540 ਕਰੋੜ ਤੋਂ ਵੱਧ ਦੀ ਵੱਡੀ ਗੈਰ-ਕਾਨੂੰਨੀ ਰਾਸ਼ੀ ਦਾ ਪਤਾ ਚੱਲਿਆ
ਮਜੀਠੀਆ ਦੇ ਕੰਟਰੋਲ ਵਾਲੀਆਂ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚ 161 ਕਰੋੜ ਰੁਪਏ ਦੀ ਵੱਡੀ ਬੇਹਿਸਾਬੀ ਨਕਦੀ ਜਮ੍ਹਾਂ ਹੋਣ ਦੇ ਮਿਲੇ ਰਿਕਾਰਡ
ਸ਼ੱਕੀ ਵਿਦੇਸ਼ੀ ਸੰਸਥਾਵਾਂ ਰਾਹੀਂ 141 ਕਰੋੜ ਰੁਪਏ ਦੇ ਲੈਣ-ਦੇਣ ਦੇ ਸਬੂਤ ਮਿਲੇ
ਕੰਪਨੀ ਦੇ ਵਿੱਤੀ ਵੇਰਵਿਆਂ ਵਿੱਚ ਬਿਨਾਂ ਕਿਸੇ ਜਾਣਕਾਰੀ/ਸਪੱਸ਼ਟੀਕਰਨ ਦੇ 236 ਕਰੋੜ ਰੁਪਏ ਦੀ ਵਾਧੂ ਜਮ੍ਹਾਂ ਰਾਸ਼ੀ ਦਾ ਪਤਾ ਲੱਗਿਆ
ਐਸ.ਆਈ.ਟੀ. ਵੱਲੋਂ 22 ਵਿਅਕਤੀਆਂ ਦੇ ਟਿਕਾਣਿਆਂ ਅਤੇ ਵਿਜੀਲੈਂਸ ਬਿਊਰੋ ਵੱਲੋਂ 3 ਥਾਵਾਂ ‘ਤੇ ਕੀਤੀ ਗਈ ਛਾਪੇਮਾਰੀ ਅਤੇ ਬਰਾਮਦੀ ਕਾਰਵਾਈਆਂ ‘ਚ 30 ਤੋਂ ਵੱਧ ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, ਕਈ ਡਾਇਰੀਆਂ, ਸੰਪਤੀ ਦੇ ਕਈ ਦਸਤਾਵੇਜ਼ ਅਤੇ ਸਰਾਇਆ ਇੰਡਸਟਰੀਜ਼ ਨਾਲ ਸਬੰਧਤ ਦਸਤਾਵੇਜ਼ ਮਿਲੇ


ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਜੂਨ:ਪੁਲਿਸ ਥਾਣਾ ਪੰਜਾਬ ਸਟੇਟ ਕ੍ਰਾਈਮ ਵਿਖੇ ਸਾਲ 2021 ‘ਚ ਦਰਜ ਐਫਆਈਆਰ ਨੰਬਰ 02 ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਅਤੇ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਜਾਂਚ ਵਿੱਚ ਬਿਕਰਮ ਸਿੰਘ ਮਜੀਠੀਆ ਵੱਲੋਂ ਡਰੱਗ ਮਨੀ ਦੀ ਵੱਡੀ ਪੱਧਰ ‘ਤੇ ਲਾਂਡਰਿੰਗ ਦਾ ਖੁਲਾਸਾ ਹੋਇਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਕੇਸ ਵਿੱਚ 540 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਦਾ ਕਈ ਗੈਰ-ਕਾਨੂੰਨੀ ਤਰੀਕਿਆਂ ਨਾਲ ਲੈਣ-ਦੇਣ ਕੀਤਾ ਗਿਆ, ਜਿਸ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਕੰਟਰੋਲ ਵਾਲੀਆਂ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ 161 ਕਰੋੜ ਰੁਪਏ ਦੀ ਵੱਡੀ ਬੇਹਿਸਾਬੀ ਨਕਦੀ, ਸ਼ੱਕੀ ਵਿਦੇਸ਼ੀ ਸੰਸਥਾਵਾਂ ਰਾਹੀਂ 141 ਕਰੋੜ ਰੁਪਏ ਦਾ ਲੈਣ-ਦੇਣ, ਕੰਪਨੀ ਦੇ ਵਿੱਤੀ ਵੇਰਵਿਆਂ (ਸਟੇਟਮੈਂਟਾਂ) ਵਿੱਚ ਬਿਨਾਂ ਕਿਸੇ ਜਾਣਕਾਰੀ/ਸਪੱਸ਼ਟੀਕਰਨ ਦੇ 236 ਕਰੋੜ ਰੁਪਏ ਦੀ ਵਾਧੂ ਜਮ੍ਹਾਂ ਰਾਸ਼ੀ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਆਮਦਨ ਦੇ ਕਿਸੇ ਜਾਇਜ਼ ਸਰੋਤ ਤੋਂ ਬਿਨਾਂ ਚੱਲ/ਅਚੱਲ ਜਾਇਦਾਦ ਦੀ ਪ੍ਰਾਪਤੀ ਸ਼ਾਮਲ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਹੁਣ ਤੱਕ ਗੈਰ-ਕਾਨੂੰਨੀ ਢੰਗ ਨਾਲ 540 ਕਰੋੜ ਰੁਪਏ ਦੀ ਡਰੱਗ ਮਨੀ ਦੀ ਲਾਂਡਰਿੰਗ ਬਾਰੇ ਪਤਾ ਚੱਲਿਆ ਹੈ, ਜਿਸਨੂੰ ਬਿਕਰਮ ਸਿੰਘ ਮਜੀਠੀਆ ਵੱਲੋਂ ਤਤਕਾਲੀ ਪੰਜਾਬ ਸਰਕਾਰ ਵਿੱਚ ਇੱਕ ਵਿਧਾਇਕ ਵਜੋਂ ਅਤੇ ਸਾਬਕਾ ਕੈਬਨਿਟ ਮੰਤਰੀ ਦੇ ਅਹੁਦੇ ਦੇ ਪ੍ਰਭਾਵ ਅਤੇ ਗਲਤ ਢੰਗ ਨਾਲ ਵਰਤੋਂ ਜ਼ਰੀਏ ਜਮ੍ਹਾ ਕੀਤਾ ਗਿਆ ਸੀ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੀ ਪਤਨੀ ਗਿਨੀਵ ਕੌਰ ਦੇ ਨਾਮ ‘ਤੇ ਚੱਲ/ਅਚੱਲ ਜਾਇਦਾਦਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ ਜਿਸ ਲਈ ਆਮਦਨ ਦਾ ਕੋਈ ਜਾਇਜ਼ ਸਰੋਤ ਪੇਸ਼ ਨਹੀਂ ਕੀਤਾ ਗਿਆ। ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ ਐਸਆਈਟੀ ਵੱਲੋਂ 22 ਵਿਅਕਤੀਆਂ ਦੇ ਟਿਕਾਣਿਆਂ ਅਤੇ ਵਿਜੀਲੈਂਸ ਬਿਊਰੋ ਵੱਲੋਂ 3 ਥਾਵਾਂ ‘ਤੇ ਤਲਾਸ਼ੀ ਅਤੇ ਬਰਾਮਦਗੀ ਦੀਆਂ ਦੀਆਂ ਕਾਰਵਾਈਆਂ ਕੀਤੀਆਂ ਗਈਆਂ ਜਿਸ ਵਿੱਚ 30 ਤੋਂ ਵੱਧ ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, ਕਈ ਡਾਇਰੀਆਂ, ਸੰਪਤੀ ਦੇ ਕਈ ਦਸਤਾਵੇਜ਼ ਅਤੇ ਸਰਾਇਆ ਇੰਡਸਟਰੀਜ਼ ਨਾਲ ਸਬੰਧਤ ਕਈ ਦਸਤਾਵੇਜ਼ ਮਿਲੇ ਹਨ।
ਬੁਲਾਰੇ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਵੱਲੋਂ ਕਾਨੂੰਨ ਅਨੁਸਾਰ ਢੁਕਵੀਂ ਪ੍ਰਕਿਰਿਆ ਦੀ ਪਾਲਣਾ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਕੇਸ ਦੀ ਜਾਂਚ ਜਾਰੀ ਹੈ, ਜਿਸ ਵਿੱਚ ਹੋਰ ਗ੍ਰਿਫ਼ਤਾਰੀਆਂ, ਤਲਾਸ਼ੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਜਾਂਚ ਨੂੰ ਤਰਕਪੂਰਨ ਸਿੱਟੇ ‘ਤੇ ਲਿਜਾਣ ਅਤੇ ਨਿਆਂਇਕ ਫੈਸਲੇ ਲਈ ਸਾਰੇ ਇਕੱਠੇ ਕੀਤੇ ਸਬੂਤਾਂ ਨੂੰ ਸਬੰਧਤ ਅਦਾਲਤ ਸਾਹਮਣੇ ਰੱਖਿਆ ਜਾਵੇਗਾ ਅਤੇ ਢੁਕਵੀਂ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਵੇਗੀ।

