ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 20 ਜੂਨ:


ਪੰਜਾਬੀ ਬੋਲੀ ਦੀ ਵਕਾਲਤ ਕਰਨ ਵਾਲ਼ੇ ਸਿੱਖ ਕਿਸਾਨ ਆਗੂ ਰਾਜਿੰਦਰ ਸਿੰਘ ਬਡਹੇੜੀ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਹਾਲੀਆ ਬਿਆਨ ਕਿ “ਆਉਣ ਵਾਲੇ ਸਮੇਂ ਵਿੱਚ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਆਵੇਗੀ ਸ਼ਰਮ, ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤੀ ਭਾਸ਼ਾਵਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਭਾਰਤ ਦੀ ਭਾਸ਼ਾਈ ਵਿਰਾਸਤ ਨੂੰ ਮੁੜ ਪ੍ਰਾਪਤ ਕਰਨ ਅਤੇ ਮਾਤ ਭਾਸ਼ਾਵਾਂ ‘ਤੇ ਮਾਣ ਕਰਨ ਨਾਲ ਦੁਨੀਆ ਦੀ ਅਗਵਾਈ ਕਰਨ ਦਾ ਸਮਾਂ ਆ ਗਿਆ ਹੈ। ਇੱਕ ਕਿਤਾਬ ਰਿਲੀਜ਼ ਸਮਾਗਮ ਵਿੱਚ ਬੋਲਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, “ਇਸ ਦੇਸ਼ ਵਿੱਚ ਅੰਗਰੇਜ਼ੀ ਬੋਲਣ ਵਾਲੇ ਜਲਦੀ ਹੀ ਸ਼ਰਮ ਮਹਿਸੂਸ ਕਰਨਗੇ।”
ਸਿੱਖ ਕਿਸਾਨ ਆਗੂ ਰਾਜਿੰਦਰ ਸਿੰਘ ਬਡਹੇੜੀ ਨੇ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਚੰਡੀਗੜ੍ਹ ਕੇਂਦਰੀ ਸਾਸ਼ਤ ਪ੍ਰਦੇਸ਼ ਦੀ ਦਫਤਰੀ ਬੋਲੀ ਅੰਗਰੇਜ਼ੀ ਕਿਉਂ ਰੱਖੀ ਗਈ ਹੈ, ਜਦੋਂਕਿ ਇਹ ਪੰਜਾਬੀ ਬੋਲੀ ਖੇਤਰ ਹੈ। ਇਸ ਲਈ ੧ ਨਵੰਬਰ ੧੯੬੬ ਨੂੰ ਜੋ ਰੁਤਬਾ ਇਸ ਖੇਤਰ ਦਾ ਸੀ, ਉਹੀ ਰੁਤਬਾ ਮੁੜ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਐਥੋਂ ਉਜਾੜੇ ਪਿੰਡ ਪੰਜਾਬੀ ਬੋਲਣ ਵਾਲੇ ਅਤੇ ਸਿੱਖ ਬਹੁ-ਗਿਣਤੀ ਵਾਲੇ ਹੀ ਸਨ।
ਸ੍ਰ. ਬਡਹੇੜੀ ਨੇ ਕਿਹਾ ਕਿ ਚੰਡੀਗੜ੍ਹ ਕੇਂਦਰੀ ਸਾਸ਼ਤ ਪ੍ਰਦੇਸ਼ ਦੇ ਵਸਨੀਕਾਂ ਨੂੰ ਲੰਬੇ ਸਮੇਂ ਤੋਂ ਇਹ ਦੱਸਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਹੈ। ਚੰਡੀਗੜ੍ਹ ਪ੍ਰਦੇਸ਼ ਇੱਕੋ ਇੱਕ ਅਜਿਹਾ ਖੇਤਰ ਹੈ, ਜਿਸ ਦੀ ਦਫਤਰੀ ਭਾਸ਼ਾ ਅੰਗਰੇਜ਼ੀ ਹੈ, ਜਦੋਂਕਿ ਪੂਰੇ ਦੇਸ਼ ਦੇ ਬਾਕੀ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਐਥੋਂ ਤੀਕ ਕਿ ਦੇਸ਼ ਦੀ ਰਾਜਧਾਨੀ ਦੀ ਦਫਤਰੀ ਭਾਸ਼ਾ ਵੀ ਅੰਗਰੇਜ਼ੀ ਨਹੀਂ ਹੈ। ਜੇਕਰ ਕੇਂਦਰ ਸਰਕਾਰ ਇਸ ਤਰ੍ਹਾਂ ਖੇਤਰੀ ਭਾਸ਼ਾਵਾਂ ਦਾਂ ਸਨਮਾਨ ਅਤੇ ਸੰਸਕ੍ਰਿਤੀ ਕਾਇਮ ਰੱਖਣਾ ਚਾਹੁੰਦੀ ਹੈ, ਜਿਸ ਤਰਾਂ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਬਿਆਨ ਕੀਤਾ ਹੈ, ਤਾਂ ਸਭ ਤੋਂ ਪਹਿਲਾਂ ਚੰਡੀਗੜ੍ਹ ਕੇਂਦਰੀ ਸ਼ਾਸਤ ਪ੍ਰਦੇਸ਼ ਦੀ ਦਫ਼ਤਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਭਾਸ਼ਾ ਕਰਨ ਦਾ ਫ਼ੈਸਲਾ ਕਰਕੇ ਅਮਲ ਵਿੱਚ ਲਿਆਉਣ ਦੇ ਹੁਕਮ ਜਾਰੀ ਕਰਨ ਅਤੇ ਸਕੂਲਾਂ ਵਿੱਚ ਪੜ੍ਹਾਈ ਸ਼ੁਰੂ ਕਰਨ ਸਮੇਂ ਪੰਜਾਬੀ ਮੁੱਢਲੀ ਭਾਸ਼ਾ ਵਜੋਂ ਸ਼ੁਰੂ ਕਰਨ ਦੇ ਹੁਕਮ ਵੀ ਕੀਤੇ ਜਾਣੇ ਚਾਹੀਦੇ ਹਨ।

