ਚੰਡੀਗੜ੍ਹ 24 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਅਖਾੜਾ ਮੁੱਲਾਂਪੁਰ ਗਰੀਬਦਾਸ ਦਾ ਪਹਿਲਵਾਨ ਜਸਪੂਰਨ ਇਨੀਂ-ਦਿਨੀਂ ਸੁਰਖੀਆਂ ਵਿੱਚ ਛਾਇਆ ਹੋਇਆ ਹੈ, ਕਿਉਂਕਿ ਲਗਾਤਾਰ ਜਿੱਤਾਂ ਦਰਜ ਕਰਵਾ ਕੇ ਉਸ ਨੇ ਅਖਾੜਾ ਮੁੱਲਾਂਪੁਰ ਗਰੀਬਦਾਸ ਦਾ ਨਾਮ ਪੂਰੀ ਦੁਨੀਆ ਵਿੱਚ ਰੁਸ਼ਨਾਇਆ ਹੈ। ਹੁਣ ਇੱਕ ਵਾਰ ਫਿਰ ਉਸ ਦੀ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਸੰਚਾਲਕ ਵਿਨੋਦ ਸ਼ਰਮਾ ਉਰਫ਼ ਗੋਲੂ ਪਹਿਲਵਾਨ ਨੇ ਦੱਸਿਆ ਕਿ ਜਸਪੂਰਨ ਪਹਿਲਵਾਨ ਦੀ ਚੋਣ ਅੰਡਰ 20 ਦੇ 125 ਕਿਲੋਗ੍ਰਾਮ ਵਰਗ ਦੇ ਮੁਕਾਬਲਿਆਂ ਵਿੱਚ ਹੋਈ ਹੈ। ਬੀਤੇ ਦਿਨੀਂ ਲਖਨਊ ਵਿਖੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਲਈ ਟਰਾਇਲ ਕਰਵਾਏ ਗਏ ਸਨ, ਜਿਸ ਵਿੱਚ ਜਸਪੂਰਨ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਜੂਨੀਅਰ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਥਾਂ ਬਣਾਈ ਹੈ।ਇਹ ਚੈਂਪੀਅਨਸ਼ਿਪ 17 ਤੋਂ 24 ਅਗਸਤ ਤੱਕ ਸੈਮਕੌਵ ,ਬੁਲਗਾਰੀਆ ਵਿੱਚ ਹੋਵੇਗੀ, ਜਿਸ ਲਈ ਜਸਪੂਰਨ ਹੁਣ ਤੋਂ ਹੀ ਸਖ਼ਤ ਮਿਹਨਤ ਕਰ ਰਿਹਾ ਹੈ। ਇਸ ਮੌਕੇ ਸਮਾਜ ਸੇਵੀ ਖੇਡ ਪ੍ਰਮੋਟਰ ਅਤੇ ਦਾਸ ਐਸੋਸੀਏਟ ਦੇ ਸੰਚਾਲਕ ਰਵੀ ਸ਼ਰਮਾ ਨੇ ਕਿਹਾ ਕਿ ਜਸਪੂਰਨ ਨੇ ਚੌਵੀ ਦਿਨਾਂ ਵਿੱਚ ਦੋ ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪਾਂ ਵਿੱਚ ਭਾਗ ਲਿਆ ਅਤੇ ਦੋਹਾਂ ਵਿਚ ਹੀ ਵਧੀਆ ਪ੍ਰਦਰਸ਼ਨ ਕਰਦਿਆਂ ਸਿਲਵਰ ਅਤੇ ਬ੍ਰਾਊਜ ਮੈਡਲ ਜਿੱਤ ਕੇ ਅਖਾੜਾ ਮੁੱਲਾਪੁਰ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਇਸ ਪਹਿਲਵਾਨ ਤੋਂ ਭਵਿੱਖ ਵਿੱਚ ਜਿੱਥੇ ਅਖਾੜੇ ਦੇ ਪ੍ਰਬੰਧਕਾਂ ਨੂੰ ਉਮੀਦਾਂ ਹਨ ਓਥੇ ਹੀ ਪਰਿਵਾਰ ਸਮੇਤ ਸ਼ਰਮਾ ਪਰਿਵਾਰ ਨੂੰ ਵੀ ਬਹੁਤ ਆਸਾਂ ਹਨ ਕਿ ਇੱਕ ਦਿਨ ਜਸਪੂਰਨ ਓਲੰਪਿਕ ਖੇਡਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰੇਗਾ ਅਤੇ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰੇਗਾ।
ਇਸ ਮੌਕੇ ਜਸਪੂਰਨ ਦੇ ਪਿਤਾ ਕੁਲਤਾਰ ਪਹਿਲਵਾਨ ਨੇ ਦੱਸਿਆ ਕਿ ਉਹ ਜਸਪੂਰਨ ਦੇ ਨਾਲ ਹੀ ਮੌਜੂਦ ਹਨ ਅਤੇ ਇਨ੍ਹਾਂ ਟਰਾਇਲਾਂ ਤੋਂ ਬਾਅਦ ਜਸਪੂਰਨ ਅਗਲੇ ਟਰਾਇਲ ਦੇਣ ਲਈ ਲਖਨਊ ਤੋਂ ਬੰਗਲੌਰ ਲਈ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਗੋਲੂ ਪਹਿਲਵਾਨ ਅਤੇ ਰਵੀ ਸ਼ਰਮਾ ਦੀ ਅਗਵਾਈ ਹੇਠ ਚੱਲ ਰਹੇ ਅਖਾੜਾ ਮੁੱਲਾਂਪੁਰ ਵਿਚ ਉਨ੍ਹਾਂ ਦੇ ਬੇਟੇ ਨੇ ਜੋ ਵੀ ਸਖ਼ਤ ਮਿਹਨਤ ਕੀਤੀ ਹੈ ਉਸ ਦਾ ਹੀ ਨਤੀਜਾ ਹੈ ਕਿ ਅੱਜ ਜਸਪੂਰਨ ਦੁਨੀਆਂ ਭਰ ਵਿੱਚ ਜਾਣਿਆ ਪਛਾਣਿਆ ਨਾਂਅ ਬਣ ਚੁੱਕਾ ਹੈ। ਜ਼ਿਕਰਯੋਗ ਹੈ ਕਿ ਅਖਾੜਾ ਮੁੱਲਾਂਪੁਰ ਦਾ ਪਹਿਲਵਾਨ ਜਸਪੂਰਨ ਹੁਣ ਤੱਕ ਵਿਦੇਸ਼ੀ ਧਰਤੀ ਤੇ ਪਹਿਲਵਾਨੀ ਕਰਦਿਆਂ ਬਹੁਤ ਸਾਰੇ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰ ਚੁੱਕਾ ਹੈ,ਪਰ ਮੌਜੂਦਾ ਪੰਜਾਬ ਸਰਕਾਰ ਨੇ ਕਦੇ ਵੀ ਇਸ ਪਹਿਲਵਾਨ ਦੀ ਹੌਂਸਲਾ ਅਫਜ਼ਾਈ ਨਹੀਂ ਕੀਤੀ ਜਿਸ ਪ੍ਰਤੀ ਅਖਾੜੇ ਦੇ ਪ੍ਰਬੰਧਕਾਂ ਵਿੱਚ ਹਮੇਸ਼ਾ ਰੋਸ ਵੇਖਣ ਨੂੰ ਮਿਲਦਾ ਹੈ।

