ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ:
ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਦਫ਼ਤਰ ਸੈਕਟਰ-41, ਚੰਡੀਗੜ੍ਹ ਵਿਖੇ ਸੰਸਥਾ ਦੇ ਸਮੂਹ ਮੈਂਬਰਾਂ ਵਲੋਂ ਸਭਾ ਦੇ ਉਪ ਪ੍ਰਧਾਨ ਭੁਪਿੰਦਰ ਭਾਗੋਮਾਜਰੀਆ, ਪ੍ਰਸਿੱਧ ਸਾਹਿਤਕਾਰ ਨੂੰ ਯੂਥ-ਗੇਮਜ਼ ਐਜੂਕੇਸ਼ਨ ਫੈਡਰੇਸ਼ਨ ਆਫ਼ ਇੰਡੀਆ ਵਲੋਂ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ, ਜੋ ਨੇਪਾਲ ਦੇ ਸ਼ਹਿਰ ਪੋਖਰਾ ਵਿਖੇ ਸਮਾਪਤ ਹੋਏ ਹਨ, ਵਿਚ ਦੋ ਗੋਲਡ ਮੈਡਲ ਅਤੇ ਇਕ ਇਕ ਚਾਂਦੀ ਦਾ ਤਗਮਾ ਜਿੱਤਣ ਲਈ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।


ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ ਨੇ ਦੱਸਿਆ ਕਿ ਭੁਪਿੰਦਰ ਸਿੰਘ ਭਾਗੋਮਾਜਰੀਆ ਉੱਘੇ ਪੰਜਾਬੀ ਪ੍ਰੇਮੀ ਅਤੇ ਗੀਤਕਾਰ ਹਨ, ਜਿਹੜੇ ਕਈ ਪੁਸਤਕਾਂ ਲਿਖਣ ਦੇ ਨਾਲ-ਨਾਲ ਵਡੇਰੀ ਉਮਰ ਵਿੱਚ ਖੇਡਾਂ ਵਿੱਚ ਵੀ ਖੂਬ ਰੁਚੀ ਰੱਖਦੇ ਹਨ| ਇੰਡੋਂ-ਨੇਪਾਲ ਖੇਡਾਂ ਵਿੱਚ ਉਹਨਾਂ ਨੇ 60-65 ਉਮਰ ਵਰਗ ਵਿੱਚ ਭਾਗ ਲੈਂਦੇ ਹੋਏ 5000 ਮੀਟਰ ਦੌੜ ਵਿਚ ਸੋਨ ਤਗਮਾ, 3000 ਮੀਟਰ ਦੌੜ ਵਿੱਚ ਸੋਨ ਤਗਮਾ ਅਤੇ 1500 ਮੀਟਰ ਦੌੜ ਵਿੱਚ ਸਿਲਵਰ ਤਗਮਾ ਜਿੱਤਿਆ ਹੈ। ਜ਼ਿਕਰਯੋਗ ਹੈ ਕਿ ਭੁਪਿੰਦਰ ਸਿੰਘ ਭਾਗੋਮਾਜਰਾ ਪਹਿਲਾਂ ਵੀ ਕੌਮੀ ਅਤੇ ਅੰਤਰਰਾਸ਼ਟਰੀ ਖੇਡਾਂ ਵਿੱਚ ਭਾਗ ਲੈ ਕੇ ਮੈਡਲ ਪ੍ਰਾਪਤ ਕਰ ਚੁੱਕੇ ਹਨ।
ਪ੍ਰਿੰ. ਗੋਸਲ ਨੇ ਦੱਸਿਆ ਕਿ ਭੁਪਿੰਦਰ ਸਿੰਘ ਭਾਗੋਮਾਜਰਾ ਇਕ ਨਾਮੀ ਸਾਹਿਤਕਾਰ ਹੋਣ ਦੇ ਨਾਲ, ਉੱਘੇ ਸਿੱਖਿਆ ਸ਼ਾਸਤਰੀ ਅਤੇ ਖੇਡ ਪ੍ਰੇਮੀ ਹਨ। ਉਹ ਚੰਡੀਗੜ੍ਹ, ਯੂ.ਟੀ. ਸਿੱਖਿਆ ਵਿਭਾਗ ਤੋਂ ਲੈਕਚਾਰਰ ਦੀ ਅਸਾਮੀ ਤੋਂ ਰਿਟਾਇਰ ਹਨ ਅਤੇ ਅੱਜ ਕੱਲ੍ਹ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਉਪ ਪ੍ਰਧਾਨ ਦੇ ਤੌਰ ‘ਤੇ ਵਿਲੱਖਣ ਕੰਮ ਕਰ ਰਹੇ ਹਨ। ਉਹਨਾਂ ਦੀਆਂ ਇਸ ਉਮਰ ਵਿੱਚ ਖੇਡਾਂ ਵਿੱਚ ਪ੍ਰਾਪਤੀਆਂ ਅੱਜ ਦੇ ਬੱਚਿਆਂ ਅਤੇ ਨੌਜਨਾਵਾਂ ਲਈ ਪ੍ਰੇਰਣਾ ਸਰੋਤ ਹਨ। ਉਹਨਾਂ ਨੇ ਦੱਸਿਆ ਕਿ ਜਲਦੀ ਹੀ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਵੀ ਉਹਨਾਂ ਨੂੰ ਇਹਨਾਂ ਪ੍ਰਾਪਤੀਆਂ ਲਈ ਦਫ਼ਤਰ ਵਿਖੇ ਸਨਮਾਨਿਤ ਕੀਤਾ ਜਾਵੇਗਾ। ਸਾਰੇ ਅਹੁਦੇਦਾਰਾਂ ਨੇ ਭੁਪਿੰਦਰ ਭਾਗੋਮਾਜਰੀਆ ਨੂੰ ਇਹ ਗੋਲਡ ਮੈਡਲ ਜਿੱਤਣ ‘ਤੇ ਵਧਾਈ ਦਿੱਤੀ ਹੈ।
ਫੋਟੋ ਕੈਪਸ਼ਨ – ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਉਪ ਪ੍ਰਧਾਨ ਭੁਪਿੰਦਰ ਸਿੰਘ ਭਾਗੋਮਾਜਰੀਆ ਦੀ ਤਸਵੀਰ।

