ਚੰਡੀਗੜ੍ਹ 2 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਮੁੱਲਾਂਪੁਰ ਗਰੀਬਦਾਸ ਵਿਖੇ 10 ਰੋਜ਼ਾ ਗੁਰਮਤਿ ਸਿਖਲਾਈ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ (ਧਰਮ ਪ੍ਰਚਾਰ ਕਮੇਟੀ ) ਅਤੇ ਸਿੱਖ ਮਿਸ਼ਨਰੀ ਕਾਲਜ ਸਰਕਲ ਮੁਹਾਲੀ ਦੇ ਸਹਿਯੋਗ ਨਾਲ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਨ ਲਈ ਗੁਰਮਤਿ ਸਿਖਲਾਈ ਗੁਰਬਾਣੀ ਸਿਖਲਾਈ ਕੈਂਪ ਲਗਾਇਆ ਗਿਆ ਹੈ। ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਦੇਸਰਾਜ ਸਿੰਘ ਨੇ ਦੱਸਿਆ ਗੁਰਦੁਆਰਾ ਨਾਨਕ ਦਰਬਾਰ ਮੁੱਲਾਂਪੁਰ ਵਿਖੇ 10 ਦਿਨ ਲਈ ਗੁਰਮਤਿ ਸਿਖਲਾਈ ਕੈਂਪ ਦਾ ਪ੍ਰੋਗਰਾਮ ਕੀਤਾ ਗਿਆ ਹੈ। ਇਹ ਕੈਂਪ 20 ਜੂਨ ਨੂੰ ਸ਼ੁਰੂ ਹੋ ਕੇ 30 ਜੂਨ ਤੱਕ ਕੀਤਾ ਗਿਆ ਹੈ। ਇਸ ਕੈਂਪ ਵਿੱਚ ਭਾਈ ਰਜਿੰਦਰਪਾਲ ਸਿੰਘ ਪਾਰੋਵਾਲ ਵਲੋਂ ਰੋਜਾਨਾਂ ਬੱਚਿਆਂ ਨੂੰ ਗੁਰਮਤਿ ਸਿਖਲਾਈ ਦਿੱਤੀ ਗਈ ਅਤੇ ਕੈਂਪ ਦੇ ਅਖੀਰਲੇ ਦਿਨ ਜਿਨ੍ਹਾਂ ਬੱਚਿਆਂ ਨੇ ਕੈਂਪ ਵਿੱਚ ਸਿਖਲਾਈ ਲਈ ਉਹਨਾਂ ਦੇ 5 ਵੱਖ-ਵੱਖ ਗਰੁੱਪ ਬਣਾ ਕੇ ਉਹਨਾਂ ਵਿੱਚ ਧਾਰਮਿਕ ਸਵਾਲ – ਜਵਾਬ ਦਾ ਮੁਕਾਬਲਾ ਵੀ ਕਰਵਾਇਆ ਗਿਆ ਹੈ ਅਤੇ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਚਰਨਜੀਤ ਸਿੰਘ ਕਾਲੇਆਲ ਵੱਲੋਂ ਬੱਚਿਆਂ ਨੂੰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਦੇ ਗਰੁੱਪਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਸ. ਕਾਲੇਆਲ ਨੇ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਧਾਰਮਿਕ ਕੰਮਾਂ ਦੀ ਸ਼ਲਾਘਾ ਕੀਤੀ ਹੈ। ਇਸੇ ਦੌਰਾਨ ਉਹਨਾਂ ਕਿਹਾ ਕਿ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਦੀ ਸਖਤ ਜ਼ਰੂਰਤ ਹੈ, ਕਿਉਂਕਿ ਆਏ ਦਿਨ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ, ਜਿਸ ਦਾ ਸਭ ਤੋਂ ਵੱਡਾ ਅਸਰ ਬੱਚਿਆਂ ਤੇ ਪੈਂਦਾ ਹੈ।ਉਹਨਾਂ ਦੱਸਿਆ ਹਰ ਪਿੰਡ ਵਿੱਚ ਇਸ ਤਰ੍ਹਾਂ ਦੇ ਕੈਂਪ ਪ੍ਰਬੰਧਕ ਕਮੇਟੀ ਵੱਲੋਂ ਲਗਵਾਉਣੇ ਚਾਹੀਦੇ ਹਨ ਤਾਂ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ ਤਾਂ ਕਿ ਬੱਚੇ ਗਲਤ ਰਸਤੇ ਨਾ ਪੈ ਸਕਣ ਅਤੇ ਨਸ਼ਿਆਂ ਤੋਂ ਦੂਰ ਰਹਿ ਸਕਣ। ਪ੍ਰਧਾਨ ਦੇਸਰਾਜ ਸਿੰਘ ਨੇ ਦੱਸਿਆ ਕੈਂਪ ਵਿੱਚ 50 ਤੋਂ ਵੱਧ ਬੱਚਿਆਂ ਵੱਲੋਂ ਗੁਰਮਤਿ ਕੈਂਪ ਵਿੱਚ ਸਮੂਲੀਅਤ ਕੀਤੀ ਗਈ ਸੀ। ਗੁਰਦੁਆਰਾ ਨਾਨਕ ਦਰਬਾਰ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਗੁਰਦੁਆਰਾ ਸਾਹਿਬ ਵਿਖੇ ਲਾਇਬਰੇਰੀ ਦਾ ਪ੍ਰਬੰਧ ਪੱਕੇ ਤੌਰ ਤੇ ਕੀਤਾ ਜਾਵੇਗਾ, ਜਿਸ ਦੇ ਵਿੱਚ ਬੱਚੇ ਵਿਹਲੇ ਸਮੇਂ ਲਾਇਬਰੇਰੀ ਵਿੱਚ ਆ ਕੇ ਸਿੱਖ ਇਤਿਹਾਸ ਨੂੰ ਪੜ੍ਹ ਕੇ ਸਿੱਖ ਇਤਿਹਾਸ ਤੋਂ ਜਾਣੂ ਹੋਣਗੇ। ਉਹਨਾਂ ਦੱਸਿਆ ਗੁਰਮਤਿ ਸਿਖਲਾਈ ਕੈਂਪ ਵਿੱਚ ਬੱਚਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਰਟੀਫਿਕੇਟ ਵੀ ਦਿੱਤੇ ਗਏ। ਆਉਣ ਵਾਲੇ ਦਿਨਾਂ ਵਿੱਚ ਬੱਚਿਆਂ ਨੂੰ ਗੱਤਕਾ ਸਿਖਲਾਈ ਵੀ ਦਿੱਤੀ ਜਾਵੇਗੀ ਅਤੇ ਧਾਰਮਿਕ ਫਿਲਮਾਂ ਵੀ ਵਿਖਾਈਆਂ ਜਾਣਗੀਆਂ। ਇਸ ਮੌਕੇ ਸੇਵਾ ਸਿੰਘ ਸਕੱਤਰ, ਭਾਗ ਸਿੰਘ ਪ੍ਰੈਸ ਸਕੱਤਰ, ਗੁਰਪ੍ਰੀਤ ਸਿੰਘ ਸਲਾਹਕਾਰ, ਸੁਰਜੀਤ ਸਿੰਘ ਰਾਜਾ ਸੇਵਾਦਾਰ, ਹਰਨੇਕ ਸਿੰਘ, ਗੁਰਪ੍ਰੀਤ ਸਿੰਘ, ਅਜਮੇਰ ਸਿੰਘ ਆਦਿ ਸੇਵਾਦਾਰ ਮੌਜੂਦ ਸਨ।

