ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਜੁਲਾਈ:
ਸੈਕਟਰ-28 ਚੰਡੀਗੜ੍ਹ ਸਥਿਤ ਭਾਈ ਜੈਤਾ ਜੀ ਫਾਊਂਡੇਸ਼ਨ ਵਲੋਂ ਭਾਈ ਮੋਹਕਮ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਵਿਖੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਇੱਕ ਸ਼ਾਨਦਾਰ ਸਨਮਾਨ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਉਹਨਾਂ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਕਰਵਾਇਆ ਗਿਆ ਸੀ, ਜਿਹੜੇ ਪੰਜਾਬ ਦੇ ਚਾਰ ਜ਼ਿਲ੍ਹਆਂ ਲੁਧਿਆਣਾ, ਫਤਿਹਗੜ੍ਹ ਸਾਹਿਬ, ਜਲੰਧਰ ਅਤੇ ਮਲੇਰਕੋਟਲਾ ਦੇ ਪਿੰਡਾਂ ਵਿੱਚ ਟਰੱਸਟ ਵਲੋਂ ਚਲਾਏ ਜਾ ਰਹੇ ਪ੍ਰੋਗਰਾਮ ਅਧੀਨ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਨਵੋਦਿਆ ਸਕੂਲਾਂ ਵਿੱਚ ਦਾਖਲੇ ਦੀ ਤਿਆਰੀ ਲਈ ਪੜ੍ਹਾਉਂਦੇ ਹਨ।


ਇਸ ਸਮਾਗਮ ਵਿੱਚ ਭਾਈ ਜੈਤਾ ਜੀ ਫਾਊਂਡੇਸ਼ਨ ਚੰਡੀਗੜ੍ਹ ਤੋਂ ਪ੍ਰਬੰਧਕੀ ਅਫਸਰ ਸ੍ਰ. ਜਸਵਿੰਦਰ ਸਿੰਘ ਪਸਰੀਚਾ, ਪ੍ਰਾਜੈਕਟ ਇੰਚਾਰਜ਼ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਸੰਦੀਪ ਸਿੰਘ ਪਹੁੰਚੇ ਹੋਏ ਸਨ, ਜਿਹਨਾਂ ਨੇ ਵਧੀਆ ਕਾਰ-ਗੁਜ਼ਾਰੀ ਵਾਲੇ ਅਧਿਆਪਕਾਂ ਨੂੰ ਇਨਾਮੀ ਚੈੱਕ, ਮੋਮੈਂਟੋ ਅਤੇ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਪ੍ਰਾਜੈਕਟ ਇੰਚਾਰਜ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਸਭ ਨੂੰ ਜੀ ਆਇਆਂ ਨੂੰ ਆਖਦੇ ਹੋਏ ਪ੍ਰਾਜੈਕਟ ਦੀ ਸਫਲਤਾ ਦੀ ਰੂਪ-ਰੇਖਾ ਦੱਸੀ ਅਤੇ ਦੱਸਿਆ ਕਿ ਟਰੱਸਟ ਹੁਣ ਤੱਕ 19,962 ਬੱਚਿਆਂ ਨੂੰ ਕੋਚਿੰਗ ਦੇ ਚੁੱਕਾ ਹੈ ਅਤੇ 1500 ਦੇ ਕਰੀਬ ਬੱਚੇ ਨਵੋਦਿਆ ਸਕੂਲਾਂ ਵਿੱਚ ਜਾ ਚੁੱਕੇ ਹਨ। ਉਹਨਾਂ ਨੇ ਸੰਸਥਾ ਦੇ ਬਾਕੀ ਸਮਾਜ ਭਲਾਈ ਕਾਰਜਾਂ ਬਾਰੇ ਵੀ ਚਾਨਣਾ ਪਾਇਆ।
ਇਸ ਮੌਕੇ ਸ੍ਰ. ਜਸਵਿੰਦਰ ਸਿੰਘ ਪਸਰੀਚਾ ਅਤੇ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਪ੍ਰਿੰ. ਹਰਜਿੰਦਰ ਸਿੰਘ ਮਲੇਰਕੋਟਲਾ ਨੂੰ ਵੀ ਵਿਸ਼ੇਸ਼ ਯੋਗਦਾਨ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸ੍ਰ. ਪਸਰੀਚਾ ਨੇ ਅਧਿਆਪਕਾਂ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਬੱਚਿਆਂ ਨੂੰ ਤਿਆਰੀ ਕਰਵਾਉਣ ਦੀ ਅਪੀਲ ਕੀਤੀ। ਉਹਨਾਂ ਨੇ ਇਸ ਸਾਲ ਅਧਿਆਪਕਾਂ ਦੀ ਕਾਰ-ਗੁਜ਼ਾਰੀ ਨੂੰ ਵਧੀਆ ਦੱਸਦੇ ਹੋਏ ਭਵਿੱਖ ਵਿੱਚ ਵੀ ਸੇਵਾ ਦੇ ਤੌਰ ‘ਤੇ ਭਾਈ ਜੈਤਾ ਜੀ ਫਾਊਡੇਸ਼ਨ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਟਰੱਸਟ ਵਲੋਂ ਦਿੱਤੀ ਜਾਂਦੀ ਹੈ।
ਇਸ ਮੌਕੇ 25 ਤੋਂ ਵੱਧ ਅਧਿਆਪਕ ਹਾਜ਼ਰ ਸਨ। ਇਸ ਸਮਾਗਮ ਦਾ ਪ੍ਰਬੰਧ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜ਼ਿਲ੍ਹਾ ਸੁਪਰਵਾਈਜ਼ਰ ਸਰਬਜੀਤ ਸਿੰਘ ਵਲੋਂ ਕੀਤਾ ਗਿਆ ਸੀ। ਅੰਤ ਵਿੱਚ ਸਰਬਜੀਤ ਸਿੰਘ ਵਲੋਂ ਚੰਡੀਗੜ੍ਹ ਤੋਂ ਪਹੁੰਚੇ ਸੰਸਥਾ ਦੇ ਅਹੁਦੇਦਾਰਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਇਸ ਪ੍ਰਾਜੈਕਟ ਨੂੰ ਹੋਰ ਵਧੀਆ ਢੰਗ ਨਾਲ ਚਲਾਉਣ ਲਈ ਭਰੋਸਾ ਦਿੱਤਾ।
ਫੋਟੋ ਕੈਪਸ਼ਨ – ਭਾਈ ਜੈਤਾ ਜੀ ਫਾਊਂਡੇਸ਼ਨ ਦੇ ਪ੍ਰਬੰਧਕੀ ਅਫਸਰ ਸ੍ਰ. ਜਸਵਿੰਦਰ ਸਿੰਘ ਪਸਰੀਚਾ, ਪ੍ਰਾਜੈਕਟ ਇੰਚਾਰਜ ਪ੍ਰਿੰ. ਬਹਾਦਰ ਸਿੰਘ ਗੋਸਲ, ਸੰਦੀਪ ਸਿੰਘ ਅਤੇ ਸਨਮਾਨਿਤ ਅਧਿਆਪਕ।
ਪ੍ਰਿੰ. ਬਹਾਦਰ ਸਿੰਘ ਗੋਸਲ, ਪ੍ਰਾਜੈਕਟ ਇੰਚਾਰਜ, ਭਾਈ ਜੈਤਾ ਜੀ ਫਾਊਂਡੇਸ਼ਨ – ਮੋ.ਨੰ: 98764-52223

