ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਜੂਨ:


ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸੈਕਟਰ-41 (ਬਡਹੇੜੀ) ਚੰਡੀਗੜ੍ਹ ਦਫਤਰ ਵਿਖੇ ਇੱਕ ਬਹੁਤ ਹੀ ਸੱਭਿਆਚਾਰਕ-ਸਾਹਿਤਕ ਮਿਲਣੀ ਕਰਵਾਈ ਗਈ, ਜਿਸ ਵਿੱਚ ਸੰਸਥਾ ਦੇ ਅਹੁਦੇਦਾਰ ਅਤੇ ਦੂਜੇ ਪ੍ਰਸਿੱਧ ਸਾਹਿਤਕਾਰ ਸ਼ਾਮਲ ਹੋਏ। ਇਸ ਮੌਕੇ ਸਭ ਤੋਂ ਪਹਿਲਾਂ ਕੈਨੇਡਾ ਜਾ ਰਹੇ ਸੰਸਥਾ ਦੇ ਮੁੱਖ ਸਲਾਹਕਾਰ ਕਰਮਜੀਤ ਸਿੰਘ ਬੱਗਾ (ਅੰਤਰਰਾਸ਼ਟਰੀ ਅਲਗੋਜਾਵਾਦਕ) ਨੂੰ ਕੈਨੇਡਾ ਵਿੱਚ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਡੈਲੀਗੇਟ ਪੱਤਰ ਪ੍ਰਦਾਨ ਕੀਤਾ ਗਿਆ। ਉਸ ਤੋਂ ਬਾਅਦ ਸੰਸਥਾ ਦੇ ਪ੍ਰਧਾਨ ਬਹਾਦਰ ਸਿੰਘ ਗੋਸਲ ਸਮੇਤ ਦੂਜੇ ਅਹੁਦੇਦਾਰਾਂ ਨੇ ਕਰਮਜੀਤ ਸਿੰਘ ਬੱਗਾ ਨੂੰ ਇੱਕ ਸ਼ਾਲ, ਇੱਕ ਮੋਮੈਂਟੋ, ਇੱਕ ਗੋਲਡ ਮੈਡਲ, ਪੁਸਤਕਾਂ ਦਾ ਸੈੱਟ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਕਰਮਜੀਤ ਸਿੰਘ ਬੱਗਾ ਨੂੰ ਅਪੀਲ ਕੀਤੀ ਕਿ ਉਹ ਕੈਨੇਡਾ ਵਿੱਚ ਜਾ ਕੇ ਉੱਚਕੋਟੀ ਦੇ ਪੰਜਾਬੀ ਲੇਖਕਾਂ, ਸਾਹਿਤਕਾਰਾਂ ਅਤੇ ਕਵੀਆਂ ਨਾਲ ਮਿਲ ਕੇ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ। ਇਹ ਖੁਸ਼ੀ ਦੀ ਗੱਲ ਹੈ ਕਿ ਸ੍ਰ. ਕਰਮਜੀਤ ਸਿੰਘ ਬੱਗਾ ਬੜੇ ਲੰਮੇ ਸਮੇਂ ਤੋਂ ਪੰਜਾਬੀ ਵਿਰਸੇ ਦੀ ਅਲਗੋਜਾਵਾਦਕ ਦੇ ਤੌਰ ‘ਤੇ ਸੇਵਾ ਕਰ ਰਹੇ ਹਨ ਅਤੇ ਪ੍ਰਸਿੱਧ ਪੰਜਾਬੀ ਪ੍ਰੇਮੀ ਹਨ। ਉਹਨਾਂ ਦੇ ਅੰਤਰਰਾਸ਼ਟਰੀ ਮਾਣ ਅਤੇ ਸਨਮਾਨ ਲਈ ਸੰਸਥਾ ਪਹਿਲਾ ਹੀ ਮਾਣ ਮਹਿਸੂਸ ਕਰਦੀ ਹੈ। ਅੱਜ ਦਾ ਸਨਮਾਨ ਵੀ ਉਹਨਾਂ ਨੂੰ ਕੈਨੇਡਾ ਵਿੱਚ ਪੰਜਾਬੀ ਦਾ ਉੱਚ ਪੱਧਰੀ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਕੀਤਾ ਗਿਆ ਹੈ।
ਸਮਾਗਮ ਵਿੱਚ ਵਿਸ਼ੇਸ਼ ਸਾਹਿਤਕ ਮਿਲਣੀ ਦਾ ਪ੍ਰਬੰਧ ਵੀ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਸਾਹਿਤਕਾਰਾਂ ਅਤੇ ਕਵੀਆਂ ਨੇ ਆਪਣੀਆਂ ਆਪਣੀਆਂ ਨਵੀਆਂ ਰਚਨਾਵਾਂ ਦਾ ਰੰਗ ਬਿਖੇਰ ਕੇ ਸਾਹਿਤਕ ਮਿਲਣੀ ਨੂੰ ਰੰਗਾਰੰਗ ਪ੍ਰੌਗਰਾਮ ਵਿੱਚ ਬਦਲ ਦਿੱਤਾ। ਕਵੀ ਦਰਬਾਰ ਵਿੱਚ ਭਾਗ ਲੈਣ ਵਾਲਿਆਂ ਵਿੱਚ ਜਗਤਾਰ ਸਿੰਘ ਜੋਗ ਵਲੋਂ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਰਚਿਤ ਧਾਰਮਿਕ ਕਵਿਤਾ ਕਲੀ ਦੇ ਰੂਪ ਵਿੱਚ ਗਾ ਕੇ ਸੁਣਾਈ ਗਈ, ਜਿਸ ਦੇ ਬੋਲ ਸਨ ‘‘ਇਕੱਠੇ ਹੋ ਬਾਈਧਾਰ ਦੇ ਰਾਜੇ ਚੜ੍ਹ ਅਨੰਦਪੁਰੀ ਤੇ ਆਏ . . . . . .।’’ ਇਸ ਕਲੀ ਦਾ ਸਰੋਤਿਆਂ ਨੇ ਖੂਬ ਅਨੰਦ ਮਾਣਿਆ। ਇਸ ਤੋਂ ਬਾਅਦ ਅਵਤਾਰ ਸਿੰਘ ਮਹਿਤਪੁਰੀ, ਬਾਬਾ ਬਲਬੀਰ ਸਿੰਘ ਪੀ.ਜੀ.ਆਈ. ਲੰਗਰ ਵਾਲੇ, ਕਰਮਜੀਤ ਸਿੰਘ ਬੱਗਾ, ਰਾਜਵਿੰਦਰ ਸਿੰਘ ਗੱਡੂ ਅਤੇ ਬਹਾਦਰ ਸਿੰਘ ਗੋਸਲ ਵੀ ਸ਼ਾਮਲ ਹੋਏ। ਕਰਮਜੀਤ ਬੱਗਾ ਨੇ ਆਪਣੀਆਂ ਨਵੀਆਂ ਰਚਨਾਵਾਂ ਨਾਲ ਮਹਿਫਲ ਵਿੱਚ ਖੂਬ ਰੰਗ ਜਮਾਇਆ। ਇਸ ਮੌਕੇ ਬਲਵਿੰਦਰ ਸਿੰਘ, ਗੁਰਦੀਪ ਸਿੰਘ ਅਤੇ ਹੋਰ ਸਰੋਤੇ ਵੀ ਸ਼ਾਮਲ ਸਨ।
ਅੰਤ ਵਿੱਚ ਕਰਮਜੀਤ ਸਿੰਘ ਬੱਗਾ ਨੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਉਹਨਾਂ ਨੂੰ ਦਿੱਤੇ ਗਏ ਸਨਮਾਨ ਲਈ ਧੰਨਵਾਦ ਕੀਤਾ ਅਤੇ ਸੰਸਥਾ ਨੂੰ ਭਰੋਸਾ ਦਿਵਾਇਆ ਕਿ ਉਹ ਕੈਨੇਡਾ ਵਿੱਚ ਜਾ ਕੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸੰਦੇਸ਼ ਨੂੰ ਖੂਬ ਪ੍ਰਚਾਰ ਕਰਕੇ ਪੰਜਾਬੀਆਂ ਨੂੰ ਪੰਜਾਬੀ ਨਾ ਭੁੱਲ ਜਾਣ ਦੀ ਅਪੀਲ ਕਰਨਗੇ ਅਤੇ ਉਹਨਾਂ ਇਹ ਵੀ ਭਰੋਸਾ ਦਿੱਤਾ ਕਿ ਕੈਨੇਡਾ ਤੋਂ ਵਾਪਸੀ ‘ਤੇ ਉਹ ਸੰਸਥਾ ਨਾਲ ਮਿਲ ਕੇ ਇਸ ਪਵਿੱਤਰ ਕਾਰਜ ਨੂੰ ਹੋਰ ਪ੍ਰਫੁਲਿਤ ਕਰਨ ਲਈ ਆਪਣਾ ਯੋਗਦਾਨ ਪਾਉਣਗੇ। ਸਾਹਿਤਕ ਮਿਲਣੀ ਦੌਰਾਨ ਸਟੇਜ ਸਕੱਤਰ ਦੀ ਸੇਵਾ ਅਵਤਾਰ ਸਿੰਘ ਮਹਿਤਪੁਰੀ, ਜਨਰਲ ਸਕੱਤਰ ਵਲੋਂ ਬਾਖੂਬੀ ਨਿਭਾਈ ਗਈ ਅਤੇ ਅੰਤ ਵਿੱਚ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ ਵਲੋਂ ਆਏ ਸਾਰੇ ਕਵੀਆਂ, ਸਾਹਿਤਕਾਰਾਂ ਅਤੇ ਲੇਖਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਭ ਤੋਂ ਪੰਜਾਬੀ ਦੇ ਪ੍ਰਚਾਰ ਲਈ ਸਹਿਯੋਗ ਦੀ ਮੰਗ ਕੀਤੀ ਗਈ।
ਫੋਟੋ ਕੈਪਸ਼ਨ – ਸਾਹਿਤਕ ਮਿਲਣੀ ਦੌਰਾਨ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿ. ਬਹਾਦਰ ਸਿੰਘ ਗੋਸਲ ਅਤੇ ਦੂਜੇ ਅਹੁਦੇਦਾਰ ਸ੍ਰ. ਕਰਮਜੀਤ ਸਿੰਘ ਬੱਗਾ ਨੂੰ ਸਨਮਾਨਿਤ ਕਰਦੇ ਹੋਏ।

