ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 1 ਜੁਲਾਈ:


ਚੰਡੀਗੜ੍ਹ ਦੇ ਸੈਕਟਰ-28 ਸਥਿਤ ਪ੍ਰਸਿੱਧ ਸਮਾਜ ਸੇਵੀ ਸੰਸਥਾ ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਵਲੋਂ ਕੱਲ੍ਹ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸਮਾਣਾ ਵਿਖੇ ਇੱਕ ਸ਼ਾਨਦਾਰ ਸਨਮਾਨ ਸਮਾਗਮ ਅਤੇ ਇਨਾਮੀ ਚੈੱਕ ਵੰਡਣ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿੱਚ ਚੰਡੀਗੜ ਤੋਂ ਪ੍ਰਬੰਧਕੀ ਅਫਸਰ ਸ੍ਰ. ਜਸਵਿੰਦਰ ਸਿੰਘ ਪਸਰੀਚਾ, ਪ੍ਰਿੰ. ਬਹਾਦਰ ਸਿੰਘ ਗੋਸਲ (ਪ੍ਰਾਜੈਕਟ ਇੰਚਾਰਜ) ਅਤੇ ਸ੍ਰ. ਸੰਦੀਪ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਬੀ.ਪੀ.ਈ.ਓ. ਸਮਾਣਾ ਨੇ ਉਚੇਚੇ ਤੌਰ ਤੇ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਸਮਾਗਮ ਦਾ ਪ੍ਰਬੰਧ ਜ਼ਿਲ੍ਹਾ ਸੁਪਰਵਾਈਜ਼ਰ ਸ੍ਰ. ਕਰਮਜੀਤ ਸਿੰਘ ਅਤੇ ਸਕੂਲ ਦੇ ਮੁੱਖ ਅਧਿਆਪਕ ਅਮਰੀਕ ਸਿੰਘ ਵਲੋਂ ਕਰਵਾਇਆ ਗਿਆ ਸੀ। ਸਭ ਤੋਂ ਪਹਿਲਾਂ ਮੁੱਖ ਅਧਿਆਪਕ ਅਮਰੀਕ ਸਿੰਘ ਅਤੇ ਦੂਜੇ ਅਧਿਆਪਕਾਂ ਵਲੋਂ ਚੰਡੀਗੜ ਤੋਂ ਪਹੁੰਚੇ ਜਸਵਿੰਦਰ ਸਿੰਘ ਪਸਰੀਚਾ ਅਤੇ ਪ੍ਰਿੰ. ਬਹਾਦਰ ਸਿੰਘ ਗੋਸਲ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ ਅਤੇ ਅਮਰੀਕ ਸਿੰਘ ਵਲੋਂ ਜੀ ਆਇਆਂ ਨੂੰ ਆਖਿਆ ਗਿਆ। ਉਹਨਾਂ ਵਲੋਂ ਭਾਈ ਜੈਤਾ ਜੀ ਫਾਊਂਡੇਸ਼ਨ ਦੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਪ੍ਰਸੰਸਾ ਕੀਤੀ।
ਇਸ ਤੋਂ ਬਾਅਦ ਜਸਵਿੰਦਰ ਸਿੰਘ ਪਸਰੀਚਾ ਨੇ ਫਾਊਂਡੇਸ਼ਨ ਦੇ ਵੱਖ-ਵੱਖ ਚਲਦੇ ਪ੍ਰਾਜੈਕਟਾਂ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਨਵੋਦਿਆ ਸਕੂਲਾਂ ਲਈ ਬੱਚਿਆਂ ਦੀ ਤਿਆਰੀ ਵਾਲੇ ਪ੍ਰਾਜੈਕਟ ਨੂੰ ਇੱਕ ਵਿਲੱਖਣ ਪ੍ਰਾਜੈਕਟ ਦੱਸਿਆ। ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਇਸ ਮੌਕੇ ਤੇ ਬੋਲਦਿਆਂ ਅਧਿਆਪਕਾਂ ਨੂੰ ਉਹਨਾਂ ਦੀ ਮਿਹਨਤ ਅਤੇ ਲਗਨ ਲਈ ਸੇਵਾ ਕਰਨ ਤੇ ਵਧਾਈ ਦਿੱਤੀ ਅਤੇ ਦੱਸਿਆ ਕਿ ਚੰਗੇ ਅਧਿਆਪਕ ਸਦਕਾ ਸੰਸਥਾ ਹੁਣ 19962 ਬੱਚਿਆਂ ਨੂੰ ਕੋਚਿੰਗ ਦੇ ਚੁੱਕੀ ਹੈ ਅਤੇ 1500 ਦੇ ਕਰੀਬ ਬੱਚੇ ਟੈਸਟ ਪਾਸ ਕਰਕੇ ਨਵੋਦਿਆ ਸਕੂਲਾਂ ਵਿੱਚ ਦਾਖਲਾ ਲੈ ਚੁੱਕੇ ਹਨ| ਇਸ ਮੌਕੇ ਤੇ ਬੀ.ਪੀ.ਈ.ਓ. ਸਮਾਣਾ ਵਲੋਂ ਸੰਸਥਾ ਦੀ ਸੇਵਾ ਭਾਵਨਾ ਦੀ ਪ੍ਰਸੰਸਾ ਕਰਦੇ ਹੋਏ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ।
ਇਸ ਤੋਂ ਬਾਅਦ ਜਸਵਿੰਦਰ ਸਿੰਘ ਪਸਰੀਚਾ ਅਤੇ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਸੰਸਥਾ ਵਲੋਂ ਅਧਿਆਪਕਾਂ ਨੂੰ ਇਨਾਮੀ ਚੈੱਕ, ਮੋਮੈਂਟੋ, ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਤੇ 30 ਤੋਂ ਵੱਧ ਅਧਿਆਪਕ ਪਟਿਆਲਾ ਅਤੇ ਸੰਗਰੂਰ ਜ਼ਿਲਿ•ਆਂ ਤੋਂ ਪਹੁੰਚੇ ਹੋਏ ਸਨ। ਉਹਨਾਂ ਨੇ ਸਨਮਾਨ ਪ੍ਰਾਪਤ ਕਰਨ ਉਪਰੰਤ ਖੁਸ਼ੀ ਜ਼ਾਹਰ ਕਰਦਿਆਂ ਅੱਗੋਂ ਲਈ ਵੀ ਸੰਸਥਾ ਨਾਲ ਜੁੜੇ ਰਹਿਣ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨੈਸ਼ਨਲ ਅਵਾਰਡੀ ਅਧਿਆਪਕ ਪਰਮਜੀਤ ਲਾਲ ਅਤੇ ਸੰਗਰੂਰ ਤੋਂ ਚਰਨਜੀਤ ਸਿੰਘ, ਸਕੂਲ ਦੇ ਸਟਾਫ ਮੈਂਬਰਜ਼ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ – ਸ੍ਰ. ਜਸਵਿੰਦਰ ਸਿੰਘ ਪਸਰੀਚਾ ਤੇ ਪ੍ਰਿੰ. ਬਹਾਦਰ ਸਿੰਘ ਗੋਸਲ ਅਧਿਆਕਾਂ ਨੂੰ ਸਨਮਾਨਿਤ ਕਰਦੇ ਹੋਏ।

