ਚੰਡੀਗੜ੍ਹ 4 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


”ਕਹਿਣ ਨੂੰ ਤਾਂ ਪੰਜਾਬ ਵਿਕਾਸ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਪਰ ਜ਼ਮੀਨੀ ਪੱਧਰ ‘ਤੇ ਹਕੀਕਤ ਕੁਝ ਹੋਰ ਹੈ, ਕਿਉਂਕਿ ਜਿੱਥੇ ਬਾਕੀ ਕੰਮ ਹਵਾ ਵਿੱਚ ਅਧੂਰੇ ਲਮਕ ਰਹੇ ਹਨ, ਉੱਥੇ ਹੀ ਸੜਕਾਂ ਦਾ ਵੀ ਬੇੜਾ ਗਰਕ ਹੋਇਆ ਪਿਆ ਹੈ” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬਲਾਕ ਕਾਂਗਰਸ ਦੇ ਪ੍ਰਧਾਨ ਮਦਨ ਸਿੰਘ ਮਾਣਕ ਪੁਰ ਸ਼ਰੀਫ, ਨੰਬਰਦਾਰ ਯੂਨੀਅਨ ਦੇ ਬਲਾਕ ਪ੍ਰਧਾਨ ਰਾਜ ਕੁਮਾਰ ਸਿਆਲਬਾ, ਯੂਥ ਆਗੂ ਅਰਵਿੰਦ ਕੁਮਾਰ ਟੀਟੂ ਰਾਣਾ ਫਤਿਹਪੁਰ ਅਤੇ ਅਕਾਲੀ ਦਲ (ਅ) ਦੇ ਹਰਮੇਸ਼ ਸਿੰਘ ਬੜੌਦੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪੰਜਾਬ ਦੇ ਲੋਕਾਂ ਨੂੰ ਵੱਡੀਆਂ ਆਸਾਂ ਜਾਗੀਆਂ ਸਨ, ਪਰ ਇਹ ਆਸਾਂ ਬਿਆਨਾਂ ਤੱਕ ਹੀ ਰਹਿ ਗਈਆਂ ਹਨ। ਮਦਨ ਸਿੰਘ ਮਾਣਕਪੁਰ ਨੇ ਦੱਸਿਆ ਕਿ ਜੇਕਰ ਬਲਾਕ ਮਾਜਰੀ ਦੇ ਸੜਕਾਂ ਦੀ ਗੱਲ ਕਰੀਏ ਤਾਂ ਇੱਥੋਂ ਦੀਆਂ ਸੜਕਾਂ ਦੀ ਹਾਲਤ ਦੇਖ ਕੇ ਮਨ ਬਹੁਤ ਨਿਰਾਸ਼ ਹੁੰਦਾ ਹੈ, ਕਿਉਂਕਿ ਇਹਨਾਂ ਲਿੰਕ ਸੜਕਾਂ ਨੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਵਿੱਚ ਪਾਇਆ ਹੋਇਆ।
ਨੰਬਰਦਾਰ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਸਿਆਲਬਾ ਨੇ ਕਿਹਾ ਕਿ ਇਲਾਕੇ ਦੀਆਂ ਇਹ ਸੜਕਾਂ ਜਿੱਥੇ ਸਾਨੂੰ ਚੰਡੀਗੜ੍ਹ-ਮੁਹਾਲੀ ਅਤੇ ਹੋਰ ਸ਼ਹਿਰਾਂ ਨਾਲ ਜੋੜਦੀਆਂ ਹਨ, ਉੱਥੇ ਹੀ ਇਹਨਾਂ ਪਿੰਡਾਂ ਤੋਂ ਵਿਦਿਆਰਥੀ ਵੀ ਉੱਚ ਸਿੱਖਿਆ ਲੈਣ ਲਈ ਉਪਰੋਕਤ ਸ਼ਹਿਰਾਂ ਵਿੱਚ ਜਾਂਦੇ ਹਨ, ਪਰ ਸੜਕਾਂ ਦੀ ਮਾੜੀ ਹਾਲਤ ਦੇਖ ਕੇ ਹਰ ਵੇਲ਼ੇ ਮਨ ਡਰਿਆ ਡਰਿਆ ਰਹਿੰਦਾ ਹੈ। ਟੀਟੂ ਫਤਿਹਪੁਰ ਨੇ ਕਿਹਾ ਕਿ ਇਹਨਾਂ ਟੁੱਟੀਆਂ ਲਿੰਕ ਸੜਕਾਂ ਕਰਕੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ, ਜਿਨ੍ਹਾਂ ਨਾਲ ਜਿੱਥੇ ਸਰੀਰਕ ਨੁਕਸਾਨ ਹੋ ਰਹੇ ਹਨ, ਉੱਥੇ ਗੱਡੀਆਂ ਦਾ ਵੀ ਨੁਕਸਾਨ ਹੋ ਰਿਹਾ ਹੈ। ਸੜਕਾਂ ਵਿਚਕਾਰ ਖੜ੍ਹਦਾ ਪਾਣੀ ਛੱਪੜ ਦਾ ਭੁਲੇਖਾ ਪਾਉਦਾ ਹੈ। ਹਰਮੇਸ਼ ਸਿੰਘ ਬੜੌਦੀ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਹਾਲਾਤ ਹੋਰ ਵੀ ਗੰਭੀਰ ਬਣ ਜਾਂਦੇ ਹਨ। ਇੱਥੇ ਹੀ ਬਸ ਨਹੀਂ, ਇਲਾਕੇ ਵਿੱਚ ਵੱਡੇ ਪੱਧਰ ‘ਤੇ ਹੁੰਦੀ ਮਾਈਨਿੰਗ ਅਤੇ ਇੱਥੋਂ ਲੋਡ ਹੋਕੇ ਚਲਦੇ ਟਰੱਕ – ਟਿੱਪਰ ਵੀ ਸੜਕਾਂ ਦੀ ਬਰਬਾਦੀ ਕਰਨ ਵਿੱਚ ਵੱਡਾ ਯੋਗਦਾਨ ਨਿਭਾ ਰਹੇ ਹਨ। ਦੱਸਣਾ ਬਣਦਾ ਹੈ ਕਿ ਇਸ ਸਰਕਾਰ ਵਿੱਚ ਇਲਾਕੇ ਦੀ ਸ਼ਾਇਦ ਹੀ ਕਿਸੇ ਸੜਕ ਦੀ ਰਿਪੇਅਰ ਹੋਈ ਹੋਵੇ, ਨਹੀਂ ਤਾਂ ਪਿਛਲੀ ਸਰਕਾਰ ਮੌਕੇ ਹੀ ਇਲਾਕੇ ਦੀਆਂ ਲਿੰਕ ਸੜਕਾਂ ਦੀ ਮੱਲਮਪੱਟੀ ਹੋਈ ਹੈ। ਆਗੂਆਂ ਨੇ ਮੰਗ ਕੀਤੀ ਹੈ ਕਿ ਘਾੜ ਦੇ ਇਲਾਕੇ ਵਿੱਚ ਸੜਕਾਂ ਵੱਲ ਧਿਆਨ ਦਿੱਤਾ ਜਾਵੇ, ਨਹੀਂ ਤਾਂ ਆਏ ਦਿਨ ਹਾਦਸੇ ਵਾਪਰਦੇ ਰਹਿਣਗੇ ਤੇ ਲੋਕ ਸਰਕਾਰ ਨੂੰ ਕੋਸਦੇ ਰਹਿਣਗੇ।

