www.sursaanjh.com > ਅੰਤਰਰਾਸ਼ਟਰੀ > ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਦਫਤਰ ਵਿਖੇ ਪਹਿਲੀ ਵਾਰ ਪਹੁੰਚਣ ਤੇ ਸਾਹਿਤਕਾਰਾਂ ਦਾ ਸਨਮਾਨ

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਦਫਤਰ ਵਿਖੇ ਪਹਿਲੀ ਵਾਰ ਪਹੁੰਚਣ ਤੇ ਸਾਹਿਤਕਾਰਾਂ ਦਾ ਸਨਮਾਨ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਜੂਨ:

ਅੱਜ ਹਿੰਦੀ ਭਾਸ਼ਾ ਦੇ ਦੋ ਪ੍ਰਸਿੱਧ ਸਾਹਿਤਕਾਰ ਮਨੋਜ ਕੁਮਾਰ ਅਤੇ ਸੁਰਿੰਦਰ ਪਾਲ ਦਾ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦਫਤਰ ਪਹਿਲੀ ਵਾਰ ਆਉਣ ਤੇ ਸੰਸਥਾ ਦੇ ਅਹੁਦੇਦਾਰਾਂ ਵਲੋਂ ਸਨਮਾਨ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਉਪ ਪ੍ਰਧਾਨ ਭੁਪਿੰਦਰ ਸਿੰਘ ਭਾਗੋਮਾਜਰੀਆ ਅਤੇ ਸਲਾਹਕਾਰ ਬਲਵਿੰਦਰ ਸਿੰਘ ਵਲੋਂ ਆਏ ਸਾਹਿਤਕਾਰਾਂ ਨੂੰ ਵੱਖ-ਵੱਖ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਤੋਂ ਪਹਿਲਾਂ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਦੋਹਾਂ ਸਾਹਿਤਕਾਰਾਂ ਨੂੰ ਜੀ ਆਇਆਂ ਆਖਦੇ ਹੋਏ ਦੱਸਿਆ ਕਿ ਮਨੋਜ ਕੁਮਾਰ ਅਤੇ ਸੁਰਿੰਦਰ ਪਾਲ ਜਿਹੜੇ ਕਿ ਚੰਡੀਗੜ੍ਹ ਦੇ ਵੱਖ-ਵੱਖ ਸਕੂਲਾਂ ਵਿੱਚ ਅਧਿਆਪਕ ਦੇ ਕਿਤੇ ਵਜੋਂ ਕੰਮ ਕਰਦੇ ਹਨ ਅਤੇ ਹਿੰਦੀ ਦੇ ਜਾਣੇ ਪਹਿਚਾਣੇ ਸਾਹਿਤਕਾਰ ਹਨ, ਜਿਹਨਾਂ ਨੇ ਹਿੰਦੀ ਭਾਸ਼ਾ ਵਿੱਚ ਕਈ ਪੁਸਤਕਾਂ ਲਿਖੀਆਂ ਹਨ। ਪ੍ਰਿੰ. ਗੋਸਲ ਨੇ ਦੱਸਿਆ ਕਿ ਮਨੋਜ ਕੁਮਾਰ, ਜਿਹੜੇ ਕਿ ਸੀਨੀਅਰ ਸੈਕੰਡਰੀ ਮਾਡਲ ਸਕੂਲ, ਧਨਾਸ ਵਿਖੇ ਸੇਵਾ ਕਰ ਰਹੇ ਹਨ, ਦੀ ਇੱਕ ਪੁਸਤਕ ਨੂੰ ਚੰਡੀਗੜ੍ਹ ਸਾਹਿਤ ਅਕੈਡਮੀ ਵਲੋਂ ਵੀ ਇਨਾਮ ਦੇ ਤੌਰ ਤੇ ਅਨੁਦਾਨ ਰਾਸ਼ੀ ਦਿੱਤੀ ਗਈ ਹੈ ਅਤੇ ਇਸੀ ਤਰਾਂ ਸੁਰਿੰਦਰ ਪਾਲ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 12 ਚੰਡੀਗੜ੍ਹ ਵਿਖੇ ਸੇਵਾ ਕਰ ਰਹੇ ਹਨ, ਦੀ ਪੁਸਤਕ ਨੂੰ ਵੀ ਚੰਡੀਗੜ੍ਹ ਸਾਹਿਤ ਅਕੈਡਮੀ ਵਲੋਂ ਅਨੁਦਾਨ ਰਾਸ਼ੀ ਮਿਲ ਚੁੱਕੀ ਹੈ।

ਸੰਸਥਾ ਦੇ ਉਪ ਪ੍ਰਧਾਨ ਭੁਪਿੰਦਰ ਭਾਗੋਮਾਜਰਾ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਅੱਜ ਕੱਲ੍ਹ ਨਵੀਆਂ ਪੁਸਤਕਾਂ ਛਪਵਾਉਣ ਲਈ ਬਹੁਤ ਸਾਰੇ ਅਧਿਆਪਕਾਂ, ਬੁਧੀਜੀਵੀਆਂ ਅਤੇ ਸਾਹਿਤਕਾਰਾਂ ਦਾ ਆਉਣ ਜਾਣ ਬਣਿਆ ਰਹਿੰਦਾ ਹੈ ਅਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਆਪਣੇ ਵਲੋਂ ਪੂਰਾ ਸਹਿਯੋਗ ਦੇ ਕੇ ਉਹਨਾਂ ਨੂੰ ਨਵੀਆਂ ਪੁਸਤਕਾਂ ਲਿਖਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਪ ਪ੍ਰਧਾਨ ਨੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੀਆਂ ਗਤੀਵਿਧੀਆਂ ਬਾਰੇ ਅਤੇ ਪ੍ਰਚਾਰ ਸਾਧਨਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਅਤੇ ਵਿਸ਼ਵ ਪੰਜਾਬੀ ਪਚਾਰ ਸਭਾ ਦਾ ਦਫਤਰ ਅਧਿਆਪਕਾਂ ਅਤੇ ਲੇਖਕਾਂ ਲਈ ਸਾਹਿਤਕਾਰਾਂ ਦਾ ਮੱਕਾ ਬਣਦਾ ਜਾ ਰਿਹਾ ਹੈ। ਉਹਨਾਂ ਨੇ ਅਧਿਆਪਕਾਂ ਅਤੇ ਬੁੱਧੀਜੀਵੀਆਂ ਨੂੰ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਦਿਲੋਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਨਾਲ ਜੁੜਨ ਦੀ ਅਪੀਲ ਕੀਤੀ। ਪਹਿਲੀ ਵਾਰ ਦਫਤਰ ਪਹੁੰਚਣ ਤੇ ਸਨਮਾਨਿਤ ਹੋਣ ਤੇ ਮਨੋਜ ਕੁਮਾਰ ਅਤੇ ਸੁਰਿੰਦਰ ਪਾਲ ਨੇ ਸੰਸਥਾ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸਾਹਿਤ ਪ੍ਰੇਮੀ ਹੋਣ ਕਰਕੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਨਾਲ ਮਿਲ ਕੇ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਯਤਨ ਕਰਨਗੇ ਅਤੇ ਸਕੂਲਾਂ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਪ੍ਰੇਰਣਾ ਦੇਣਗੇ ਤਾਂ ਕਿ ਬੱਚੇ ਵੱਧ ਤੋਂ ਵੱਧ ਭਾਸ਼ਾਵਾਂ ਸਿੱਖ ਸਕਣ।

ਫੋਟੋ ਕੈਪਸ਼ਨ – ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਉਪ ਪ੍ਰਧਾਨ ਭੁਪਿੰਦਰ ਸਿੰਘ ਭਾਗੋਮਾਜਰਾ ਨਵੇਂ ਸਾਹਿਤਕਾਰਾਂ ਦਾ ਦਫਤਰ ਪਹੁੰਚਣ ਤੇ ਪੁਸਤਕਾਂ ਦੇ ਕੇ ਸਨਮਾਨ ਕਰਦੇ ਹੋਏ।

Leave a Reply

Your email address will not be published. Required fields are marked *