ਬਰੈਂਪਟਨ (ਕੈਨੇਡਾ) (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੂਨ:


ਪੰਜਾਬ ਮੰਡੀ ਬੋਰਡ ਦੇ ਰਿਟਾਇਰਡ ਇੰਜੀਨੀਅਰ ਦਿਲਜੀਤ ਸਿੰਘ ਗਿੱਲ ਦੇ ਯਤਨਾਂ ਸਦਕਾ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਵੱਡੀ ਮਿੱਤਰ ਮਿਲ਼ਣੀ ਦਾ ਆਯੋਜਨ ਕੀਤਾ ਗਿਆ। ਦੱਸਣਯੋਗ ਹੈ ਕਿ ਬੋਰਡ ਦੇ ਕਈ ਅਧਿਕਾਰੀ ਤੇ ਕਰਮਚਾਰੀ ਆਪਣੇ ਬੱਚਿਆਂ ਨੂੰ ਮਿਲਣ ਲਈ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਅਕਸਰ ਜਾਂਦੇ ਰਹਿੰਦੇ ਹਨ। ਕਈ ਤਾਂ ਉੱਥੋਂ ਦੇ ਹੀ ਬਾਸ਼ਿੰਦੇ ਹੋ ਗਏ ਹਨ। ਇਸ ਮਿੱਤਰ ਮਿਲ਼ਣੀ ਦਾ ਮਕਸਦ ਉਨ੍ਹਾਂ ਸਾਰਿਆਂ ਨੂੰ ਇੱਕੋ ਮੰਚ ‘ਤੇ ਇਕੱਠੇ ਕਰਕੇ ਪੁਰਾਣੀਆਂ ਯਾਦਾਂ ਸਾਂਝੀਆਂ ਕਰਨ ਦੇ ਨਾਲ਼ ਨਾਲ਼ ਮੌਜੂਦਾ ਹਾਲਾਤਾਂ ਤੇ ਜੀਵਨ ਬਾਰੇ ਨਿੱਗਰ ਵਿਚਾਰ-ਵਟਾਂਦਰਾ ਕਰਨਾ ਸੀ। ਉਨ੍ਹਾਂ ਸਾਰਿਆਂ ਵੱਲੋਂ ਸਭ ਤੋਂ ਪਹਿਲਾਂ ਅਹਿਮਦਾਬਾਦ ਵਿਖੇ ਵਾਪਰੇ ਵੱਡੇ ਦੁਖਾਂਤਕ ਜਹਾਜ਼ ਹਾਦਸੇ ਵਿੱਚ ਮਾਰੇ ਗਏ ਨਿਰਦੋਸ਼ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨਾਲ਼ ਡੂੰਘੀ ਸੰਵੇਦਨਾ ਦਾ ਇਜ਼ਹਾਰ ਕੀਤਾ ਗਿਆ।
ਸਮਾਗਮ ਦੌਰਾਨ ਪੰਜਾਬ ਮੰਡੀ ਬੋਰਡ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਲਾਮਤੀ ਲਈ ਅਰਦਾਸ ਕੀਤੀ ਗਈ। ਵਿਚਾਰ-ਵਟਾਂਦਰੇ ਦੌਰਾਨ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਗਿਆ ਕਿ ਕੈਨੇਡਾ ਰਹਿੰਦੇ ਉਨ੍ਹਾਂ ਦੇ ਬੱਚਿਆਂ ਤੇ ਪਰਿਵਾਰਾਂ ਦੇ ਆਪਸੀ ਮੇਲ਼-ਜੋਲ਼ ਤੇ ਪਿਆਰ ਸਹਿਤ ਇਕੱਠੇ ਹੋਣ ਦੇ ਉਪਰਾਲੇ ਕੀਤੇ ਜਾਣ। ਇਸ ਮੌਕੇ ਇੰਜੀਨੀਅਰ ਡੀ.ਐਸ. ਗਿੱਲ ਵੱਲੋਂ ਸਭਨਾ ਲਈ ਦੁਪਹਿਰ ਦੇ ਖਾਣੇ ਦਾ ਸ਼ਾਨਦਾਰ ਪ੍ਰਬੰਧ ਵੀ ਕੀਤਾ ਕੀਤਾ। ਇਸ ਮਿੱਤਰ ਮਿਲ਼ਣੀ ਵਿੱਚ ਉੱਘੇ ਪੱਤਰਕਾਰ ਅਜਾਇਬ ਸਿੰਘ ਔਜਲਾ, ਗੁਰਸੇਵਕ ਸਿੰਘ ਸਿੱਧੂ, ਦਰਸ਼ਨ ਸਿੰਘ, ਕਾਕਾ ਸਿੰਘ ਚੀਮਾ, ਦਲੀਪ ਸਿੰਘ ਸਿੱਧੂ, ਰਮਨ ਮਹਾਜਨ, ਰੀਟਾ ਮਹਾਜਨ, ਡੀ.ਐਸ. ਗਿੱਲ, ਕਮਲੇਸ਼ ਕੁਮਾਰੀ, ਮੀਨੂੰ ਅਰੋੜਾ, ਪ੍ਰੋਮਿਲਾ ਕੁਮਾਰੀ ਅਤੇ ਧਨਵੀਰ ਸਿੰਘ ਤੋਂ ਇਲਾਵਾ ਮਿਊਜ਼ਿਕ ਡਾਇਰੈਕਟਰ, ਗਾਇਕ ਤੇ ਅਦਾਦਾਰ ਮਨਪ੍ਰੀਤ ਔਜਲਾ (ਗੋਲੂ) ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮਨਪ੍ਰੀਤ ਔਜਲਾ ਛੇਤੀ ਹੀ ਆਪਣੀ ਆਉਣ ਵਾਲ਼ੀ ਫਿਲਮ ‘ਮਧਾਣੀਆਂ’ ਵਿੱਚ ਦਰਸ਼ਕਾਂ ਦੇ ਰੂ-ਬਰੂ ਹੋਵੇਗਾ।

