ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਜੂਨ:
ਅੱਜ ਯੂ.ਟੀ. ਦੇ ਸਾਬਕਾ ਅਧਿਆਪਕਾਂ ਦੀ ਜਥੇਬੰਦੀ ਦੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਹੋਈ, ਜਿਸ ਵਿੱਚ ਬਹੁਤ ਸਾਰੇ ਸਾਬਕਾ ਅਧਿਆਪਕਾਂ ਨੇ ਭਾਗ ਲਿਆ। ਸਭ ਤੋਂ ਪਹਿਲਾ ਬਹਾਦਰ ਸਿੰਘ ਗੋਸਲ ਨੇ ਆਏ ਸਾਰੇ ਸਾਬਕਾ ਅਧਿਆਪਕਾਂ ਅਤੇ ਅਫਸਰਾਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦੀ ਸਲਾਹ ਦਿੱਤੀ।


ਮੀਟਿੰਗ ਵਿੱਚ ਪੁਰਾਣੀਆਂ ਲਟਕਦੀਆਂ ਮੰਗਾਂ ਬਾਰੇ ਵਿਚਾਰ ਕਰਦੇ ਹੋਏ ਜਥੇਬੰਦੀ ਨੇ ਸਰਬ ਸੰਮਤੀ ਨਾਲ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਸ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਬਹੁਤ ਵੱਡੇ ਪੱਧਰ ਤੇ ਮਨਾਉਣ ਦੀ ਅਪੀਲ ਕਰਦੇ ਹੋਏ ਉਹਨਾਂ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ‘‘ਹਿੰਦ ਦੀ ਚਾਦਰ-ਟੀਚਰਜ਼ ਹੋਮ” ਦੀ ਸ਼ਾਨਦਾਰ ਸਥਾਪਨਾ ਕਰਨ ਲਈ ਕਿਹਾ ਅਤੇ ਨਾਲ ਹੀ ਮੰਗ ਕੀਤੀ ਇਹ ਸਥਾਪਨਾ ਨਵੰਬਰ 2025 ਤੋਂ ਪਹਿਲਾਂ ਤਿਆਰ ਕੀਤੀ ਜਾਵੇ। ਇਸ ਵਿਸ਼ੇਸ਼ ਮੰਗ ਦੇ ਨਾਲ ਉਹਨਾਂ ਦੇ ਸਾਬਕਾ ਅਧਿਆਪਕਾਂ ਲਈ ਕੈਸ਼ਲੈੱਸ ਮੈਡੀਕਲ ਸਕੀਮ ਅਤੇ ਨੋਸ਼ਨਲ ਇੰਨਕਰੀਮੈਂਟ ਦੇ ਸਾਰੇ ਪੈਂਡਿੰਗ ਮਾਮਲੇ ਤੁਰੰਤ ਨਿਪਟਾਉਣ ਲਈ ਕਿਹਾ। ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਯੂ.ਟੀ. ਦੇ ਟੀਚਰਾਂ ਵਲੋਂ ਟੀਚਰਜ਼-ਹੋਮ ਦੀ ਮੰਗ ਪਿਛਲੇ 40 ਸਾਲ ਤੋਂ ਲਟਕਦੀ ਆ ਰਹੀ ਹੈ ਅਤੇ ਪ੍ਰਸ਼ਾਸਨ ਇਸ ਨੂੰ ਪੂਰੀ ਕਰਨ ਵਿੱਚ ਅੱਜ ਤੱਕ ਅਵੇਸਲਾ ਹੀ ਰਿਹਾ ਹੈ। ਹੁਣ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਇੱਕ ਉੱਚਿਤ ਸਮਾਂ ਹੈ, ਜਦੋਂ ਕਿ ਪ੍ਰਸ਼ਾਸਨ ਇਸ ਮੰਗ ਨੂੰ ਵਧੀਆ ਰੂਪ ਵਿੱਚ ਯਾਦਗਾਰੀ ਬਣਾ ਸਕਦਾ ਹੈ।
ਅੱਜ ਦੀ ਮੀਟਿੰਗ ਦੀ ਚਰਚਾ ਵਿੱਚ ਜਿਹਨਾਂ ਸਾਬਕਾ ਅਧਿਆਪਕਾਂ ਅਤੇ ਅਫਸਰਾਂ ਨੇ ਭਾਗ ਲਿਆ, ਉਹਨਾਂ ਵਿੱਚ ਸ੍ਰੀ ਸ਼ਿਵ ਕੁਮਾਰ ਸ਼ਰਮਾ, ਸ੍ਰੀ ਕ੍ਰਿਸ਼ਨ ਕੁਮਾਰ ਤੇਜਪਾਲ, ਮੈਡਮ ਬਿਕਰਮਜੀਤ ਕੌਰ, ਅੰਚਲਾ ਭੱਲਾ, ਸ੍ਰੀ ਗਿਆਨ ਚੰਦ, ਪ੍ਰਿੰਸੀਪਲ ਜਸਵੰਤ ਸਿੰਘ, ਨਿਰਮਲਾ ਸੈਣੀ, ਮੈਡਮ ਹਰਬੰਸ ਕੌਰ, ਰੋਹਿਨੀ ਸ਼ਰਮਾ, ਪਾਲਵਿੰਦਰ ਕੌਰ, ਪਰਮਜੀਤ ਸਿੰਘ ਅਤੇ ਪ੍ਰਿੰ. ਬਹਾਦਰ ਸਿੰਘ ਗੋਸਲ ਦੇ ਨਾਂ ਸ਼ਾਮਲ ਹਨ। ਸਾਬਕਾ ਅਧਿਆਪਕਾਂ ਦੇ ਦੁੱਖ-ਸੁੱਖ ਵਿੱਚ ਭਾਗੀਵਾਲ ਬਨਣ ਲਈ, ਮੁਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਦੇ ਤਿੰਨ ਜ਼ੋਨ ਬਣਾਉਣ ਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ। ਇਹ ਵੀ ਫੈਸਲਾ ਕੀਤਾ ਗਿਆ ਕਿ ਮਹੀਨਾਵਾਰ ਮੀਟਿੰਗਾਂ ਵਿੱਚ 80 ਸਾਲ ਤੋਂ ਵੱਧ ਉਮਰ ਦੇ ਸਾਬਕਾ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਉਹਨਾਂ ਦੇ ਜਨਮ ਦਿਨ ਬਹੁਤ ਖੁਸ਼ੀ ਅਤੇ ਉਲਾਸ ਨਾਲ ਮਨਾਏ ਜਾਣਗੇ। ਅੰਤ ਵਿੱਚ ਸ੍ਰੀ ਕ੍ਰਿਸ਼ਨ ਕੁਮਾਰ ਸਾਬਕਾ ਗਾਇਡੈਂਸ ਅਤੇ ਕੌਂਸਲਰ ਅਫਸਰ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ।
ਫੋਟੋ ਕੈਪਸ਼ਨ – ਯੂ.ਟੀ. ਦੇ ਸਾਬਕਾ ਅਧਿਆਪਕਾਂ ਦੀ ਮੀਟਿੰਗ ਸਮੇਂ ਦੀ ਇੱਕ ਯਾਦਗਾਰੀ ਤਸਵੀਰ, ਜਿਸ ਵਿੱਚ ਨਜ਼ਰ ਆ ਰਹੇ ਹਨ ਜਥੇਬੰਦੀ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਦੂਜੇ ਅਹੁਦੇਦਾਰ।

