ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਜੂਨ:


ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸਹਿਯੋਗ ਸਦਕਾ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਦੂਜੇ ਜਥੇ ਦੀ ਵਾਪਸੀ ਸਮੇਂ ਭਾਰੀ ਮੀਂਹ ਪੈਣ ਦੇ ਬਾਵਜੂਦ ਰਾਤ ਦੇਰ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼-8 ਮੁਹਾਲੀ ਵਿਖੇ ਸੰਸਥਾ ਦੇ ਅਹੁਦੇਦਾਰਾਂ ਵਲੋਂ ਯਾਤਰੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਯਾਤਰਾ ਦੀ ਸਮਾਪਤੀ ਸਮੇਂ ਜੋਸ਼ ਭਰੇ ਜੈਕਾਰਿਆਂ ਨਾਲ ਸਾਰੇ ਯਾਤਰੀਆਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਯਾਤਰਾ ਦੀ ਸਮਾਪਤੀ ਤੇ ਗਿਆਨੀ ਮਨਮੋਹਣਜੀਤ ਸਿੰਘ ਜੀ ਵਲੋਂ ਅਰਦਾਸ ਕੀਤੀ ਗਈ। ਇਸ ਮੌਕੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਸਲਾਹਕਾਰ ਬਲਵਿੰਦਰ ਸਿੰਘ, ਪ੍ਰਿਤਪਾਲ ਸਿੰਘ ਅਤੇ ਦੂਜੇ ਅਹੁਦੇਦਾਰ ਵੀ ਹਾਜ਼ਰ ਸਨ। ਇਸ ਯਾਤਰਾ ਦੀ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ 20-06-2025 ਨੂੰ ਸ੍ਰੀ ਨਾਨਕ ਮੱਤਾ, ਗੁਰਦੁਆਰਾ ਸਾਹਿਬ ਸ੍ਰੀ ਰੀਠਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਮੇਤ ਦੂਜੇ ਗੁਰਧਾਮਾਂ ਦੀ ਯਾਤਰਾ ਲਈ ਰਵਾਨਗੀ ਕੀਤੀ ਗਈ ਸੀ, ਜਿਸ ਦੀ ਵਾਪਸੀ ਦੇਰ ਰਾਤ 28-06-2025 ਨੂੰ ਹੋਈ ਹੈ।
ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਦੱਸਿਆ ਕਿ ਇਸ ਯਾਤਰਾ ਲਈ ਬੀਬੀਆਂ ਅਤੇ ਬੱਚਿਆਂ ਸਮੇਤ 52 ਯਾਤਰੀਆਂ ਨੇ ਇਸ ਧਾਰਮਿਕ ਯਾਤਰਾ ਨੂੰ ਮਨੋਰੰਜਕ ਢੰਗ ਨਾਲ ਮਾਣਿਆ ਅਤੇ ਸਮਾਪਤੀ ਪਰ ਬੱਚੇ ਅਤੇ ਬੀਬੀਆਂ ਬਹੁਤ ਖੁਸ਼ ਨਜ਼ਰ ਆਏ। ਪ੍ਰਿੰ. ਗੋਸਲ ਨੇ ਸੰਸਥਾ ਵਲੋਂ ਜ਼ਿਲ੍ਹਾ ਲੁਧਿਆਣੇ ਦੇ ਸਕੂਲੀ ਵਿਦਿਆਰਥੀਆਂ ਦਾ ਜੋ ਯਾਤਰਾ ਤੇ ਗਏ ਸਨ, ਦੀ ਹੌਂਸਲਾ-ਅਫਜਾਈ ਕੀਤੀ। ਇਹ ਗੱਲ ਦੱਸਣਯੋਗ ਹੈ ਕਿ ਚੰਡੀਗੜ੍ਹ, ਮੁਹਾਲੀ ਅਤੇ ਲੁਧਿਆਣਾ ਸਮੇਤ ਵੱਖ-ਵੱਖ ਥਾਵਾਂ ਤੋਂ ਯਾਤਰੂ ਗੁਰਧਾਮਾਂ ਦੀ ਯਾਤਰਾ ਲਈ ਗਏ ਸਨ ਅਤੇ ਉਹਨਾਂ ਨੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਕੇ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਕਈ ਸ਼ਰਧਾਲੂਆਂ ਨੇ ਦੱਸਿਆ ਕਿ ਉਹਨਾਂ ਦੀ ਯਾਤਰਾ ਬਹੁਤ ਹੀ ਸੁਖਾਵੇਂ ਮਾਹੌਲ, ਮਨੋਰੰਜਕ ਅਤੇ ਦਰਸ਼ਨਿਕ ਭਰਪੂਰ ਦਿਲਕਸ਼ ਰਹੀ ਅਤੇ ਸਾਰੇ ਯਾਤਰੂ ਚੜ੍ਹਦੀ ਕਲਾ ਵਿੱਚ ਰਹੇ। ਉਹਨਾਂ ਨੇ ਇਸ ਯਾਤਰਾ ਦੇ ਵਿਸ਼ੇਸ਼ ਸਹਿਯੋਗ ਲਈ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਪ੍ਰਿੰ. ਗੋਸਲ ਨੇ ਦੱਸਿਆ ਕਿ ਹੁਣ ਅਗਲੀ ਯਾਤਰਾ ਅਗਸਤ ਦੇ ਅੰਤ ਵਿੱਚ ਭੇਜਣ ਦਾ ਯਤਨ ਕੀਤਾ ਜਾਵੇਗਾ, ਜਿਸ ਵਿੱਚ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਪੂਰਾ ਸਹਿਯੋਗ ਦੇਵੇਗੀ। ਉਹਨਾਂ ਨੇ ਰਾਤ ਸੰਪੰਨ ਹੋਈ ਯਾਤਰਾ ਲਈ ਪ੍ਰਬੰਧਕੀ ਸੇਵਾਦਾਰਾਂ ਦਾ ਅਤੇ ਯਾਤਰੂਆਂ ਵਲੋਂ ਮਿਲੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ, ਜਿਹਨਾਂ ਵਿੱਚ ਮਨਮੋਹਣਜੀਤ ਸਿੰਘ, ਗੁਰਸ਼ਰਨਜੀਤ ਕੌਰ, ਗੁਰਤੇਜ ਸਿੰਘ, ਕੁਲਦੀਪ ਕੌਰ, ਗੁਰਪ੍ਰਸਾਦ ਸਿੰਘ, ਨਛੱਤਰ ਕੌਰ, ਪੁਸ਼ਪਿੰਦਰ ਸਿਘ, ਗੁਰਪ੍ਰੀਤ ਕੌਰ, ਮਨਜੀਤ ਕੌਰ ਵੀ ਸ਼ਾਮਲ ਸਨ।
ਫੋਟੋ ਕੈਪਸ਼ਨ – ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਦੂਜੇ ਅਹੁਦੇਦਾਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀ ਵਾਪਸੀ ਤੇ ਸਮਾਪਤੀ ਅਰਦਾਸ ਸਮੇਂ ਯਾਤਰੂਆਂ ਦਾ ਸਵਾਗਤ ਕਰਦੇ ਹੋਏ।

