ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 25 ਜੂਨ:


ਬੇਸ਼ੱਕ ਪੰਜਾਬ ਸਰਕਾਰ ਦਾ ਨਸ਼ਿਆਂ ਵਿਰੁੱਧ ਯੁੱਧ ਸਲਾਘਾਯੋਗ ਉਪਰਾਲਾ ਹੈ, ਪਰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਤੋੜਨ ਲਈ ਪਿੰਡ ਪੱਧਰ ਤੋਂ ਖੇਡਾਂ ਨਾਲ ਜੋੜਨ ਦੇ ਉਪਰਾਲੇ ਜ਼ਰੂਰੀ ਹਨ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਤੇ ਦਾਸ ਐਸ਼ੋਸੀਏਟ ਦੇ ਮੁੱਖ ਪ੍ਰਬੰਧਕ ਪਹਿਲਵਾਨ ਰਵੀ ਸ਼ਰਮਾ ਨੇ ਅੱਜ ਮੁੱਲਾਂਪੁਰ (ਨਿਊ ਚੰਡੀਗੜ੍ਹ) ਵਿਖੇ ਕੀਤਾ ਹੈ। ਰਵੀ ਸ਼ਰਮਾ ਨੇ ਕਿਹਾ ਹੈ ਕਿ ਸਿਰਫ ਜਿੰਮ ਵੰਡਣ ਨਾਲ ਬੱਚੇ ਖੇਡਾਂ ਨਾਲ ਨਹੀਂ ਜੁੜਦੇ। ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡ – ਪਿੰਡ ਛਿੰਝ ਅਖਾੜੇ ਜਾਂ ਅਕੈਡਮੀਆਂ ਰਾਹੀਂ ਮਾਹਿਰ ਕੋਚ ਰੱਖ ਕੇ ਬੱਚਿਆ ਨੂੰ ਸਿਖਲਾਈ ਕਰਵਾਏ। ਮੁੱਲਾਂਪੁਰ ਗਰੀਬਦਾਸ ਵਿਖੇ ਸ਼੍ਰੀ ਵਿਸ਼ਕਰਮਾ ਮਹਾਂਵੀਰ ਜਿਮਨੇਜ਼ੀਅਮ ਅਤੇ ਰੈਸਲਿੰਗ ਕਲੱਬ ਵੱਲੋਂ ਪ੍ਰਭਾਵਸ਼ਾਲੀ ਸਮਾਗਮ ਕਰਾਇਆ ਗਿਆ, ਜਿਸ ਵਿੱਚ ਪਿਛਲੇ ਦਿਨੀ ਅਖਾੜੇ ਦੇ ਜਿੱਤੇ ਪਹਿਲਵਾਨਾਂ ਦਾ ਸਨਮਾਨ ਕੀਤਾ ਗਿਆ।
ਵੱਡੀ ਗਿਣਤੀ ਵਿੱਚ ਪ੍ਰੈਕਟਿਸ ਕਰਦੇ ਪਹਿਲਵਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਪਹੁੰਚੇ। ਇਸ ਮੌਕੇ ਨੈਸ਼ਨਲ ਕੁਸ਼ਤੀ ਜਿੱਤੇ ਪਹਿਲਵਾਨ ਜਸਪੂਰਨ ਸਿੰਘ, ਪੂਰਬੀ ਸ਼ਰਮਾ, ਕੈਫ ਮੁਹੰਮਦ, ਦਮਨਪ੍ਰੀਤ ਕੌਰ ਨੂੰ ਅਖਾੜੇ ਦੇ ਪ੍ਰਬੰਧਕ ਪਹਿਲਵਾਨ ਰਵੀ ਸ਼ਰਮਾ ਤੇ ਪਹਿਲਵਾਨ ਗੋਲੂ ਸ਼ਰਮਾ ਦੇ ਪਰਿਵਾਰ ਵੱਲੋਂ ਜਿੱਥੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ, ਉੱਥੇ ਬਦਾਮ ਅਤੇ ਦੇਸੀ ਘੀ ਵੀ ਦਿੱਤਾ ਗਿਆ। ਇਸ ਮੌਕੇ ਹਿੰਦ ਕੇਸਰੀ ਪਹਿਲਵਾਨ ਪਰਵਿੰਦਰ ਡੂਮਛੇੜੀ, ਹਿੰਦ ਕੇਸਰੀ ਪਹਿਲਵਾਨ ਕੁਲਤਾਰ ਡੂਮਛੇੜੀ, ਮਿਰਜਾ ਇਰਾਨ, ਸ਼ੇਖ ਸਿਕੰਦਰ ਮਹਾਰਾਸ਼ਟਰ ਸਮੇਤ ਪੁਰੀ ਟਰੱਸਟ ਦੇ ਚੇਅਰਮੈਨ ਅਰਵਿੰਦ ਪੁਰੀ, ਸ੍ਰੀ ਗੁਰਦਾਸ ਸ਼ਰਮਾ, ਪਹਿਲਵਾਨ ਸ਼ੇਰ ਸਿੰਘ, ਅਬਿੰਕਾ ਸ਼ਰਮਾ, ਕੋਚ ਸੰਦੀਪ, ਧਰਮਿੰਦਰ ਸਿੰਘ, ਸੋਨੂੰ ਗੁਪਤਾ, ਪੰਚ ਗੌਰਵ ਸ਼ਰਮਾ, ਪੰਚ ਮੋਹਿੰਤ ਜੰਡ, ਹਰੀਸ਼ ਕੁਮਾਰ, ਗੌਰਵ ਰਾਜੂ, ਲਾਲਾ ਉਚ ਪਿੰਡ, ਪੰਚ ਲਾਲ ਸਿੰਘ, ਮਨੀਸ਼ ਜੰਡ ਸਮੇਤ ਪਿੰਡ ਦੇ ਸਰਪੰਚ ਜਤਿੰਦਰ ਸਿੰਘ ਸਮੇਤ ਪਿੰਡ ਵਾਸੀਆ ਦਾ ਸਹਿਯੋਗ ਰਿਹਾ।

