

ਇਸ ਮੌਕੇ ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਅੰਮ੍ਰਿਤਸਰ ਦੇ ਕਲਾਕਾਰਾਂ ਵਲੋਂ ਨੁੱਕੜ ਨਾਟਕਾਂ ਰਾਹੀਂ ਲੋਕਾਂ ਨੂੰ ਨਸ਼ਿਆ ਦੇ ਵਿਰੁੱਧ ਲਾਮਬੰਦ ਕੀਤਾ ਗਿਆ। ਨੁੱਕੜ ਨਾਟਕਾਂ ਨੇ ਇਸ ਚਿੰਤਾਜਨਕ ਵਿਸ਼ੇ ਤੇ ਚਾਨਣਾ ਪਾਉਂਦਿਆਂ ਲੋਕਾਂ ਨੂੰ ਇਸ ਲਾਮਤ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਨੁੱਕੜ ਨਾਟਕਾਂ ਦੇ ਇਸ ਪ੍ਰੋਗਰਾਮ ਨੇ ਖਾਸ ਕਰਕੇ ਨੌਜਵਾਨਾਂ ਨੂੰ ਇਕ ਸ਼ਕਤੀਸ਼ਾਲੀ ਸੰਦੇਸ਼ ਦਿੱਤਾ ਕਿ ਨਸ਼ਿਆਂ ਦੀ ਲਤ ਕਿਵੇਂ ਜ਼ਿੰਦਗੀਆਂ ਅਤੇ ਪਰਿਵਾਰਾਂ ਦੇ ਪਰਿਵਾਰਾਂ ਨੂੰ ਤਬਾਹ ਕਰ ਰਹੀ ਹੈ। ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇੇ ਕਿਹਾ ਕਿ ਅੱਜ ਦਾ ਦਿਨ ਵਿਸ਼ਵ ਨੂੰ ਨਕਸ਼ਾ ਮੁਕਤ ਬਣਾਉਣ ਲਈ ਇਕਜੁੱਟ ਹੋਕੇ ਹੰਭਲਾ ਮਾਰਨ ਦੀ ਲੋੜ *ਤੇ ਜ਼ੋਰ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਲਤ ਨਾ ਸਿਰਫ਼ ਇਕ ਵਿਅਕਤੀ ਨੂੰ ਪ੍ਰਭਾਵਿਤ ਕਰਦੀ ਹੈ ਸਗੋਂ ਇਸ ਨਾਲ ਨਸ਼ਿਆਂ ਦੀ ਲਤ ਵਿਚ ਗ੍ਰਸਤ ਵਿਅਕਤੀ ਦਾ ਜਿੱਥੇ ਪੂਰਾ ਪਰਿਵਾਰ ਤਬਾਹ ਹੋ ਜਾਂਦਾ ਹੈ, ਉਥੇ ਹੀ ਸਮਾਜ ਤੇ ਵੀ ਇਸ ਦੇ ਹਾਨੀਕਾਰਕ ਪ੍ਰਭਾਵ ਪੈਂਦੇ ਹਨ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤੱਸਕਰੀ ਅਤੇ ਦੁਰਵਰਤੋਂ ਰੋਕਣ ਲਈ ਸਰਕਾਰਾਂ ਤਾਂ ਕੰਮ ਕਰ ਹੀ ਰਹੀਆਂ ਹਨ ਪਰ ਇਸ ਵਿਚ ਵੱਡਾ ਯੋਗਦਾਨ ਸਮਾਜ ਦੇ ਆਮ ਲੋਕਾਂ ਦਾ ਹੋਣਾਂ ਚਾਹੀਦਾ ਹੈ, ਜਿਹਨੀਂ ਦੇਰ ਤੱਕ ਅਸੀਂ ਖੁਦ ਨਸ਼ਿਆਂ ਦੀ ਤੱਸਕਰੀ ਨੂੰ ਰੋਕਣ ਦੇ ਯਤਨ ਨਹੀ਼ ਕਰਦੇ, ਉਨ੍ਹੀਂ ਦੇਰ ਤੱਕ ਸਫ਼ਲਤਾ ਨਹੀਂ ਮਿਲ ਸਕਦੀ। ਇਸ ਮੌਕੇ ‘ਤੇ ਬੋਲਦਿਆਂ ਸਾਇੰਸ ਸਿਟੀ ਦੇ ਵਿਗਿਆਨ ਡਾ. ਮੁਨੀਸ਼ ਸੋਇਨ ਨੇ ਸਾਰੇ ਮਾਪਿਆਂ ਨੂੰ ਸੁਚੇਤ ਰਹਿਣ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਤੇ ਸਹਿਯੋਗ ਭਰਪੂਰ ਵਾਤਾਵਰਣ ਦੇਣ ਲਈ ਉਤਸ਼ਾਹਿਤ ਕੀਤਾ ਤਾਂ ਜੋ ਸਾਡਾ ਨੌਜਵਾਨ ਵਰਗ ਨਸ਼ਿਆਂ ਦੀ ਲਤ ਤੋਂ ਦੂਰ ਰਹੇ।

