ਚੰਡੀਗੜ੍ਹ 12 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਅੱਜ ਪਿੰਡ ਤੀੜਾ (ਨਿਊ ਚੰਡੀਗੜ੍ਹ) ਵਿਖੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ 77ਵੀਂ ਸਲਾਨਾ ਜਨਰਲ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਪ੍ਰਧਾਨ – ਅਮਰਜੀਤ ਮਹਿਤਾ, ਮੀਤ ਪ੍ਰਧਾਨ – ਦੀਪਕ ਬਾਲੀ, ਸਕੱਤਰ ਤੇ ਵਿਧਾਇਕ ਮੁਹਾਲੀ ਕੁਲਵੰਤ ਸਿੰਘ ਵੱਲੋਂ ਆਪੋ-ਆਪਣੇ ਅਹੁਦੇ ਸੰਭਾਲੇ ਗਏ। 77ਵੀਂ ਸਾਲਾਨਾ ਜਨਰਲ ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਵਿਧਾਇਕ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਦੇ ਨਵੇਂ ਚੁਣੇ ਗਏ ਸਕੱਤਰ – ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਭਗਵੰਤ ਸਿੰਘ ਮਾਨ – ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਬਤੌਰ ਸਕੱਤਰ ਚੁਣੇ ਜਾਣ ‘ਤੇ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਯਤਨਸ਼ੀਲ ਰਹਿਣਗੇ।
ਪੀ.ਸੀ.ਏ. ਦੇ ਨਵੇਂ ਚੁਣੇ ਗਏ ਸਕੱਤਰ ਕੁਲਵੰਤ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿੱਥੇ ਪੰਜਾਬ ਨੂੰ ਫਿਰ ਤੋਂ ਤਰੱਕੀ ਦੀਆਂ ਦੀਆਂ ਲੀਹਾਂ ‘ਤੇ ਤੇਜ਼ੀ ਨਾਲ ਤੋਰਿਆ ਜਾ ਰਿਹਾ ਹੈ, ਉੱਥੇ ਪੰਜਾਬ ਦੇ ਬਾਸਿੰਦਿਆਂ ਦੀਆਂ ਚਿਰੋਕਣੀਆਂ ਮੰਗਾਂ ਨੂੰ ਵੀ ਸਮਾਂ ਰਹਿੰਦੇ ਹੱਲ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਖੇਡਾਂ ਨੂੰ ਫਿਰ ਤੋਂ ਪ੍ਰਫੁੱਲਤ ਕਰਨ ਲਈ ਅਤੇ ਖਿਡਾਰੀਆਂ ਦੇ ਲਈ ਲੋੜੀਂਦਾ ਮਾਹੌਲ ਤਿਆਰ ਕਰਨ ਲਈ ਵਚਨਵੱਧ ਹੈ। ਇਸ ਮੌਕੇ ਪਰਮਜੀਤ ਸਿੰਘ ਚੌਹਾਨ, ਕੁਲਦੀਪ ਸਿੰਘ ਸਮਾਣਾ, ਮਨਪ੍ਰੀਤ ਸਿੰਘ ਸਮਾਣਾ, ਗੁਰਿੰਦਰ ਸਿੰਘ ਬਿੱਲਾ, ਗੋਬਿੰਦ ਸਿੰਘ ਮਾਵੀ, ਐਡਵੋਕੇਟ ਜਸਵੀਰ ਸਿੰਘ, ਤਿਲਕ ਰਾਜ ਵਿਆਸ ਅਤੇ ਸ੍ਰੀ ਭਾਟੀਆ ਵੀ ਹਾਜ਼ਰ ਸਨ।

