www.sursaanjh.com > ਚੰਡੀਗੜ੍ਹ/ਹਰਿਆਣਾ > ਅਸਹਿ ਗਰਮੀ ਵਿੱਚ ਮੋਹਾਲੀ ਦੇ ਲੋਕ ਬਿਨਾਂ ਬਿਜਲੀ ਦੇ ਰਾਤਾਂ ਕੱਟਣ ‘ਤੇ ਮਜਬੂਰ ਹਨ: ਬਲਬੀਰ ਸਿੰਘ ਸਿੱਧੂ

ਅਸਹਿ ਗਰਮੀ ਵਿੱਚ ਮੋਹਾਲੀ ਦੇ ਲੋਕ ਬਿਨਾਂ ਬਿਜਲੀ ਦੇ ਰਾਤਾਂ ਕੱਟਣ ‘ਤੇ ਮਜਬੂਰ ਹਨ: ਬਲਬੀਰ ਸਿੰਘ ਸਿੱਧੂ

ਮੋਹਾਲੀ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁੱਹਈਆ ਕਰਵਾਉਣ ਵਿੱਚ ਆਪ ਸਰਕਾਰ ਬੁਰੀ ਤਰ੍ਹਾਂ ਫੇਲ੍ਹ: ਸਾਬਕਾ ਕਾਂਗਰਸ ਮੰਤਰੀ

ਭਗਵੰਤ ਮਾਨ ਦਾ 24 ਘੰਟੇ ਬਿਜਲੀ ਸਪਲਾਈ ਦਾ ਵਾਅਦਾ ਨਿਕਲਿਆ ਫੌਕਾ: ਬਲਬੀਰ ਸਿੰਘ ਸਿੱਧੂ

ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 16 ਜੂਨ:

ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਭਗਵੰਤ ਮਾਨ ਸਰਕਾਰ ਵਲੋਂ ਕੀਤੇ ਗਏ ਮੁਫ਼ਤ ਬਿਜਲੀ ਅਤੇ 24 ਘੰਟੇ ਬਿਜਲੀ ਸਪਲਾਈ ਦੇ ਵਾਅਦੇ ਉੱਤੇ ਸਵਾਲ ਚੁੱਕਦਿਆਂ ਕਿਹਾ, “ਅੱਜ ਮੋਹਾਲੀ ਦਾ ਤਾਪਮਾਨ 40 ਡਿਗਰੀ ਟੱਪ ਰਿਹਾ ਹੈ, ਹਰ ਰਾਤ 8-10 ਘੰਟੇ ਦੇ ਪਾਵਰ ਕੱਟ ਲਗ ਰਹੇ ਹਨ, ਲੋਕ ਬਿਨਾਂ ਬਿਜਲੀ ਤੋਂ ਰਾਤਾਂ ਕੱਟਣ ਲਈ ਮਜਬੂਰ ਹਨ, ਪਰ ਭਗਵੰਤ ਮਾਨ ਆਉਣ ਵਾਲੀਆਂ ਲੁਧਿਆਣਾ ਚੋਣਾਂ ਵਿੱਚ ਆਪਣੇ ਝੂਠੇ ਪ੍ਰਚਾਰ ਕਰਨ ਵਿੱਚ ਵਿਅਸਤ ਹਨ।” ਹਾਲ ਹੀ ਵਿੱਚ ਮਨੀਸ਼ ਸਿਸੋਦੀਆ ਵਲੋਂ ਜ਼ੀਰੋ ਪਾਵਰ ਕੱਟ ਨੂੰ ਲੈ ਕੇ X ‘ਤੇ ਕੀਤੇ ਗਏ ਇੱਕ ਟਵੀਟ ‘ਤੇ ਨਿਸ਼ਾਨਾ ਸਾਧਦਿਆਂ ਸਿੱਧੂ ਨੇ ਕਿਹਾ, “ਇਸ ਅਸਹਿ ਗਰਮੀ ਵਿੱਚ, ਪੰਜਾਬ ਵਿੱਚ ਬਿਜਲੀ ਕੱਟਾਂ ਕਾਰਨ ਲੋਕ ਆਪਣੀਆਂ ਕਾਰਾਂ ਵਿੱਚ ਸੌਣ ਲਈ ਮਜਬੂਰ ਹੋ ਰਹੇ ਹਨ, ਅਤੇ ਦਿੱਲੀ ਤੋਂ ਆਏ ਮਨੀਸ਼ ਸਿਸੋਦੀਆ ਵਲੋਂ ਬੇਸ਼ਰਮੀ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਜ਼ੀਰੋ ਬਿਜਲੀ ਕੱਟ ਹਨ!”

ਸਿੱਧੂ ਨੇ ਮੋਹਾਲੀ ਵਿੱਚ ਪਾਵਰ ਕੱਟ ਕਾਰਨ ਪਰੇਸ਼ਾਨ ਹੋ ਰਹੇ ਲੋਕਾਂ ਵੱਲ ਆਪ ਸਰਕਾਰ ਦਾ ਧਿਆਨ ਦਵਾਉਂਦੇ ਹੋਏ ਕਿਹਾ, “6 ਦਿਨਾਂ ਤੋਂ ਉੱਤੇ ਦਾ ਸਮਾਂ ਹੋ ਚੱਲਾ ਹੈ, ਮੋਹਾਲੀ ਅਤੇ ਆਸ ਪਾਸ ਦੇ ਇਲਾਕੇ ਵਾਲੇ ਨਿਵਾਸੀ ਬਿਜਲੀ ਦੇ ਕੱਟਾਂ ਕਾਰਨ ਪਰੇਸ਼ਾਨ ਹਨ, ਬਿਜਲੀ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦੇ ਬਾਵਜੂਦ ਹਾਲਾਤ ਬਦਲਣ ਦੀ ਬਜਾਏ ਹਰ ਰੋਜ਼ ਹੋਰ ਖਰਾਬ ਹੋ ਰਹੇ ਹਨ।” ਸਿੱਧੂ ਨੇ ਅੱਗੇ ਕਿਹਾ ਮੋਹਾਲੀ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਲੋਕ ਦੇਸ਼ ਭਰ ਤੋਂ ਪੜ੍ਹਨ ਅਤੇ ਨੌਕਰੀ ਕਰਨ ਆਉਂਦੇ ਹਨ, “ਇਹੋ ਜਿਹੀਆਂ ਪ੍ਰੇਸ਼ਾਨੀਆਂ ਕਾਰਨ ਨਾ ਹੀ ਸਿਰਫ਼ ਉਨ੍ਹਾਂ ਦਾ ਪੜ੍ਹਨਾ ਲਿਖਣਾ ਅਤੇ ਨੌਕਰੀ ਕਰਨਾ ਔਖਾ ਹੋ ਰਿਹਾ ਹੈ ਬਲਕਿ ਸੂਬੇ ਦਾ ਨਾਂਅ ਵੀ ਦੇਸ਼ ਭਰ ਵਿੱਚ ਬਦਨਾਮ ਹੋ ਰਿਹਾ ਹੈ।” ਪਿਛਲੇ ਮਹੀਨਿਆਂ ਵਿੱਚ ਸੂਬੇ ਭਰ ਵਿੱਚ ਹੋਈ ਪਾਵਰ ਕੱਟ ਦੀਆਂ ਘਟਨਾਵਾਂ ‘ਤੇ ਲੋਕਾਂ ਦਾ ਧਿਆਨ ਕੇਂਦਰਿਤ ਕਰਦਿਆਂ ਸਿੱਧੂ ਨੇ ਕਿਹਾ, “ਸਿਰਫ਼ ਘਰਾਂ ਹੀ ਨਹੀਂ, ਇਸ ਤੋਂ ਪਹਿਲਾਂ ਸੂਬੇ ਦੇ ਪ੍ਰੀਮੀਅਮ ਹਸਪਤਾਲਾਂ ਜਿਵੇਂ ਕਿ ਰਾਜਿੰਦਰਾ ਹਸਪਤਾਲ, ਪਟਿਆਲਾ ਵਿੱਚ ਵੀ ਪਾਵਰ ਕੱਟ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਸੂਬਾ ਸਰਕਾਰ ਨੂੰ ਨਾ ਤਾਂ ਆਪਣੇ ਲੋਕਾਂ ਦੀ ਫ਼ਿਕਰ ਹੈ ਅਤੇ ਨਾ ਹੀ ਮਰੀਜ਼ਾਂ ਦੀ, ਉਨ੍ਹਾਂ ਨੂੰ ਫ਼ਿਕਰ ਹੈ ਤਾਂ ਸਿਰਫ਼ ਆਪਣੇ ਝੂਠੇ ਇਸ਼ਤਿਹਾਰਾਂ ਤੋਂ ਵੋਟਾਂ ਹਾਸਿਲ ਕਰਨ ਦੀ।” ਸੂਬੇ ਦੇ ਤਾਪ-ਘਰਾਂ ਦੀ ਹਾਲਤ ‘ਤੇ ਗੰਭੀਰ ਚਿੰਤਾ ਜਤਾਉਂਦਿਆਂ ਸਿੱਧੂ ਨੇ ਕਿਹਾ, “ਪੰਜਾਬ ਵਿੱਚ ਤਾਪ-ਘਰਾਂ ਦੇ 15 ‘ਚੋਂ 4 ਯੂਨਿਟ ਬੰਦ ਹੋ ਚੁੱਕੇ ਹਨ। ਇਹ ਬਿਜਲੀ ਸੰਕਟ ਨਹੀਂ, ਸਰਕਾਰ ਦੀ ਨਾਕਾਮੀ ਦਾ ਸਬੂਤ ਹੈ। ਭਗਵੰਤ ਮਾਨ ਦੀ ਸਰਕਾਰ ਕੇਵਲ ਮੀਡੀਆ ਦੀ ਝੂਠੀ ਚਮਕ ਵਿੱਚ ਰੁੱਝੀ ਹੋਈ ਹੈ ਜੋ ਕਿ ਜ਼ਮੀਨੀ ਹਕੀਕਤਾਂ ਤੋਂ ਬਹੁਤ ਦੂਰ ਹੈ।”

ਸਿੱਧੂ ਨੇ ਭਗਵੰਤ ਮਾਨ ਸਰਕਾਰ ‘ਤੇ ਸਖ਼ਤ ਪ੍ਰਹਾਰ ਕਰਦਿਆਂ ਕਿਹਾ, “ਜਿੱਥੇ ਅੱਜ ਪੂਰਾ ਪੰਜਾਬ ਬਿਜਲੀ ਸੰਕਟ ’ਚ ਫਸਿਆ ਹੋਇਆ ਹੈ, ਓਥੇ ਹੀ ਬਿਜਲੀ ਵਿਭਾਗ ਵਿਚ ਢੇਰ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ। ਮਜਬੂਰ ਕਰਮਚਾਰੀ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ 18-20 ਘੰਟੇ ਤੱਕ ਡਿਊਟੀਆਂ ਨਿਭਾ ਰਹੇ ਹਨ, ਜਿੱਥੇ ਮੈਂ ਇਨ੍ਹਾਂ ਮੁਲਾਜ਼ਮਾਂ ਦਾ ਧੰਨਵਾਦ ਕਰਦਾ ਹਾਂ ਜੋ ਦਿਨ ਰਾਤ ਕੰਮ ਕਰ ਰਹੇ ਹਨ ਸਾਨੂੰ ਨਿਰਵਿਘਨ ਬਿਜਲੀ ਪਹੁੰਚਾਉਣ ਲਈ, ਉਥੇ ਹੀ ਮੈਂ ਮੁੱਖਮੰਤਰੀ ਭਗਵੰਤ ਮਾਨ ਤੋਂ ਮੰਗ ਕਰਦਾ ਹਾਂ ਕਿ ਉਹ ਬਿਜਲੀ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਜਲਦ ਤੋਂ ਜਲਦ ਪੂਰਾ ਕਰਨ।” ਸਿੱਧੂ ਨੇ ਅੰਤ ਵਿੱਚ ਕਿਹਾ, “ਆਪ ਸਰਕਾਰ ਨੂੰ ਝੂਠੇ ਪ੍ਰਚਾਰ ਕਰਨ ਦੀ ਬਜਾਏ ਜ਼ਮੀਨੀ ਹਕੀਕਤਾਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਉੱਤੇ ਧਿਆਨ ਦੇਣ ਦੀ ਲੋੜ ਹੈ। ਪੰਜਾਬ ਇਸ ਵੇਲੇ ਗੰਭੀਰ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜ਼ਿੰਦਗੀਆਂ ‘ਤੇ ਪੈ ਰਿਹਾ ਹੈ। ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਸਲੇ ਦਾ ਤੁਰੰਤ ਹੱਲ ਕੱਢਿਆ ਜਾਵੇ ਨਾ ਕਿ ਵੋਟਾਂ ਹਾਸਿਲ ਕਰਨ ਦੀ ਝੂਠਾ ਪ੍ਰਚਾਰ ਕੀਤਾ ਜਾਵੇ।”

Leave a Reply

Your email address will not be published. Required fields are marked *