www.sursaanjh.com > ਅੰਤਰਰਾਸ਼ਟਰੀ > ਉੱਘੇ ਸੁਤੰਤਰਤਾ ਸੰਗਰਾਮੀ ਦੀ ਜੀਵਨ ਗਾਥਾ-ਮਹਿਮਾ ਸਿੰਘ ਧਾਲੀਵਾਲ (ਮੁੱਲਾਂਪੁਰ ਗਰੀਬਦਾਸ) ਦਾ ਲੋਕ ਅਰਪਣ ਅੱਜ ਬਾਅਦ ਦੁਪਹਿਰ 3.00 ਵਜੇ

ਉੱਘੇ ਸੁਤੰਤਰਤਾ ਸੰਗਰਾਮੀ ਦੀ ਜੀਵਨ ਗਾਥਾ-ਮਹਿਮਾ ਸਿੰਘ ਧਾਲੀਵਾਲ (ਮੁੱਲਾਂਪੁਰ ਗਰੀਬਦਾਸ) ਦਾ ਲੋਕ ਅਰਪਣ ਅੱਜ ਬਾਅਦ ਦੁਪਹਿਰ 3.00 ਵਜੇ

ਚੰਡੀਗੜ੍ਹ 8 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਕਸਬਾ ਮੁੱਲਾਂਪੁਰ ਗਰੀਬਦਾਸ ਦੇ ਉੱਘੇ ਸੁਤੰਤਰਤਾ ਸੰਗਰਾਮੀ ਮਹਿਮਾ ਸਿੰਘ ਧਾਲੀਵਾਲ ਦੇ ਜੀਵਨ ਤੇ ਆਧਾਰਤ ਸਪਤਰਿਸ਼ੀ ਪਬਲੀਕੇਸ਼ਨ ਵੱਲੋਂ ਛਾਪੀ ਪੁਸਤਕ ‘ਉੱਘੇ ਸੁਤੰਤਰਤਾ ਸੰਗਰਾਮੀ ਦੀ ਜੀਵਨ ਗਾਥਾ- ਮਹਿਮਾ ਸਿੰਘ ਧਾਲੀਵਾਲ (ਮੁੱਲਾਂਪੁਰ ਗਰੀਬਦਾਸ)’ ਦਾ ਲੋਕ ਅਰਪਣ ਅੱਜ 11 ਜੂਨ ਨੂੰ ਬਾਅਦ ਦੁਪਹਿਰ 3.00 ਵਜੇ, ਪੰਜਾਬ ਕਲਾ ਭਵਨ ਸੈਕਟਰ, 16 ਚੰਡੀਗੜ੍ਹ ਵਿਖੇ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਸਤਕ ਦੇ ਸੰਪਾਦਕ, ਮੱਲਾਂਪੁਰ ਗਰੀਬਦਾਸ ਦੇ ਜੰਮਪਲ, ਪੰਜਾਬ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਜ਼ਿਆਦਾਤਰ ਬਜ਼ੁਰਗ ਮਹਿਮਾ ਸਿੰਘ ਧਾਲੀਵਾਲ ਦੀਆਂ ਹੱਥ ਲਿਖਤਾਂ ਅਤੇ ਪੱਤਰ-ਵਿਹਾਰ ਨੂੰ ਉਰਦੂ ਤੋਂ ਪੰਜਾਬੀ ਵਿੱਚ ਅਨੁਵਾਦ ਕਰਵਾ ਕੇ ਛਾਪਿਆ ਗਿਆ ਹੈ। ਉਨਾਂ ਦੱਸਿਆ ਕਿ ਮਹਿਮਾ ਸਿੰਘ ਧਾਲੀਵਾਲ ਦਾ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਬਹੁਤ ਯੋਗਦਾਨ ਰਿਹਾ। ਅੰਗਰੇਜ ਰਾਜ ਵੇਲੇ ਦੇਸ਼ ਦੀ ਅਜਾਦੀ ਦੇ ਪਰਵਾਨਿਆਂ ਨਾਲ ਮੇਲ-ਜੋਲ ਕਰਕੇ ਉਨ੍ਹਾਂ ਦੀ ਫੌਜ ਦੀ ਨੌਕਰੀ ਵੀ  ਚਲੀ ਗਈ ਅਤੇ ਜੇਲ੍ਹ ਵੀ ਹੋਈ, ਪ੍ਰੰਤੂ ਫਿਰ ਵੀ ਉਹ ਅਡੋਲ ਰਹੇ। ਉਨਾਂ ਲੰਮਾ ਸਮਾਂ ਆਪਣੇ ਨਗਰ ਵਿੱਚ ਲੋਕ ਸੇਵਾ ਕੀਤੀ। ਉਹ ਵਧੀਆ ਲੇਖਕ ਵੀ ਸਨ।
ਇਸ ਪੁਸਤਕ ਵਿੱਚ ਪੁਆਧ ਇਲਾਕੇ ਦੇ ਪ੍ਰਸਿੱਧ ਲੇਖਕ ਮਨਮੋਹਨ ਸਿੰਘ ਦਾਊਂ ਅਤੇ ਰਾਜ ਕੁਮਾਰ ਸਾਹੋਵਾਲੀਆ ਦੇ ਵੱਡਮੁੱਲੇ ਵਿਚਾਰ ਵੀ ਸ਼ਾਮਿਲ ਕੀਤੇ ਗਏ ਹਨ। ਪੁਆਧੀ ਗਾਇਕਾ ਮੋਹਣੀ ਤੁਰ ਸੰਤੇਮਾਜਰਾ ਦੇ ਦਾਦਾ ਗੁਰਬਖਸ਼ ਸਿੰਘ ਡਕੋਟਾ (ਸੰਤੇਮਾਜਰਾ) ਦੇ ਮਹਿਮਾ ਸਿੰਘ ਧਾਲੀਵਾਲ ਨਾਲ ਨਿੱਘੇ ਸਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਸ਼ਹੀਦ ਭਗਤ ਸਿੰਘ ਦੇ ਮਾਤਾ ਜੀ ਅਤੇ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਮਾਤਾ ਜੀ ਦੀਆਂ ਮਹਿਮਾ ਸਿੰਘ ਧਾਲੀਵਾਲ ਦੇ ਘਰ ਪਹੁੰਚਣ ਸਮੇਂ ਦੀਆਂ ਯਾਦਗਾਰੀ ਤਸਵੀਰਾਂ ਵੀ ਪੁਸਤਕ ਵਿੱਚ ਛਾਪੀਆਂ ਗਈਆਂ ਹਨ। ਇਸ ਪੁਸਤਕ ਦੇ ਲੋਕ ਅਰਪਣ ਮੌਕੇ ਪੁਆਧੀ ਸੱਥ ਦੇ ਮੁਖੀ ਮਨਮੋਹਨ ਸਿੰਘ ਦਾਊਂ, ਪੀਸੀਐਸ ਅਧਿਕਾਰੀ ਤੇਜਦੀਪ ਸਿੰਘ ਸੈਣੀ, ਸਾਬਕਾ ਪੀਸੀਐਸ ਅਧਿਕਾਰੀ ਬਲਬੀਰ ਸਿੰਘ ਢੋਲ, ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਬਹਾਦਰ ਸਿੰਘ ਗੋਸਲ, ਕਵੀ ਮੰਚ ਮੋਹਾਲੀ ਦੇ ਪ੍ਰਧਾਨ ਭਗਤ ਰਾਮ ਰੰਗਾੜਾ, ਸ੍ਰੀ ਗੁਰੂ ਗਰੰਥ ਸਾਹਿਬ ਭਵਨ ਤੋਂ ਜੁਗਰਾਜ ਸਿੰਘ ਗਿੱਲ, ਟਰੱਸਟ ਦੇ ਮੈਂਬਰ ਗੁਰਮੀਤ ਸਿੰਘ ਜੌੜਾ,  ਸਾਬਕਾ ਉਪ ਸਕੱਤਰ ਅਤੇ ਉਘੇ ਸਾਹਿਤਕਾਰ ਰਾਜਕੁਮਾਰ ਸਾਹੋਵਾਲੀਆ, ਪੁਰੀ ਟਰੱਸਟ ਮੁੱਲਾਂਪੁਰ ਗਰੀਬਦਾਸ ਦੇ ਚੇਅਰਮੈਨ ਅਰਵਿੰਦ ਪੁਰੀ, ਮਹਿਮਾ ਸਿੰਘ ਧਾਲੀਵਾਲ ਦੇ ਭਤੀਜੇ ਚਰਨਜੀਤ ਸਿੰਘ ਧਾਲੀਵਾਲ,  ਪਿੰਡ ਦੇ ਮੌਜੂਦਾ ਸਰਪੰਚ ਜਤਿੰਦਰ ਸਿੰਘ ਧਾਲੀਵਾਲ ਅਤੇ ਕਈ ਹੋਰ  ਨਾਮਵਰ ਸ਼ਖਸ਼ੀਅਤਾਂ ਹਾਜ਼ਰ ਹੋਣਗੀਆਂ।

Leave a Reply

Your email address will not be published. Required fields are marked *