ਵਿਧਾਇਕ ਕੁਲਵੰਤ ਸਿੰਘ ਵਲੋਂ 76 ਤੋਂ 80 ਸੈਕਟਰ ਦੇ ਅਲਾਟੀਆਂ ਨਾਲ ਕੀਤਾ ਜਾ ਰਿਹਾ ਧੋਖਾ – ਬਲਬੀਰ ਸਿੱਧੂ
ਵਿਧਾਇਕ ਉਤੇ ਪਹਿਲੇ ਹੀ ਪੰਚਾਇਤੀ ਜ਼ਮੀਨਾਂ ਹੜੱਪਣ ਤੇ ਧੋਖਧੜੀ ਦੇ ਵੀ ਹਨ ਗੰਭੀਰ ਦੋਸ਼: ਕਾਂਗਰਸੀ ਆਗੂ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 21 ਜੂਨ:
ਅੱਜ ਮੋਹਾਲੀ ਦੇ ਫੇਜ਼ 1 ਵਿਖੇ ਇਕ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਹਲਕਾ ਵਿਧਾਇਕ ਕੁਲਵੰਤ ਸਿੰਘ ਉੱਤੇ 76 ਤੋਂ 80 ਸੈਕਟਰ ਦੇ ਅਲਾਟੀਆਂ ਨਾਲ ਧੋਖਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਗਮਾਡਾ ਵਲੋਂ ਥੋਪੇ ਗਏ ਨਜਾਇਜ਼ ਵਾਧੇ ਨੂੰ ਰੱਦ ਕਰਾਉਣ ਦੀ ਥਾਂ ਉਹ ਇਸ ਨੂੰ ਜਾਇਜ਼ ਠਹਿਰਾ ਕੇ ਛੇਤੀ ਤੋਂ ਛੇਤੀ ਜਮ੍ਹਾਂ ਕਰਾਉਣ ਲਈ ਜ਼ੋਰ ਪਾ ਰਿਹਾ ਹੈ। ਸ਼੍ਰੀ ਸਿੱਧੂ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਹਲਕਾ ਵਿਧਾਇਕ ਵਲੋਂ ਪੀੜਤ ਵਿਅਕਤੀਆਂ ਨਾਲ ਖੜ੍ਹਣ ਦੀ ਥਾਂ ਇਸ ਮਾਮਲੇ ਵਿਚ ਮੁੱਖ ਦੋਸ਼ੀ ਅਦਾਰੇ ਗਮਾਡਾ ਦਾ ਪੱਖ ਪੂਰਨਾ ਲੋਕ ਹਿੱਤਾਂ ਨਾਲ ਕੀਤਾ ਜਾ ਰਿਹਾ ਨੰਗਾ ਚਿੱਟਾ ਖਿਲਵਾੜ ਬਹੁਤ ਹੀ ਨਿੰਦਣਯੋਗ ਵਤੀਰਾ ਹੈ। ਉਹਨਾਂ ਕਿਹਾ ਕਿ ਸਾਲ 2001 ਦੇ ਅਲਾਟੀਆਂ ਨੂੰ 22 ਸਾਲ ਬਾਅਦ 2023 ਵਿਚ 3164 ਰੁਪਏ ਪ੍ਰਤੀ ਵਰਗ ਮੀਟਰ ਵਾਧੇ ਦੇ ਨੋਟਿਸ ਜਾਰੀ ਕਰਨ ਨੂੰ ਕਿਸੇ ਵੀ ਤਰਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।


ਕਾਂਗਰਸੀ ਆਗੂ ਨੇ ਹਲਕਾ ਵਿਧਇਕ ਦੀ ਇਸ ਦਲੀਲ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਜ਼ਮੀਨ ਮਾਲਕਾਂ ਦੇ ਮੁਆਵਜ਼ੇ ਵਿਚ ਕੀਤੇ ਵਾਧੇ ਕਾਰਨ ਗਮਾਡਾ ਨੂੰ ਪਲਾਟ ਅਲਾਟੀਆਂ ਤੋਂ ਵੱਧ ਪੈਸੇ ਵਸੂਲਣੇ ਪੈ ਰਹੇ ਹਨ ਨੂੰ ਪੂਰੀ ਤਰਾਂ ਰੱਦ ਕਰਦਿਆਂ ਕਿਹਾ ਹੈ ਕਿ ਗਮਾਡਾ ਨੇ ਤੁਰੰਤ ਕਾਰਵਾਈ ਕਿਉਂ ਨਾ ਕੀਤੀ। ਸ਼੍ਰੀ ਸਿੱਧੂ ਨੇ ਪੁੱਛਿਆ ਕਿ ਗਮਾਡਾ ਨੇ 800 ਰੁਪਏ ਪ੍ਰਤੀ ਵਰਗ ਮੀਟਰ ਨੂੰ ਵਿਆਜ–ਦਰ–ਵਿਆਜ ਲਾ ਕੇ 3164 ਰੁਪਏ ਤੱਕ ਕਿਉਂ ਵਧਾਇਆ। ਉਹਨਾਂ ਕਿਹਾ ਕਿ ਗਮਾਡਾ ਨੂੰ ਅਲਾਟੀਆਂ ਵਲੋਂ ਨਕਸ਼ਾ ਪਾਸ ਕਰਵਾਉਣ, ਇਤਰਾਜ਼ਹੀਣਤਾ ਸਰਟੀਫੀਕੇਟ ਲੈਣ, ਤਬਾਦਲਾ ਕਰਾਉਣ ਅਤੇ ਕੋਈ ਬਕਾਇਆ ਨਹੀਂ ਸਰਟੀਫੀਕੇਟ ਲੈਣ ਸਮੇਂ ਜਾਗ ਕਿਉਂ ਨਾ ਆਈ? ਕਾਂਗਰਸੀ ਆਗੂ ਨੇ ਕਿਹਾ ਕਿ ਹਲਕਾ ਵਿਧਾਇਕ ਨੇ ਇਹ ਕਹਿ ਕੇ ਗਮਾਡਾ ਨੂੰ ਬਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਇਹ ਨੋਟਿਸ ਜਾਰੀ ਨਹੀਂ ਹੋਣ ਦਿੱਤੇ, ਜਦੋਂ ਕਿ ਇਹ ਮਾਮਲਾ ਗਮਾਡਾ ਅਧਿਕਾਰੀਆਂ ਦੀ ਨਲਾਇਕੀ ਕਾਰਨ ਉਲਝਿਆ ਹੈ। ਉਹਨਾਂ ਕਿਹਾ ਕਿ ਗਮਾਡਾ ਦੀ ਅਣਗਹਿਲੀ ਜਾਂ ਗਲਤੀਆਂ ਦਾ ਖ਼ਮਿਆਜਾ ਆਮ ਲੋਕਾਂ ਦੀ ਥਾਂ ਖੁਦ ਗਮਾਡਾ ਜਾਂ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਭੁਗਤਣਾ ਚਾਹੀਦਾ ਹੈ।
ਸਾਬਕਾ ਕਾਂਗਰਸ ਮੰਤਰੀ ਨੇ ਕਿਹਾ ਕਿ ਹਲਕਾ ਵਿਧਾਇਕ ਨੂੰ ਬੇਕਸੂਰ ਅਲਾਟੀਆਂ ਨੂੰ ਛੇਤੀ ਤੋਂ ਛੇਤੀ ਪੈਸੇ ਜਮ੍ਹਾਂ ਕਰਾਉਣ ਦੀਆਂ ਨਸੀਹਤਾਂ ਦੇਣ ਦੀ ਥਾਂ ਲੋਕਾਂ ਦਾ ਪੱਖ ਪੂਰਦਿਆਂ ਇਹ ਨਜਾਇਜ਼ ਵਾਧਾ ਰੱਦ ਕਰਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਲਕਾ ਵਿਧਾਇਕ ਵਲੋਂ ਪ੍ਰਚਾਰੀ ਜਾ ਰਹੀ 839 ਰੁਪਏ ਪ੍ਰਤੀ ਵਰਗ ਮੀਟਰ ਦੀ ਮੁਆਫ਼ੀ ਮਹਿਜ਼ ਇਕ ਸ਼ੋਸ਼ੇ ਤੋਂ ਵੱਧ ਕੁਝ ਨਹੀਂ ਹੈ ਕਿਉਂਕਿ ਇਸ ਸਬੰਧੀ ਅਜੇ ਤੱਕ ਕੋਈ ਲਿਖਤੀ ਫੈਸਲਾ ਸਾਹਮਣੇ ਨਹੀਂ ਆਇਆ। ਸ਼੍ਰੀ ਸਿੱਧੂ ਨੇ ਹਲਕਾ ਵਿਧਾਇਕ ਵਲੋਂ ਉਹਨਾਂ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਪੂਰੀ ਤਰਾਂ ਰੱਦ ਕਰਦਿਆਂ ਕਿਹਾ ਹੈ ਕਿ ਉਹ ਹਮੇਸ਼ਾ ਆਪਣੇ ਲੋਕਾਂ ਨਾਲ ਖੜ੍ਹੇ ਹਨ ਅਤੇ ਉਹਨਾਂ ਨੇ ਹਮੇਸ਼ਾ ਹੀ ਲੋਕ ਹਿੱਤਾਂ ਦੇ ਕੰਮਾਂ ਨੂੰ ਤਰਜੀਹ ਦਿੱਤੀ ਹੈ। ਉਹਨਾਂ ਕਿਹਾ ਕਿ ਜੇ ਉਹ ਹਲਕਾ ਵਿਧਾਇਕ ਵਾਂਗ ਗੱਲਾਂ ਦਾ ਕੜਾਹ ਬਣਾਉਣ ਵਿਚ ਵਿਸ਼ਵਾਸ਼ ਰੱਖਦੇ ਹੁੰਦੇ ਤਾਂ ਨਾ ਲਾਂਡਰਾਂ ਚੌਕ ਦਾ ਮਾਮਲਾ ਹੱਲ ਹੋਣਾ ਸੀ, ਨਾ ਏਅਰੋਸਿਟੀ ਵਿਚ ਆਈ ਜ਼ਮੀਨ ਮਾਲਕਾਂ ਨੂੰ ਮਿਲੇ ਕਾਰਨਰ ਪਲਾਟਾਂ ਉਤੇ ਲਾਈ ਜਾ ਰਹੀ ਵਾਧੂ ਰਾਸ਼ੀ ਮੁਆਫ਼ ਹੋਣੀ ਸੀ ਅਤੇ ਨਾ ਮੋਹਾਲੀ ਸ਼ਹਿਰ ਤੇ ਇਲਾਕੇ ਵਿਚ ਨਵੀਆਂ ਸਿਹਤ ਸੰਸਥਾਵਾਂ ਬਣਨੀਆਂ ਸਨ।
ਕਾਂਗਰਸੀ ਆਗੂ ਨੇ ਪਾਪੜੀ ਪਿੰਡ ਦੀ ਉਦਾਹਰਣ ਦਿੰਦਿਆਂ ਹਲਕਾ ਵਿਧਾਇਕ ਉਤੇ ਪੰਚਾਇਤੀ ਜ਼ਮੀਨਾਂ ਹੜੱਪਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸ ਸਬੰਧੀ ਕੇਸ ਅਦਾਲਤ ਵਿਚ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਹਲਕਾ ਵਿਧਾਇਕ ਦੀ ਕੰਪਨੀ ਉਤੇ ਧੋਖਧੜੀ ਦੇ ਜੁਰਮ ਵਿਚ ਗੁੜਗਾਉਂ ਅਤੇ ਮੋਹਾਲੀ ਦੇ ਸੋਹਾਣਾ ਥਾਣਾ ਵਿਚ ਪਰਚੇ ਵੀ ਦਰਜ ਹੋ ਚੁੱਕੇ ਹਨ। ਉਹਨਾਂ ਇਹ ਵੀ ਕਿਹਾ ਕਿ ਜੇ ਈਡੀ ਵਲੋਂ ਕੀਤੀ ਜਾ ਰਹੀ ਜਾਂਚ ਨਿਰਪੱਖ ਹੋਈ ਦੇ ਬੜੇ ਹੈਰਾਨਕੁੰਨ ਤੱਥ ਸਾਹਮਣੇ ਆਉਣਗੇ। ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਚੈਅਰਮੈਨ ਮਾਰਕੀਟ ਕਮੇਟੀ ਖਰੜ ਹਰਕੇਸ਼ ਚੰਦ ਸ਼ਰਮਾਂ ਮੱਛਲੀ ਕਲਾਂ, ਹਰਦਿਆਲ ਚੰਦ ਬਡਬਰ, ਕਮਲਪ੍ਰੀਤ ਸਿੰਘ ਬੰਨੀ ਕੌਂਸਲਰ, ਨਵਜੋਤ ਸਿੰਘ ਬਾਛਲ, ਪਰਦੀਪ ਸਿੰਘ ਤੰਗੋਰੀ ਪ੍ਰਧਾਨ ਬਲਾਕ ਕਾਂਗਰਸ ਦਿਹਾੜੀ ਮੋਹਾਲੀ, ਐਡਵੋਕੇਟ ਸੁਰਿੰਦਰ ਪਾਲ ਸਿੰਘ ਚਾਹਲ ਰਿਟਾਇਰ ਸਾਬਕਾ ਜ਼ਿਲ੍ਹਾ ਅਟੋਰਨੀ ਪਰਦੀਪ ਵਰਮਾ, ਕਰਮਜੀਤ ਸਿੰਘ ਸਿੱਧੂ ਹਾਜ਼ਰ ਸਨ।

