ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਜੂਨ:
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਈ, ਜਿਸ ਵਿਚ ਡਾ. ਅਨਿਲ ਬਹਿਲ ਦਾ ਗ਼ਜ਼ਲ ਸੰਗ੍ਰਹਿ “ਕੂੰਜਾਂ ਦੀ ਉਡਾਣ” ਲੋਕ ਅਰਪਣ ਕੀਤਾ ਗਿਆ। ਸ਼ੁਰੂ ਵਿਚ ਅਹਿਮਦਾਬਾਦ ਹਵਾਈ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਨੂੰ ਦੋ ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਪ੍ਰਸਿੱਧ ਗਜ਼ਲ-ਗੋ ਗੁਰਦਿਆਲ ਰੌਸ਼ਨ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿਚ ਕੇਂਦਰ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਕੌਰ ਪਰਮ, ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ, ਮੁੱਖ ਸਲਾਹਕਾਰ ਡਾ: ਅਵਤਾਰ ਸਿੰਘ ਪਤੰਗ ਅਤੇ ਲੇਖਕ ਡਾ: ਅਨਿਲ ਬਹਿਲ ਸ਼ਾਮਲ ਸਨ।


ਪ੍ਰੋਗਰਾਮ ਦੀ ਸ਼ੁਰੂਆਤ ਵਿਚ ਪਰਮ ਵਲੋਂ ਸਵਾਗਤੀ ਸ਼ਬਦ ਕਹੇ ਗਏ ਅਤੇ ਪ੍ਰੋਗਰਾਮ ਬਾਰੇ ਦੱਸਿਆ। ਪ੍ਰਦੀਪ ਕੁਮਾਰ ਵਲੋਂ ਇਸ ਕਿਤਾਬ ਵਿਚੋਂ ਗ਼ਜ਼ਲ ਨੂੰ ਤਰੰਨਮ ਵਿਚ ਪੇਸ਼ ਕੀਤਾ ਗਿਆ। ਪ੍ਰਧਾਨਗੀ ਮੰਡਲ ਨੇ ਕਿਤਾਬ ਨੂੰ ਲੋਕ-ਅਰਪਣ ਕੀਤਾ। ਨਰਿੰਦਰ ਕੌਰ ਲੌਂਗੀਆ, ਭਰਪੂਰ ਸਿੰਘ, ਦਵਿੰਦਰ ਕੌਰ ਢਿਲੋਂ,ਪਰਲਾਦ ਸਿੰਘ ਨੇ ਕਿਤਾਬ ਵਿਚੋਂ ਗਜ਼ਲਾਂ ਸੁਣਾਈਆਂ। ਡਾ: ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਗਜ਼ਲ ਅਰਬੀ, ਫਾਰਸੀ, ਉਰਦੂ ਜ਼ੁਬਾਨਾਂ ਵਿਚੋਂ ਹੁੰਦੀ ਹੋਈ ਪੰਜਾਬੀ ਜ਼ੁਬਾਨ ਵਿਚ ਪ੍ਰਫੁਲਿਤ ਹੋਈ ਹੈ। ਲੇਖਕ ਨੇ ਮਿਹਨਤ ਨਾਲ ਗਜ਼ਲ ਲਿਖਣੀ ਸਿੱਖੀ ਹੈ ਤੇ ਵਧੀਆ ਗਜ਼ਲਾਂ ਲਿਖੀਆਂ ਹਨ। ਪਾਲ ਅਜਨਬੀ, ਗੁਰਦਰਸ਼ਨ ਸਿੰਘ ਮਾਵੀ, ਪਰਮਜੀਤ ਪਰਮ ਨੇ ਵੀ ਕਿਤਾਬ ਬਾਰੇ ਵਿਚਾਰ ਪ੍ਰਗਟ ਕੀਤੇ। ਲੇਖਕ ਡਾ. ਅਨਿਲ ਬਹਿਲ ਨੇ ਦੱਸਿਆ ਕਿ ਉਸ ਨੂੰ ਚੰਗੇ ਉਸਤਾਦਾਂ ਨੇ ਵਧੀਆ ਗਜ਼ਲ ਲਿਖਣੀ ਸਿਖਾਈ। ਪੰਜਾਬੀ ਵਿਚ ਗ਼ਜ਼ਲ ਲਿਖਣੀ ਕੁਝ ਔਖੀ ਹੈ, ਪਰ ਸਿਰੀ ਰਾਮ ਅਰਸ਼, ਗੁਰਦਿਆਲ ਰੌਸ਼ਨ ਦੀ ਰਹਿਨੁਮਾਈ ਵਿਚ ਇਹ ਸੌਖਾ ਲੱਗਿਆ। ਮਨਜੀਤ ਕੌਰ ਮੋਹਾਲੀ, ਤਰਸੇਮ ਰਾਜ, ਰਤਨ ਬਾਬਕਵਾਲਾ, ਲਾਭ ਸਿੰਘ ਲਹਿਲੀ, ਬਲਵਿੰਦਰ ਢਿਲੋਂ, ਰਜਿੰਦਰ ਸਿੰਘ, ਹਰਜੀਤ ਸਿੰਘ, ਸਰਬਜੀਤ ਸਿੰਘ, ਪਰਮਜੀਤ ਪਰਮ ਨੇ ਆਪਣੀਆਂ ਪਸੰਦੀਦਾ ਰਚਨਾਵਾਂ ਸੁਣਾਈਆਂ। ਗੁਰਦਰਸ਼ਨ ਸਿੰਘ ਮਾਵੀ ਨੇ ਆਸਟ੍ਰੇਲੀਆ ਦੀ ਫੇਰੀ ਦੇ ਆਪਣੇ ਮਿੱਠੇ ਅਨੁਭਵ ਸਾਂਝੇ ਕੀਤੇ। ਗੁਰਦਿਆਲ ਰੌਸ਼ਨ ਨੇ ਗਜ਼ਲਾਂ ਨੂੰ ਮਾਪ ਦੰਡ ਉਤੇ ਖਰੀਆਂ ਉਤਰਨ ਵਾਲੀਆਂ ਦੱਸਿਆ। ਉਹਨਾ ਕਿਹਾ ਕਿ ਨਦੀ ਦੀ ਡੂੰਘਾਈ ਤੋਂ ਅੱਗੇ ਸਮੁੰਦਰ ਵਾਂਗ ਬਣਨ ਦੀ ਕੋਸ਼ਿਸ਼ ਕਰੋ। ਉਹਨਾਂ ਆਪਣੀਆਂ ਦੋ ਗ਼ਜ਼ਲਾਂ ਸੁਣਾਈ।

