ਚੰਡੀਗੜ 29 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਬਜੀਦਪੁਰ ਦੇ ਵਸਨੀਕ ਬਿਜਲੀ ਦੇ ਅਣ-ਐਲਾਨੇ ਕੱਟਾਂ ਕਾਰਨ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਪਿੰਡ ਵਿਚ ਲਗਾਤਾਰ ਕਈ-ਕਈ ਘੰਟੇ ਬਿਜਲੀ ਬੰਦ ਹੁੰਦੀ ਹੈ, ਜਦਕਿ ਹੋਰ ਪਿੰਡਾਂ ਵਿਚ ਬਿਜਲੀ ਸਪਲਾਈ ਚਾਲੂ ਹੁੰਦੀ ਹੈ, ਜਿਸ ਕਾਰਕੇ ਅੱਤ ਦੀ ਗਰਮੀ ਵਿਚ ਪਿੰਡ ਬਜੀਦਪੁਰ ਦੇ ਵਸਨੀਕਾਂ ਨੂੰ ਬਿਨ੍ਹਾਂ ਬਿਜਲੀ ਤੋਂ ਆਪਣਾਂ ਸਮਾਂ ਕੱਟਣਾ ਪੈ ਰਿਹਾ ਹੈ। ਇਸਦੇ ਵਿਰੋਧ ਵਿਚ ਅੱਜ ਪਿੰਡ ਬਜੀਦਪੁਰ ਦੇ ਵਸਨੀਕਾਂ ਨੇ ਟਰਾਂਸਫਾਰਮਰ ਕੋਲ ਖੜ੍ਹੇ ਹੋ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਵਸਨੀਕ ਹਰਪਾਲ ਸਿੰਘ, ਉਜਾਗਰ ਸਿੰਘ, ਦਵਿੰਦਰ ਸਿੰਘ ਪਿੰਕਾ, ਦਿਲਬਾਗ ਸਿੰਘ, ਬਚਿੱਤਰ ਸਿੰਘ, ਅਮਰੀਕ ਸਿੰਘ, ਜਰਨੈਲ ਸਿੰਘ, ਕਰਮਜੀਤ ਸਿੰਘ, ਮਨਜੀਤ ਸਿੰਘ, ਭਰਪੂਰ ਸਿੰਘ, ਹਰਕੀਰਤ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਬਜੀਦਪੁਰ ਵਿਖੇ ਸਬ ਡਵੀਜਨ ਮਾਜਰਾ ਅਧੀਨ ਪੈਂਦੇ ਚੰਦਪੁਰ ਫੀਡਰ ਰਾਹੀ ਬਿਜਲੀ ਸਪਲਾਈ ਆਉਂਦੀ ਹੈ, ਪਰ ਜਦੋਂ ਥੋੜੀ ਜਿਹੀ ਵਰਖਾ ਹੁੰਦੀ ਹੈ ਜਾਂ ਹਲਕੀ ਹਵਾ ਵੀ ਚਲਦੀ ਹੈ ਤਾਂ ਸਾਡੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਬਜੀਦਪੁਰ ਦੀ ਬਿਜਲੀ ਦੀਆਂ ਮਹਿਕਮੇ ਵੱਲੋਂ ਜੋ ਤਾਰਾਂ ਪਾਈਆ ਗਈਆਂ ਹਨ, ਉਹ ਦਰੱਖਤਾਂ ਦੇ ਵਿਚੋਂ ਦੀ ਪਾਈਆਂ ਹੋਈਆਂ ਹਨ, ਜਿਸ ਕਰਕੇ ਜਦੋਂ ਦਰਖਤ ਹਵਾ ਨਾਲ ਹਿੱਲਦੇ ਹਨ, ਉਦੋਂ ਤਾਰਾਂ ਸਪਾਰਕ ਹੋਣ ਨਾਲ ਬਿਜਲੀ ਸਪਲਾਈ ਬੰਦ ਹੋ ਜਾਂਦੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ ਚੰਦਪੁਰ ਫੀਡਰ ਤੇ ਇਕ ਜੈਂਪਰ ਲਗਾਇਆ ਹੋਇਆ ਹੈ, ਜਦੋਂ ਥੋੜੀ ਜਿਹੀ ਹਵਾ ਆਉਂਦੀ ਹੈ ਜਾਂ ਵਰਖਾ ਹੁੰਦੀ ਹੈ, ਉਦੋਂ ਜੈਂਪਰ ਤੋਂ ਪਿੰਡ ਬਜੀਦਪੁਰ ਤੇ ਪਿੰਡ ਬੂਥਗੜ੍ਹ ਦੀ ਬਿਜਲੀ ਸਪਲਾਈ ਕੱਟ ਦਿੱਤੀ ਜਾਂਦੀ ਹੈ, ਜਦੋਂਕਿ ਬਾਕੀ ਪਿੰਡਾਂ ਦੀ ਬਿਜਲੀ ਸਪਲਾਈ ਲਗਾਤਾਰ ਚਾਲੂ ਰਹਿੰਦੀ ਹੈ। ਇਸ ਸਬੰਧੀ ਅਸੀ ਕਈ ਵਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਦੱਸ ਚੁੱਕੇ ਹਾਂ ਪਰ ਸਾਡੀ ਮੁਸ਼ਕਿਲ ਦਾ ਕਿਸੇ ਵੀ ਮੁਲਾਜ਼ਮ ਤੇ ਅਧਿਕਾਰੀ ਨੇ ਕੋਈ ਹੱਲ ਨਹੀਂ ਕੀਤਾ, ਜਿਸ ਕਰਕੇ ਅੱਜ ਮਜਬੂਰਨ ਸਾਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਖਿਲਾਫ ਨਾਅਰੇਬਾਜ਼ੀ ਕਰਨੀ ਪਈ।
ਪਿੰਡ ਵਾਸੀਆਂ ਦੇ ਦੱਸਿਆ ਕਿ ਸਾਡੇ ਪਿੰਡ ਬੀਤੇ ਦਿਨ ਸਵੇਰੇ 10 ਵਜੇ ਤੋਂ ਬਿਜਲੀ ਸਪਲਾਈ ਬੰਦ ਸੀ ਜੋ ਅੱਜ ਸ਼ਾਮ 4 ਵਜੇ ਚਾਲੂ ਹੋਈ ਹੈ। ਪਿੰਡ ਵਾਸੀਆਂ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਿਜਲੀ ਸਪਲਾਈ ਦੀਆਂ ਤਾਰਾਂ ਸਹੀ ਤਰੀਕੇ ਨਾਲ ਪਾਈਆ ਜਾਣ ਅਤੇ ਪਿੰਡ ਵਿਚ ਬਿਜਲੀ ਸਪਲਾਈ ਲਗਾਤਾਰ ਦਿੱਤੀ ਜਾਵੇ।
ਕੀ ਕਹਿਣਾ ਹੈ ਐਸ.ਡੀ.ਓ ਮਾਜਰਾ ਦਾ?
ਜਦੋਂ ਇਸਦੇ ਸਬੰਧ ਵਿਚ ਸਬ ਡਵੀਜਨ ਮਾਜਰਾ ਦੇ ਐਸ.ਡੀ.ਓ ਨਿਤਿਸ਼ ਕੁਮਾਰ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੰਦਪੁਰ ਫੀਡਰ ਵਿਚ ਬਰੀਕੀ ਨੁਕਸ ਆ ਗਿਆ ਸੀ, ਜਿਸ ਕਰਕੇ ਬਿਜਲੀ ਸਪਲਾਈ ਚਾਲੂ ਕਰਨ ਵਿਚ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਪੈਟਰੌਲਿੰਗ ਕਰਵਾ ਕੇ ਇਸ ਫੀਡਰ ਦੀਆਂ ਲਾਈਨਾਂ ਚੈੱਕ ਕਰਵਾਵਾਂਗਾ ਅਤੇ ਜੋ ਲਾਈਨਾਂ ਦਰੱਖਤਾਂ ਵਿਚ ਆਉਂਦੀਆਂ ਹਨ, ਉਹ ਠੀਕ ਕਰਵਾਵਾਂਗਾ ਤਾਂ ਜੋ ਬਿਜਲੀ ਸਪਲਾਈ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।

