਉੱਘੇ ਨਾਟਕਕਾਰ ਤੇ ਚਿੰਤਕ ਡਾ. ਸਤੀਸ਼ ਵਰਮਾ ਨੇ ਇਸ ਕਿਤਾਬ ਦੀ ਵਿਅੰਗ ਵਿਧੀ ‘ਤੇ ਸੁਆਲ ਉਠਾਏ; ਪਰ ਕਿਹਾ ਕਿ ਰਚਨਾਵਾਂ ਚੰਗੀਆਂ ਨੇ।
ਆਖ਼ਰ ਵਿੱਚ ਅੱਜ ਦੀ ਪ੍ਰਧਾਨਗੀ ਕਰਦੇ ਹੋਏ ਉੱਘੇ ਕਵੀ, ਵਾਰਤਕਕਾਰ ਤੇ ਪੰਜਾਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਹੋਰਾਂ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਸਾਰਾ ਸਮਾਗਮ ਬਹੁਤ ਹੀ ਸਾਰਥਿਕ ਰਿਹਾ। ਉਹਨਾਂ ਹਰਵਿੰਦਰ ਦੇ ਪਰਚੇ ਬਾਰੇ ਬੋਲਦਿਆਂ ਕਿਹਾ ਕਿ ਪਰਚਾ ਚੰਗਾ ਸੀ। ਉਹਨਾਂ ਨੌਜਵਾਨਾਂ ਨੂੰ ਖੁੱਲ੍ਹ ਕੇ ਵਿਚਰਨ ਲਈ ਕਿਹਾ। ਉੱਘੇ ਲੇਖਕ ਤੇ ਪੱਤਰਕਾਰ ਪ੍ਰੀਤਮ ਰੁਪਾਲ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦਾ ਸੰਚਾਲਨ ਸ਼ਾਇਰ ਤੇ ਵਾਰਤਕਕਾਰ ਜਗਦੀਪ ਸਿੱਧੂ ਨੇ ਬਾਖ਼ੂਬੀ ਕੀਤਾ। ਇਸ ਸਮਾਗਮ ਵਿੱਚ ਪਾਲ ਅਜਨਬੀ, ਗੁਰਜੋਧ ਕੌਰ, ਅਵਤਾਰ ਪਤੰਗ, ਜੰਗ ਬਹਾਦੁਰ ਗੋਇਲ, ਦਵਿੰਦਰ ਢਿੱਲੋਂ, ਚਰਨਜੀਤ ਸਿੰਘ ਬਰਾੜ, ਸੁਰਜੀਤ ਸੁਮਨ, ਡਾ. ਪਾਲ, ਭੁਪਿੰਦਰ ਮਲਿਕ, ਗੁਰਦੇਵ ਚੌਹਾਨ, ਗੁਰਦੀਪ ਸਿੰਘ, ਬਲਜੀਤ ਕੌਰ, ਰੰਜੀਵਨ ਸਿੰਘ, ਸੁਰਜੀਤ ਕੌਰ ਬੈਂਸ ਰਮਨ ਢਿੱਲੋਂ, ਨਰਿੰਦਰ ਨਸਰੀੜ, ਪਰਮਜੀਤ ਪਰਮ, ਅਨੀਤਾ ਸ਼ਬਦੀਸ਼ ਆਦਿ ਨੇ ਸ਼ਮੂਲੀਅਤ ਕੀਤੀ।

