www.sursaanjh.com > ਅੰਤਰਰਾਸ਼ਟਰੀ > ਸ਼ਾਇਰ ਭਗਤ ਰਾਮ ਰੰਗਾਰਾ ਦੀ ਪ੍ਰਧਾਨਗੀ ਹੇਠ ਸਜੀ ਕਾਵਿ-ਮਹਿਫ਼ਿਲ – ਰਾਜ ਕੁਮਾਰ ਸਾਹੋਵਾਲ਼ੀਆ

ਸ਼ਾਇਰ ਭਗਤ ਰਾਮ ਰੰਗਾਰਾ ਦੀ ਪ੍ਰਧਾਨਗੀ ਹੇਠ ਸਜੀ ਕਾਵਿ-ਮਹਿਫ਼ਿਲ – ਰਾਜ ਕੁਮਾਰ ਸਾਹੋਵਾਲ਼ੀਆ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 22 ਜੂਨ:
ਉੱਘੇ ਰੁਬਾਈਕਾਰ ਤੇ ਪ੍ਰੋੜ ਕਵੀ ਭਗਤ ਰਾਮ ਰੰਗਾਰਾ ਦੇ ਗ੍ਰਹਿ ਸਥਾਨਕ ਸੈਕਟਰ 125 ਵਿਖ਼ੇ ਅੱਜ ਇੱਕ ਮਿੰਨੀ ਪਰ ਭਾਵ-ਭਿੰਨੀ ਕਾਵਿ-ਮਹਿਫ਼ਿਲ ਦਾ ਆਯੋਜਨ ਕਵੀ ਮੰਚ ਮੋਹਾਲੀ ਵਲੋਂ ਕੀਤਾ ਗਿਆ। ਮਹਿਫ਼ਿਲ ਦੀ ਆਰੰਭਤਾ ਨਵਾਂ ਜ਼ਮਾਨਾ ਦੇ ਕਾਲਮ ਨਵੀਸ ਤੇ ਉੱਘੇ ਸ਼ਾਇਰ ਸੁਰਜੀਤ ਸੁਮਨ ਦੇ ਕਾਲਮ ‘ਸ਼ੀਸ਼ੇ ਦੇ ਵੱਲ ਦੇਖ ਨਾ ਹੋਵੇ’ ਵਿੱਚ ਛਪਿਆ ‘ਸੁਣੀਂ ! ਗਨਕਾ ਦੇ ਕੋਠੇ ਓਹੀਓ ਵੱਜਦਾ ਸੰਗੀਤ’ ਸੁਣਾ ਕੇ ਆਪਣੀ ਪ੍ਰਪੱਕ ਲੇਖਣੀ ਦਾ ਸਬੂਤ ਬਾਖੂਬੀ ਦਿੱਤਾ। ਗ਼ਜ਼ਲਾਂ ਦੀ ਛਹਿਬਰ ਨੇ ਇਸ ਕਾਵਿ-ਮਹਿਫ਼ਿਲ ਵਿੱਚ ਜਾਨ ਪਾ ਦਿੱਤੀ। ਇਸ ਉਪਰੰਤ ਗੀਤਕਾਰ ਧਿਆਨ ਸਿੰਘ ਕਾਹਲੋਂ ਨੇ ਆਪਣੀ ਨਵੀ ਪੁਸਤਕ ਵਿੱਚ ਪ੍ਰਕਾਸ਼ਿਤ ਹੋਏ ਤਿੰਨ ਗੀਤ ਤਰਨੰਮ ਵਿੱਚ ਗਾ ਕੇ ਆਪਣੀ ਲੇਖਣੀ ਦੇ ਫ਼ਨ ਦਾ ਮੁਜ਼ਾਹਰਾ ਬੜੇ ਹੀ ਸਲੀਕੇ ਭਰੇ ਤੇ ਸੰਵੇਦਨਸ਼ੀਲ ਤਰੀਕੇ ਨਾਲ ਕਰਕੇ ਵੱਖਰਾ ਹੀ ਨਜ਼ਾਰਾ ਪੇਸ਼ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਉਹਨਾਂ ਦੇ ਰਚੇ ਗੀਤ ਵਾਕਿਆ ਹੀ ਦਿਲ ਨੂੰ ਟੁੰਬਣ ਵਾਲੇ ਸਨ ਜੋ ਪੁਸਤਕ ਦੇ ਸਿਰਲੇਖ ‘ਟੁੰਬਵੇਂ ਬੋਲ’ ਨੂੰ ਸਾਰਥਿਕ ਕਰ ਗਏ।
ਫਿਰ ਵਾਰੀ ਉਮਰ ਦੇ ਨੌਵੇਂ ਦਹਾਕੇ ਨੂੰ ਪਾਰ ਕਰ ਚੁੱਕੇ ਪ੍ਰਸ਼ਿਧ ਸ਼ਾਇਰਾ ਦੇਵਕੀ ਦੇਵੀ ਪ੍ਰਭਾਕਰ ਦੀ, ਜਿਸਨੇ ਆਪਣੀ ਇੱਕ ਪ੍ਰਸਿੱਧ ਹਿੰਦੀ ਰਚਨਾ ‘ਅਬਲਾ ਤੂੰ ਕਦੋਂ ਬਣੇਂਗੀ ਸਬਲਾ’ ਸੁਣਾ ਕੇ ਆਪਣੀ ਕਲਮ-ਕਲਾ ਦੇ ਦਰਸ਼ਨ ਬਾਖੂਬੀ ਕਰਵਾਏ। ਮਗਰੋਂ ਰਾਜ ਕੁਮਾਰ ਸਾਹੋਵਾਲੀਆ ਨੇ ਵਿਅੰਗ ਭਰਪੂਰ ਰਚਨਾਵਾਂ  ‘ਝੁੱਡੂ ਬੀਬਾ ਰਾਣਾ’ ਤੇ ‘ਕੀ ਬਣਾਵਾਂ ਤੇ ਜ਼ਿੰਦਗੀ’  ਸੁਣਾ ਕੇ ਨਿਵੇਕਲਾ ਅੰਦਾਜ਼ ਬਰਕਰਾਰ ਰੱਖਦਿਆਂ ਆਪਣੀ ਕਲਾ ਦੇ ਜ਼ੌਹਰ ਦਿਖਾਏ ਤੇ ਮੰਚ ਸੰਚਾਲਣਾ ਵੀ ਵਧੀਆ ਢੰਗ ਨਾਲ ਕੀਤੀ। ਕਾਵਿ-ਮਹਿਫਲ ਦੀ ਪ੍ਰਧਾਨਗੀ ਦੇ ਨਾਲ ਨਾਲ ਉੱਘੇ ਕਵੀ ਭਗਤ ਰਾਮ ਰੰਗਾਰਾ ਨੇ ਆਪਣੀਆਂ ਸੇਧ ਭਰਪੂਰ ਰੁਬਾਈਆਂ ਨਾਲ ਚੰਗਾ ਰੰਗ ਬੰਨ੍ਹਿਆ ਤੇ ਆਪਣੇ ਭਾਸ਼ਣ ਵਿੱਚ ਮਹਿਫ਼ਿਲ ਨੂੰ ਮਿਆਰੀ ਦੱਸਿਆ। ਇਸ ਮੌਕੇ ਧਿਆਨ ਸਿੰਘ ਕਾਹਲੋਂ ਦੀ ਨਵੀਂ ਆ ਰਹੀ ਪੁਸਤਕ ‘ਟੁੰਬਵੇਂ ਬੋਲ’ ਦਾ ਸਾਰਿਆਂ ਵਲੋਂ ਭਰਵਾਂ ਸਵਾਗਤ ਕਰਦਿਆਂ, ਉਸਨੂੰ ਵਧਾਈ ਦਿੱਤੀ ਤੇ ਉਸਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ। ਇਸ ਮੌਕੇ ਸ਼ਾਇਰਾਂ ਲਈ ਚਾਹ ਪਾਣੀ ਵਧੀਆ ਪ੍ਰਬੰਧ ਸੀ। ਇਸ ਤਰ੍ਹਾਂ ਇਹ ਕਾਵਿਕ-ਮਹਿਫ਼ਿਲ ਆਪਣਾ ਪ੍ਰਭਾਵਸ਼ਾਲੀ ਰੰਗ ਬਿਖੇਰਦੀ ਸੰਪੰਨ ਹੋਈ।

Leave a Reply

Your email address will not be published. Required fields are marked *