www.sursaanjh.com > ਅੰਤਰਰਾਸ਼ਟਰੀ > ਪੰਜਾਬ ਸਰਕਾਰ ਵੱਲੋਂ ਪੰਥ ਨਾਲ ਸਬੰਧਿਤ ਸ਼ਤਾਬਦੀਆਂ ਨੂੰ ਮਨਾਉਣ ਸਬੰਧੀ ਸੁਝਾਅ ਮੰਗਣ ’ਤੇ ਇਤਰਾਜ਼ ਬਾਰੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲਿਖੀ ਗਈ ਚਿੱਠੀ

ਪੰਜਾਬ ਸਰਕਾਰ ਵੱਲੋਂ ਪੰਥ ਨਾਲ ਸਬੰਧਿਤ ਸ਼ਤਾਬਦੀਆਂ ਨੂੰ ਮਨਾਉਣ ਸਬੰਧੀ ਸੁਝਾਅ ਮੰਗਣ ’ਤੇ ਇਤਰਾਜ਼ ਬਾਰੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲਿਖੀ ਗਈ ਚਿੱਠੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਜੂਨ:

ਪੰਜਾਬ ਸਰਕਾਰ ਵੱਲੋਂ ਪੰਥ ਨਾਲ ਸਬੰਧਿਤ ਸ਼ਤਾਬਦੀਆਂ ਨੂੰ ਮਨਾਉਣ ਸਬੰਧੀ ਸੁਝਾਅ ਮੰਗਣ ’ਤੇ ਇਤਰਾਜ਼ ਬਾਰੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚਿੱਠੀ ਲਿਖੀ ਗਈ ਹੈ, ਜਿਸਦੀ ਹੂਬਹੂ  ਇਬਾਰਤ ਪੇਸ਼ ਹੈ:

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ।।    

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵਕੇਟ ਹਰਜਿੰਦਰ ਸਿੰਘ ਧਾਮੀ ਜੀ, ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਦਾ ਇੱਕ ਬਿਆਨ ਅਖ਼ਬਾਰਾਂ ਵਿੱਚ ਪੜ੍ਹਨ ਨੂੰ ਮਿਲਿਆ, ਜਿਸ ਵਿਚ ਆਪ ਜੀ ਦੁਆਰਾ ਪੰਜਾਬ ਸਰਕਾਰ ਵੱਲੋਂ ਪੰਥ ਨਾਲ ਸਬੰਧਿਤ ਸ਼ਤਾਬਦੀਆਂ ਨੂੰ ਮਨਾਉਣ ਸਬੰਧੀ ਸੁਝਾਅ ਮੰਗਣ ’ਤੇ ਇਤਰਾਜ਼ ਕਰਦਿਆਂ ਕਿਹਾ ਸੀ ਕਿ ਸ਼ਤਾਬਦੀਆਂ ਮਨਾਉਣਾ SGPC ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ ਨਾ ਕਿ ਪੰਜਾਬ ਸਰਕਾਰ ਦੇ, ਸੋ ਮੈਂ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਪਿਛਲੇ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ ਇਹ ਸਾਹਮਣੇ ਆਉਂਦਾ ਹੈ ਕਿ ਵੱਖ ਵੱਖ ਸ਼ਤਾਬਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਮਨਾਈਆਂ ਗਈਆਂ, SGPC ਵੱਲੋਂ ਆਪਣੇ ਤੌਰ ’ਤੇ ਅਤੇ ਸਮੇਂ ਦੀ ਬਾਦਲ ਸਰਕਾਰ ਨਾਲ ਰਲਕੇ ਵੀ ਸ਼ਤਾਬਦੀਆਂ ਮਨਾਈਆਂ, ਪਰ ਇਸ ਦੌਰਾਨ ਇਕ ਦੁਖਦਾਈ ਪਹਿਲੂ ਇਹ ਵੀ ਸਾਹਮਣੇ ਆਇਆ ਕਿ 1999 ’ਚ ਖ਼ਾਲਸਾ ਸਾਜਨਾ ਦਿਵਸ ਦੀ ਤੀਜੀ ਸ਼ਤਾਬਦੀ ਅਤੇ 2008 ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਤੀਜੀ ਗੁਰਗੱਦੀ ਸ਼ਤਾਬਦੀ ਦੌਰਾਨ ਕਰਮਵਾਰ ਇਹ ਨਾਹਰੇ ‘1999 ਦੀ ਵੈਸਾਖੀ, ਸਮੁੱਚੀ ਕੌਮ ਅੰਮ੍ਰਿਤਧਾਰੀ’ ਅਤੇ ‘300 ਸਾਲ, ਗੁਰੂ ਦੇ ਨਾਲ’ ਖ਼ੂਬ ਪ੍ਰਚਾਰੇ ਗਏ।
ਦੋਵੇਂ ਸ਼ਤਾਬਦੀਆਂ ਆਮ ਚੋਣ ਸਮਾਗਮਾਂ ਵਾਙ ਹੀ ਲੰਘ ਗਈਆਂ ਪਰ ਅਸਲ ’ਚ ਇਹਨਾਂ ਨਾਹਰਿਆਂ ਦਾ ਅਸਰ ਬਿਲਕੁਲ ਉਲਟਾ ਵੇਖਿਆ ਜਾ ਸਕਦਾ ਹੈ ਜਿਵੇਂ ਕਿ 1999 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਅਹੁਦੇਦਾਰ ਭਾਵੇਂ ਸਾਰੇ ਦੇ ਸਾਰੇ ਅੰਮ੍ਰਿਤਧਾਰੀ ਨਹੀਂ ਸਨ ਪਰ ਘੱਟ ਤੋਂ ਘੱਟ ਸਾਬਤ ਸੂਰਤ ਕੇਸਾਧਾਰੀ ਅਤੇ ਪਗੜੀਧਾਰੀ ਤਾਂ ਜ਼ਰੂਰ ਸਨ, ਜਦੋਂ ਕਿ ਅੱਜ ਦੇ ਅਕਾਲੀ ਦਲ ’ਚੋਂ ਪਗੜੀਧਾਰੀ ਸਿੱਖ ਵੀ ਬੜੀ ਮੁਸ਼ਕਲ ਨਾਲ ਲੱਭਦੇ ਹਨ। ਇੱਥੋਂ ਤੱਕ ਕਿ SGPC ਦੇ ਕਈ ਜ਼ਿੰਮੇਵਾਰ ਅਹੁਦਿਆਂ ’ਤੇ ਬਿਰਾਜਮਾਨ ਸਖ਼ਸ਼ ਆਪਣੇ ਧੀਆਂ ਪੁੱਤਰਾਂ ਨੂੰ ਪਤਿਤਪੁਣੇ ਤੋਂ ਨਹੀਂ ਬਚਾ ਪਾਏ, ਹੋਰ ਬਿਹਤਰ ਆਸ ਕੀ ਰੱਖੀ ਜਾ ਸਕਦੀ ਹੈ। ਖਾਲਸਾ ਪੰਥ ਦੀ 300 ਸਾਲ ਸਥਾਪਨਾ ਸ਼ਤਾਬਦੀ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵੱਲੋ ਸ਼ਤਾਬਦੀ ਸਮਾਰੋਹ ਰਲ ਮਿਲ ਕੇ ਮਨਾਉਣ ਦੀ ਸਲਾਹ ਦੇਣ ਕਰਕੇ ਜਥੇਦਾਰ ਸਾਹਿਬ ਦੇ ਪਵਿੱਤਰ ਅਹੁਦੇ ਦੀ ਮਾਣ ਮਰਿਆਦਾ ਨਾਲ ਸ਼ੁਰੂ ਕੀਤਾ ਖਿਲਵਾੜ ਅੱਜ ਤੱਕ ਜਾਰੀ ਹੈ।
ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਦੇ 500 ਸਾਲਾ ਜਨਮ ਸ਼ਤਾਬਦੀ ਮੌਕੇ ਕੱਥੂਨੰਗਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ 3 ਜੁਲਾਈ 2006 ਨੂੰ ਮਨਾਈ ਗਈ ਚੌਥੀ ਸ਼ਤਾਬਦੀ ਵੇਲੇ ਹਰਿਮੰਦਰ ਸਾਹਿਬ ਸਥਿਤ ਮੰਜੀ ਸਾਹਿਬ ਵਿਖੇ ਹੋਏ ਮੁੱਖ ਸਮਾਗਮ ਦੌਰਾਨ ਹੋਈਆਂ ਖ਼ੂਨੀ ਝੜਪਾਂ ਕਾਰਨ ਉਕਤ ਸ਼ਤਾਬਦੀਆਂ ਨਾਲ ਸਬੰਧਿਤ ਗੁਰ ਇਤਿਹਾਸ ਦੀ ਚਰਚਾ ਨਾਲੋਂ ਉਕਤ ਮੰਦਭਾਗੀਆਂ ਘਟਨਾਵਾਂ ਦੀ ਚਰਚਾ ਵਧੇਰੇ ਹੋਈ ਅਤੇ ਕੌਮ ਦਾ ਅਕਸ ਧੁੰਦਲਾ ਹੋਇਆ, ਸੋ ਹੁਣ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਉਕਤ ਘਟਨਾਵਾਂ ਤੋਂ ਸਬਕ ਲੈਂਦੇ ਹੋਏ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚਲਦੇ ਹੋਏ ਅਜਿਹੀਆਂ ਨੀਤੀਆਂ ਅਪਣਾਈਏ ਜਿੰਨਾ ਜ਼ਰੀਏ ਸਾਡੀਆਂ ਅਜੋਕੀਆਂ ਪੀੜ੍ਹੀਆਂ ਸਾਡੇ ਮਾਣਮੱਤੇ ਇਤਿਹਾਸ ਤੋਂ ਬਿਹਤਰ ਜਾਣੂ ਹੋ ਸਕਣ, ਸੋ ਪੰਜਾਬ ਸਰਕਾਰ ਉਕਤ ਸ਼ਤਾਬਦੀਆਂ ਨੂੰ ਮਨਾਉਣ ਸਬੰਧੀ ਦੁਨੀਆਂ ਦੇ ਕਣ ਕਣ ਵਿੱਚ ਵਸਣ ਵਾਲੇ ਸੁਹਿਰਦ ਲੋਕਾਂ ਤੋਂ ਸੁਝਾਅ ਲੈਕੇ ਸ਼ਤਾਬਦੀ ਸਮਾਰੋਹ ਐਸੇ ਤਰੀਕੇ ਨਾਲ ਮਨਾਉਣਾ ਚਾਹੁੰਦੀ ਹੈ ਕਿ ਇਹਨਾਂ ਜ਼ਰੀਏ ਸਾਡੀ ਕੌਮ ਦੇ ਵਿਲੱਖਣ ਇਤਿਹਾਸ, ਸਾਹਸ, ਬਹਾਦਰੀ, ਕਿਰਤ ਕਰਨ ਵੰਡ ਛਕਣ, ਗੁਰੂ ਸਾਹਿਬ ਵੱਲੋਂ ਖ਼ਤਮ ਕੀਤੀ ਜਾਤ ਪਾਤ, ਮਜ਼ਲੂਮਾਂ ਖਾਤਰ ਜਾਨ ਦੇਣ ਅਤੇ ਜਾਨ ਲੈਣ, ਗੁਰੂ ਕੇ ਲੰਗਰ ਦੀ ਮੱਹਤਤਾ ਅਤੇ ਕੌਮ ਖ਼ਾਤਰ ਸਰਬੰਸ ਵਾਰਨ ਵਰਗੀਆਂ ਅਨੇਕਾਂ ਇਤਿਹਾਸਕ ਗਾਥਾਵਾਂ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪੁੱਜਦਾ ਕੀਤਾ ਜਾ ਸਕੇ, ਸੋ ਪ੍ਰਧਾਨ ਸਾਹਿਬ ਆਪ ਜੀ ਕਿਸੇ ਇੱਕ ਰਾਜਨੀਤਕ ਧੜੇ ਦੇ ਹਿੱਤਾਂ ਵਾਲੀ ਸੋਚ ਨੂੰ ਛੱਡਕੇ SGPC ਜ਼ਰੀਏ ਅਤੇ ਪੰਜਾਬ ਸਰਕਾਰ, ਸਿੱਖ ਇਤਿਹਾਸਕਾਰਾਂ, ਦਾਰਸ਼ਨਿਕਾ, ਕੌਮ ਦੀਆਂ ਸਤਿਕਾਰਤ ਹਸਤੀਆਂ ਨਾਲ ਤਾਲਮੇਲ ਕਰਕੇ ਸਰਬੱਤ ਦੇ ਭਲੇ ਵਾਲੀ ਸੋਚ ਨੂੰ ਅਪਣਾਓਗੇ ਤਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਦਿਲੋਂ ਖੁਸ਼ੀ ਹੋਵੇਗੀ।
ਸਤਿਕਾਰ ਸਹਿਤ – ਕੁਲਤਾਰ ਸਿੰਘ ਸੰਧਵਾਂ

Leave a Reply

Your email address will not be published. Required fields are marked *