www.sursaanjh.com > ਅੰਤਰਰਾਸ਼ਟਰੀ > ਪਿੰਡ ਰਤਵਾੜਾ ਵਿਖੇ ਤੀਆਂ ਮਨਾਈਆ 

ਪਿੰਡ ਰਤਵਾੜਾ ਵਿਖੇ ਤੀਆਂ ਮਨਾਈਆ 

ਚੰਡੀਗੜ੍ਹ 27 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਨੇੜਲੇ ਪਿੰਡ ਰਤਵਾੜਾ ਵਿਖੇ ਕੁੜੀਆ-ਔਰਤਾਂ ਵੱਲੋਂ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ਹੈ। ਇਸ ਮੌਕੇ ਪੰਜਾਬੀ ਪਹਿਰਾਵੇ ਵਿੱਚ ਪਿੰਡ ਦੀਆ ਇਕੱਠੀਆ ਹੋਈਆਂ ਮੁਟਿਆਰਾਂ – ਬੀਬੀਆਂ ਵੱਲੋਂ ਰਸਮੀ ਤੌਰ ਤੇ ਬਜ਼ੁਰਗ ਔਰਤਾਂ ਤੋਂ ਰੀਬਨ ਕਟਵਾਕੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਗਿਆ ਹੈ। ਪਿੰਡ ਦੀਆਂ ਲੜਕੀਆਂ ਵੱਲੋਂ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਲੋਕ ਗੀਤ, ਬੋਲੀਆਂ, ਲੋਕ ਨਾਚ  ਗਿੱਧਾ ਪੇਸ਼ ਕੀਤਾ ਗਿਆ। ਕੁੜੀਆਂ ਵੱਲੋਂ ਪੀਘਾਂ ਝੂਟੀਆਂ ਗਈਆਂ ਅਤੇ ਪੁਰਾਣੇ ਰੀਤੀ-ਰਿਵਾਜਾਂ ਅਨੁਸਾਰ ਚਰਖਾ ਕੱਤਿਆ ਗਿਆ। ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਤੀਆਂ ਦਾ ਪ੍ਰੋਗਰਾਮ ਪਹਿਲੀ ਵਾਰ ਇਸ ਪਿੰਡ ਵਿੱਚ ਕਰਵਾਇਆ ਗਿਆ ਹੈ। ਸਾਰੇ ਪਿੰਡ ਦੀ ਮਹਿਲਾਵਾਂ ਵੱਲੋਂ ਰਲਮਿਲ ਕੇ ਉਪਰਾਲਾ ਕੀਤਾ ਗਿਆ ਹੈ। ਇਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਛੋਟੇ ਬੱਚੇ, ਬਜ਼ੁਰਗ ਮਹਿਲਾਵਾਂ ਤੇ ਮੁਟਿਆਰਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਛੋਟੀਆਂ ਬੱਚੀਆਂ ਅਤੇ ਮਹਿਲਾਵਾਂ ਦੇ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਹਨ।
ਬਜ਼ੁਰਗਾਂ ਨੇ ਗੱਲਬਾਤ ਕਰਦਿਆਂ ਦੱਸਿਆ ਅਜੋਕੇ ਸਮੇਂ ਵਿੱਚ ਭਾਵੇਂ ਟੈਕਨਾਲੌਜੀ ਦਾ ਬਹੁਤ ਜ਼ਿਆਦਾ ਫਾਇਦਾ ਹੈ, ਪਰ ਉੱਥੇ ਹੀ ਇਸ ਦਾ ਬਹੁਤ ਵੱਡਾ ਨੁਕਸਾਨ ਵੀ ਨੌਜਵਾਨ ਪੀੜੀ ਨੂੰ ਹੋ ਰਿਹਾ ਹੈ। ਪੁਰਾਣੇ ਸਮਿਆਂ ਵਿੱਚ ਸਾਵਣ ਦੇ ਮਹੀਨੇ ਭਰਾਵਾਂ ਵੱਲੋਂ ਭੈਣਾਂ ਨੂੰ ਸੰਧਾਰੇ ਦੇਣ ਦੀ ਰਸਮ ਹੌਲੀ ਹੌਲੀ ਅਲੋਪ ਹੁੰਦੀ ਜਾ ਰਹੀ ਹੈ,  ਜਿਸ ਦੇ ਨਾਲ ਇਨਸਾਨੀ ਕਦਰਾਂ ਕੀਮਤਾਂ ਘਟਦੀਆਂ ਨਜ਼ਰ ਆ ਰਹੀਆਂ ਹਨ। ਪੁਰਾਣੇ ਸਮਿਆਂ ਵਿੱਚ ਲੋਕ ਪਿੰਡ ਵਿੱਚ ਇਕੱਠੇ ਰਲ-ਮਿਲ ਕੇ ਰਹਿੰਦੇ ਸਨ, ਅੱਜ ਮੋਬਾਇਲ ਦੇ ਜ਼ਮਾਨੇ ਵਿੱਚ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ। ਪਹਿਲੇ ਸਮੇਂ ਵਿੱਚ ਲੋਕਾਂ ਦੇ ਘਰ ਕੱਚੇ ਭਾਵੇਂ ਹੁੰਦੇ ਸੀ, ਪਰ ਦਿਲ ਸੱਚੇ ਹੁੰਦੇ ਸੀ। ਅਜੋਕੇ ਸਮੇਂ ਵਿੱਚ ਇਸ ਦੇ ਬਿਲਕੁਲ ਉਲਟ ਚੱਲ ਰਿਹਾ ਹੈ। ਉਹਨਾਂ ਦੱਸਿਆ, ਬੱਚਿਆਂ ਨੂੰ ਆਪਣੇ ਪੁਰਾਣੇ ਸੱਭਿਆਚਾਰ ਨਾਲ ਜੋੜਨ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਬਹੁਤ ਜ਼ਰੂਰੀ ਹਨ ਤਾਂ ਕਿ ਆਉਣ ਵਾਲੀ ਨਸਲ ਸਾਡੇ ਸੱਭਿਆਚਾਰਕ ਗੀਤਾਂ, ਬੋਲੀਆਂ, ਸੱਭਿਆਚਾਰਕ ਪਹਿਰਾਵੇ ਅਤੇ ਪੁਰਾਣੇ ਰਿਵਾਜਾਂ ਨਾਲ ਮਨਾਉਣ ਵਾਲੇ ਤਿਉਹਾਰ ਯਾਦ ਰੱਖਣ।

Leave a Reply

Your email address will not be published. Required fields are marked *