ਚੰਡੀਗੜ੍ਹ 21 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਮੌਜੂਦਾ ਪੰਜਾਬ ਪੁਲਿਸ, ਐਂਟੀ ਨਾਰਕੋਟਿਕਸ ਟਾਸਕ ਫੋਰਸ, ਪੰਜਾਬ, ਐਸ.ਏ.ਐਸ. ਨਗਰ ਵਿਖੇ ਸੇਵਾ ਨਿਭਾਅ ਰਹੇ ਪੰਕਜ ਗੁਪਤਾ, ਨਿਜੀ ਸਹਾਇਕ ਨੂੰ ਵਧੀਕ ਮੁੱਖ ਸਕੱਤਰ, ਗ੍ਰਹਿ ਵਿਭਾਗ, ਪੰਜਾਬ ਸਰਕਾਰ ਦੇ ਹੁਕਮਾਂ ਨਾਲ ਬਤੋਰ ਨਿੱਜੀ ਸਕੱਤਰ ਪਦ ਉਨਤ ਕਰਕੇ ਗਜ਼ਟਿਡ ਅਫ਼ਸਰ ਬਣਾਇਆ ਗਿਆ ਹੈ।
ਪੰਕਜ ਗੁਪਤਾ ਦਾ ਜਨਮ ਚੰਡੀਗੜ ਦੇ ਨੇੜਲੇ ਪਿੰਡ ਮਾਣਕਪੁਰ ਸ਼ਰੀਫ, ਜਿਲ੍ਹਾ ਐਸ.ਏ.ਐਸ. ਨਗਰ ਵਿਖੇ ਸਾਲ 1978 ਵਿੱਚ ਹੋਇਆ। ਮੁਢਲੀ ਸਿੱਖਿਆ ਪਿੰਡ ਮਾਣਕਪੁਰ ਸ਼ਰੀਫ ਵਿਖੇ ਹੀ ਪਿੰਡ ਦੇ ਸਰਕਾਰੀ ਸਕੂਲ ਵਿੱਚੋਂ ਹੀ ਪ੍ਰਾਪਤ ਕੀਤੀ ਉਪਰੰਤ ਖਾਲਸਾ ਸਕੂਲ, ਕੁਰਾਲੀ ਤੋਂ 12ਵੀਂ ਦੀ ਪੜ੍ਹਾਈ ਕੀਤੀ।


ਜ਼ਿਕਰਯੋਗ ਹੈ ਕਿ ਪੰਕਜ ਗੁਪਤਾ ਦੀ ਮਿਹਨਤ ਦੇ ਸਦਕਾ 12ਵੀਂ ਪਾਸ ਕਰਦੇ ਹੀ ਸਾਲ 1997 ਦੌਰਾਨ ਪੰਜਾਬ ਪੁਲਿਸ ਵਿੱਚ ਕਲਰਕ ਵਜੋਂ ਡਿਊਟੀ ਜੁਆਇਨ ਕੀਤੀ ਅਤੇ ਓਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਪੁਲਿਸ ਦੇ ਵੱਖ-ਵੱਖ ਵਿੰਗ ਜਿਵੇਂ ਕਿ ਵਿਜੀਲੈਂਸ ਬਿਊਰੋ, ਸਟੇਟ ਆਰਮਡ ਪੁਲਿਸ ਜਲੰਧਰ, ਪੰਜਾਬ ਪੁਲਿਸ ਅਕੈਡਮੀ ਫਿਲੌਰ, ਕੰਪਿਊਟਰ ਤੇ ਵਾਇਰਲੇਸ ਵਿੰਗ, ਟ੍ਰੇਨਿੰਗ ਵਿੰਗ, ਮਾਡਰਨਾਈਜੇਸ਼ਨ ਵਿੰਗ, ਇੰਟਰਨਲ ਵਿਜੀਲੈਂਸ ਸੈੱਲ, ਬਿਉਰੋ ਆਫ ਇਨਵੈਸਟੀਗੇਸ਼ਨ ਅਤੇ ਐਡਮਿਨ ਵਿਗ ਵਿਚ ਵੱਖ-ਵੱਖ ਸਮੇਂ ਦੌਰਾਨ ਸੇਵਾ ਨਿਭਾਈ ਅਤੇ ਇਸ ਸਮੇਂ ਦੌਰਾਨ ਉਹ ਏ.ਆਈ.ਜੀ ਰੈਂਕ ਦੇ ਅਧਿਕਾਰੀ ਤੋਂ ਲੈਕੇ ਡੀ.ਜੀ.ਪੀ. ਰੈਂਕ ਦੇ ਅਧਿਕਾਰੀਆਂ ਨਾਲ ਨਿੱਜੀ ਸਟਾਫ ਵਿਚ ਸੇਵਾ ਨਿਭਾਈ ਅਤੇ ਹਮੇਸ਼ਾਂ ਮਾਨਯੋਗ ਸੀਨੀਅਰ ਅਫਸਰਾਨ ਸਹਿਬਾਨ ਵੱਲੋਂ ਪ੍ਰਸ਼ੰਸ਼ਾ ਭਰਿਆ ਥਾਪੜਾ ਹਾਸਿਲ ਕੀਤਾ।
ਪੰਕਜ ਗੁਪਤਾ ਦੀ ਸਫਲਤਾ ਇਸ ਗੱਲ ਤੋਂ ਹੀ ਸਾਫ ਝਲਕਦੀ ਹੈ ਕਿ ਉਹ 12ਵੀਂ ਪਾਸ ਕਰਦੇ ਹੀ ਸਰਕਾਰੀ ਸੇਵਾ ਵਿੱਚ ਆ ਗਏ ਅਤੇ ਸਰਵਿਸ ਦੇ ਦੌਰਾਨ ਹੀ ਐਮ.ਏ. (ਅੰਗਰੇਜ਼ੀ) ਪਾਸ ਕੀਤੀ। ਉਪਰੰਤ ਆਪ ਜੀ ਕਲਰਕ ਦੇ ਕਾਡਰ ਤੋਂ ਨਿਕਲ ਕੇ ਪੀ.ਏ ਕਾਡਰ ਵਿੱਚ ਗਏ ਅਤੇ ਵਿਭਾਗੀ ਇਮਤਿਹਾਨ ਪਾਸ ਕਰਕੇ ਜਲਦੀ ਹੀ ਨਿੱਜੀ ਸਕੱਤਰ ਦੇ ਅਹੁਦੇ ਤੱਕ ਪਹੁੰਚੇ। ਕਹਿਣ ਵਿੱਚ ਅਤਿ ਕਥਨੀ ਨਹੀਂ ਹੋਵੇਗੀ ਕਿ ਪੰਕਜ ਗੁਪਤਾ ਨੇ ਸਿਰਫ ਸਰਕਾਰੀ ਨੌਕਰੀ ਵਿੱਚ ਹੀ ਨਹੀਂ ਸਗੋਂ ਸਮਾਜ ਸੇਵਾ ਦੇ ਹੋਰ ਖੇਤਰਾਂ ਵਿੱਚ ਵੀ ਕਈ ਮੱਲਾਂ ਮਾਰੀਆਂ। ਅਧਿਕਾਰੀ ਨੇ ਹੁਣ ਤੱਕ ਜਿੱਥੇ 26 ਵਾਰੀ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਕੀਤੀ, ਉੱਥੇ 6 ਵਾਰ ਬਲਡ ਪਲੇਟਲੈਟਸ ਦਾਨ ਕਰਕੇ ਲੋੜਵੰਦ ਡੇਂਗੂ ਤੋਂ ਪੀੜਤ ਮਰੀਜ਼ਾਂ ਦੀ ਜਾਨ ਬਚਾਈ। ਇਸ ਤੋਂ ਇਲਾਵਾ ਸ੍ਰੀ ਪੰਕਜ ਗੁਪਤਾ ਆਪਣੇ ਜੱਦੀ ਪਿੰਡ ਬਲਟਾਣਾ, ਜ਼ੀਰਕਪੁਰ ਵਿਖੇ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਰਹੇ, ਜੇ ਉਹਨਾਂ ਦੇ ਕਲੱਬ ਵੱਲੋਂ ਸਭਿਆਚਾਰਕ ਮੇਲੇ, ਖੇਡ ਮੇਲੇ, ਖੂਨਦਾਨ ਕੈਂਪ ਆਦਿ ਦਾ ਆਯੋਜਨ ਕਰਵਾ ਕੇ ਮਾਨਵਤਾ ਦੀ ਸੇਵਾ ਕੀਤੀ।
ਪ੍ਰਮਾਤਮਾ ਨੇ ਪੰਕਜ ਗੁਪਤਾ ਨੂੰ ਭਾਵੇਂ ਬਤੌਰ ਗਜਟਿਡ ਅਫਸਰ ਦਾ ਮਾਣ ਬਖਸ਼ਿਆ ਹੈ, ਪ੍ਰੰਤੂ ਅਧਿਕਾਰੀ ਆਪਣੀਆਂ ਜੜ੍ਹਾਂ ਨਾਲ਼ ਹਮੇਸ਼ਾ ਜੁੜੇ ਰਹੇ। ਉਹਨਾਂ ਦਾ ਆਪਣੀ ਜਨਮ ਭੂਮੀ ਪਿੰਡ ਮਾਣਕਪੁਰ ਸ਼ਰੀਫ ਅਤੇ ਆਪਣੇ ਬਚਪਨ ਦੇ ਦੋਸਤਾਂ ਨਾਲ ਅੱਜ ਵੀ ਸਨੇਹਪੂਰਨ ਪਿਆਰ ਹੈ। ਬਚਪਨ ਦੇ ਦੋਸਤ ਸ਼੍ਰੀ ਮਹਾਂਵੀਰ ਕੁਮਾਰ ਮਾਜਰੀ, ਗੁਰਮੇਲ ਸਿੰਘ ਸਰਪੰਚ ਪਿੰਡ ਸੰਗਤਪੁਰਾ, ਜਗਤਾਰ ਸਿੰਘ ਮਾਹਲ ਸੰਗਤਪੁਰਾ, ਸ਼ਿਆਮ ਸੁੰਦਰ ਮਾਣਕਪੁਰ ਸ਼ਰੀਫ, ਦਰਸ਼ਨ ਸਿੰਘ ਮਾਣਕਪੁਰ ਸ਼ਰੀਫ ਅਤੇ ਸ੍ਰੀ ਪਵਨ ਗੁਪਤਾ (ਗੁਰੂ ਜੀ) ਨੇ ਆਪਣੇ ਯਾਰ ਪੰਕਜ ਗੁਪਤਾ ਨੂੰ ਗਜਟਿਡ ਅਫਸਰ ਬਣਨ ਤੇ ਸਨਮਾਨਿਤ ਕੀਤਾ। ਇਸ ਮੌਕੇ DSP ਤਰਵਿੰਦਰ ਸਿੰਘ, ਥਾਣੇਦਾਰ ਸੁਖਦਰਸ਼ਨ ਸਿੰਘ ਅਤੇ ਸਿਪਾਹੀ ਰਵਿੰਦਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ।

