ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 19 ਜੂਨ:
ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸੈਕਟਰ-41 (ਬਡਹੇੜੀ) ਚੰਡੀਗੜ੍ਹ ਸਥਿਤ ਦਫਤਰ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਕੱਲ੍ਹ ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਵਿਖੇ ਇੱਕ ਸ਼ਾਨਦਾਰ ਸਮਾਗਮ ਵਿੱਚ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸਨਰ ਫਰੀਦਕੋਟ ਨਰਭਿੰਦਰ ਸਿੰਘ ਗਰੇਵਾਲ ਨੂੰ ਆਪਣੀ 110ਵੀਂ ਪੁਸਤਕ ”ਪੰਜਾਬ ਕਰਾਂ ਕੀ ਸਿਫਤ ਤੇਰੀ” ਭੇਟ ਕੀਤੀ। ਦੂਜੇ ਆਏ ਮਹਿਮਾਨਾਂ ਨੂੰ ਵੀ ਪ੍ਰਿੰ. ਗੋਸਲ ਵਲੋਂ ਆਪਣੀਆਂ ਲਿਖੀਆਂ ਪੁਸਤਕਾਂ ਭੇਟ ਕੀਤੀਆਂ ਗਈਆਂ, ਜਿਹਨਾਂ ਵਿੱਚ ਡਾ. ਗੁਰਸੇਵਕ ਸਿੰਘ, ਡਾ. ਅਵਨਿੰਦਰ ਪਾਲ ਸਿੰਘ, ਪ੍ਰਿੰਸੀਪਲ ਦਲਬੀਰ ਸਿੰਘ, ਸ੍ਰ. ਜਸਬੀਰ ਸਿੰਘ ਜੱਸੀ, ਪ੍ਰੋਜੈਕਟ ਇੰਚਾਰਜ ਹਰਵਿੰਦਰ ਸਿੰਘ, ਮਾਹਿਲ ਸਿੰਘ ਭਾਂਗਰ, ਸ੍ਰ. ਗੋਬਿੰਦ ਸਿੰਘ ਵੀ ਸ਼ਾਮਲ ਸਨ ਜਿਹਨਾਂ ਨੇ ਪ੍ਰਿੰ. ਗੋਸਲ ਦੀ 100ਵੀਂ ਲਿਖਤ ਪੁਸਤਕ ”ਮਾਤਾ ਗੁਜਰੀ ਜੀ ਦੇ ਲਾਲ ਦੇ ਲਾਲ” ਦੀ ਭਰਪੂਰ ਪ੍ਰਸੰਸਾ ਕੀਤੀ।


ਇੱਥੇ ਦੱਸਣਯੋਗ ਹੈ ਕਿ ਇਹ ਸਮਾਗਮ ਭਾਈ ਜੈਤਾ ਜੀ ਫਾਊਂਡੇਸ਼ਨ ਚੰਡੀਗੜ੍ਹ ਵਲੋਂ ਹਰ ਸਾਲ ਨਵੋਦਿਆਂ ਸਕੂਲ ਲਈ ਚੁਣੇ ਗਏ ਬੱਚਿਆਂ ਨੂੰ ਅਤੇ ਉਹਨਾਂ ਦੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਕੀਤਾ ਜਾਂਦਾ ਹੈ। ਬੱਚਿਆਂ ਨੂੰ ਪ੍ਰਿੰ. ਗੋਸਲ ਰਚਿਤ ਪੁਸਤਕਾਂ ਅਤੇ ਅਧਿਆਪਕਾਂ ਨੂੰ ਸੇਵਾ ਫਲ ਦੇ ਚੈੱਕ, ਸਨਮਾਨ ਪੱਤਰ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਲਈ ਚੰਡੀਗੜ੍ਹ ਤੋਂ ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਦੇ ਪ੍ਰੋਜੈਕਟ ਇੰਚਾਰਜ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਉਹਨਾਂ ਨਾਲ ਸੰਦੀਪ ਸਿੰਘ ਪਹੁੰਚੇ ਸਨ।
ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਬੱਚਿਆਂ, ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਿਤ ਹੁੰਦੇ ਹੋਏ ਭਾਈ ਜੈਤਾ ਫਾਊਂਡੇਸ਼ਨ ਦੇ ਵਿਲੱਖਣ ਸਮਾਜ ਸੇਵੀ ਪ੍ਰੋਜੈਕਟਾਂ ਦਾ ਵਿਸਥਾਰ ਪੂਰਵਕ ਵਰਨਣ ਕੀਤਾ ਅਤੇ ਨਵੋਦਿਆਂ ਸਕੂਲਾਂ ਦੇ ਦਾਖਲੇ ਲਈ ਚੁਣੇ ਜਾਣ ਤੇ ਬੱਚਿਆਂ ਉਹਨਾਂ ਦੇ ਮਾਪਿਆਂ ਅਤੇ ਖਾਸ ਕਰਕੇ ਉਹਨਾਂ ਨੂੰ ਪੜ੍ਹਾ ਰਹੇ ਅਧਿਆਪਕਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਦੇ 125 ਸੈਂਟਰ ਭਾਈ ਜੈਤਾ ਜੀ ਫਾਊਂਡੇਸ਼ਨ ਵਲੋਂ ਚਲਾਏ ਜਾ ਰਹੇ ਹਨ ਅਤੇ ਹੁਣ ਤੱਕ ਸੰਸਥਾ 19692 ਬੱਚਿਆਂ ਨੂੰ ਕੋਚਿੰਗ ਦੇ ਚੁੱਕੀ ਹੈ, ਜਿਹਨਾਂ ਵਿਚੋ 1452 ਬੱਚੇ ਨਵੋਦਿਆਂ ਸਕੂਲਾਂ ਵਿੱਚ ਦਾਖਲ ਹੋ ਚੁੱਕੇ ਹਨ। ਉਹਨਾਂ ਨੇ ਇਸ ਵੱਡੇ ਪ੍ਰੋਜੈਕਟ ਲਈ ਭਾਈ ਜੈਤਾ ਜੀ ਫਾਊਂਡੇਸ਼ਨ ਦੇ ਚੇਅਰਮੈਨ ਡਾ. ਵਾਲੀਆ, ਮੈਨੇਜਿੰਗ ਟਰੱਸਟੀ ਸ੍ਰ. ਹਰਪਾਲ ਸਿੰਘ, ਜਸਵਿੰਦਰ ਸਿੰਘ ਪਸਰੀਚਾ ਇਲਾਕੇ ਦੇ ਪ੍ਰੋਜੈਕਟ ਇੰਚਾਰਜ ਹਰਵਿੰਦਰ ਸਿੰਘ ਫਰੀਦਕੋਟ ਜੀ ਦਾ ਵੀ ਧੰਨਵਾਦ ਕੀਤਾ। ਮੁੱਖ ਮਹਿਮਾਨ ਨੇ ਇਸ ਸ਼ਾਨਦਾਰ ਕੰਮ ਲਈ ਪੂਰੇ ਅਦਾਰੇ ਦੀ ਸ਼ਲਾਘਾ ਕੀਤੀ।
ਫੋਟੋ ਕੈਪਸ਼ਨ −ਪ੍ਰਿੰ. ਬਹਾਦਰ ਸਿੰਘ ਗੋਸਲ ਵਧੀਕ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰ. ਨਰਭਿੰਦਰ ਸਿੰਘ ਨੂੰ ਆਪਣੀ 110ਵੀਂ ਪੁਸਤਕ ਭੇਟ ਕਰਦੇ ਹੋਏ, ਨਾਲ ਖੜ੍ਹੇ ਹਨ ਸ੍ਰ. ਹਰਵਿੰਦਰ ਸਿੰਘ, ਪ੍ਰਿੰ. ਦਲਬੀਰ ਸਿੰਘ, ਸ੍ਰੀ ਜਸਬੀਰ ਸਿੰਘ ਜੱਸੀ ਅਤੇ ਹੋਰ।

