ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਜੁਲਾਈ:
ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸੈਕਟਰ 41 (ਬਡਹੇੜੀ), ਚੰਡੀਗੜ੍ਹ ਵਿਖੇ ਸਥਿਤ ਦਫਤਰ ਵਲੋਂ ਇੱਕ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਅਧੀਨ ਪਿੰਡਾਂ ਦੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਅਤੇ ਇਸ ਸਬੰਧੀ ਚਲਾਏ ਗਏ ‘‘ਬਾਲ ਮਿਲਣ’’ ਪ੍ਰੋਗਰਾਮ ਤਹਿਤ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੈਲਾ (ਖਮਾਣੋ) ਦਾ ਦੌਰਾ ਕੀਤਾ ਅਤੇ ਸਕੂਲ ਦੇ ਅਧਿਆਪਕਾਂ ਨਾਲ ਮਿਲ ਕੇ ਬਾਲ ਮਿਲਣੀ ਦਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਕੂਲ ਦੀਆਂ ਅਧਿਆਪਕਾਵਾਂ ਅਤੇ ਮੁੱਖ ਅਧਿਆਪਕਾ ਸ੍ਰੀਮਤੀ ਭੁਪਿੰਦਰ ਕੌਰ ਨੇ ਵਿਸ਼ੇਸ਼ ਰੁਚੀ ਦਿਖਾਈ। ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਸਕੂਲ ਪ੍ਰਬੰਧਕ ਸਟੇਟ ਅਤੇ ਨੈਸ਼ਨਲ ਅਵਾਰਡੀ ਸ੍ਰ. ਜਗਤਾਰ ਸਿੰਘ ਮਨੈਲਾ ਦੇ ਇਸ ਸਕੂਲ ਨੂੰ ਵਧੀਆ ਬਣਾਉਣ ਲਈ ਉਪਰਾਲਿਆਂ ਦੀ ਪ੍ਰਸੰਸਾ ਕੀਤੀ।


ਇਸ ਮੌਕੇ ਬੋਲਦਿਆਂ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਬੱਚਿਆਂ ਨੂੰ ਪੰਜਾਬੀ ਨੂੰ ਪਿਆਰ ਕਰਨ ਅਤੇ ਵੱਧ ਤੋਂ ਵੱਧ ਪੰਜਾਬੀ ਬਾਲ ਪੁਸਤਕਾਂ ਪੜ੍ਹਨ ਲਈ ਪ੍ਰੇਰਿਆ। ਇਸ ਸਮੇਂ ਉਹਨਾਂ ਨੇ ਬੱਚਿਆਂ ਨੂੰ ਆਪਣੀਆਂ ਰਚਿਤ ਬਾਲ ਪੁਸਤਕਾਂ ਵੀ ਮੁਫਤ ਵੰਡੀਆਂ, ਜਿਹਨਾਂ ਵਿੱਚ ਅੰਬ ਅਤੇ ਕੋਇਲ, ਪੰਛੀਆਂ ਦੇ ਰੰਗ, ਮਾਂ ਦੇ ਰੂਪ, ਧੂੰਏ ਵਾਲੀ ਗੱਡੀ, ਭੂਤਾਂ ਵਾਲਾ ਤੂਤ, ਗਿੱਦੜ ਦੀ ਚੰਡੀਗੜ੍ਹ ਫੇਰੀ, ਮੇਰੀਆਂ ਸ੍ਰੇਸ਼ਠ ਬਾਲ ਕਹਾਣੀਆਂ, ਪਰੀ ਅਤੇ ਚੁੜੈਲ ਸ਼ਾਮਲ ਸਨ। ਬੱਚਿਆਂ ਨੇ ਮੰਨੋਰੰਜਕ ਚਿੱਤਰਾਂ ਵਾਲੀਆਂ ਪੁਸਤਕਾਂ ਲੈ ਕੇ ਬਹੁਤ ਖੁਸ਼ੀ ਜ਼ਾਹਿਰ ਕੀਤੀ ਅਤੇ ਭਰੋਸਾ ਦਿੱਤਾ ਕਿ ਉਹ ਇਹਨਾਂ ਕਿਤਾਬਾਂ ਵਿਚਲੀਆਂ ਸਾਰੀਆਂ ਕਹਾਣੀਆਂ ਅਤੇ ਕਵਿਤਾਵਾਂ ਨੂੰ ਬਹੁਤ ਧਿਆਨ ਨਾਲ ਪੜ੍ਹਣਗੇ ਅਤੇ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਇਹਨਾਂ ਕਿਤਾਬਾਂ ਨੂੰ ਇੱਕ ਦੂਜੇ ਬੱਚੇ ਨਾਲ ਸਾਂਝੀਆਂ ਕਰਕੇ ਸਕੂਲ ਦੀ ਲਾਇਬ੍ਰੇਰੀ ਵਿੱਚ ਪੱਕੇ ਤੌਰ ਤੇ ਰੱਖਣਗੇ। ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਭੁਪਿੰਦਰ ਕੌਰ ਨੇ ਵੀ ਬੱਚਿਆਂ ਵਲੋਂ ਦਿਖਾਏ ਉਤਸ਼ਾਹ ਦੀ ਪ੍ਰਸੰਸਾ ਕੀਤੀ ਅਤੇ ਮੁਫਤ ਕਿਤਾਬਾਂ ਦੇਣ ਲਈ ਪ੍ਰਿੰ. ਗੋਸਲ ਦਾ ਧੰਨਵਾਦ ਕੀਤਾ ਅਤੇ ਉਹਨਾਂ ਵਲੋਂ ਹੁਣ ਤੱਕ ਲਿਖੀਆਂ 112 ਕਿਤਾਬਾਂ ਲਈ ਵਧਾਈ ਦਿੱਤੀ। ਉਹਨਾਂ ਨੇ ਦੱਸਿਆ ਕਿ ਬੱਚਿਆਂ ਵਲੋਂ ਇਹ ਕਿਤਾਬਾਂ ਪੜ੍ਹਨ ਤੋਂ ਬਾਅਦ ਇਹ ਕਿਤਾਬਾਂ ਸਕੂਲ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਨਗੀਆਂ।
ਇਸ ਮੌਕੇ ਪ੍ਰਿੰ. ਬਹਾਦਰ ਸਿੰਘ ਗੋਸਲ ਦੇ ਨਾਲ ਭਾਈ ਜੈਤਾ ਜੀ ਫਾਊਂਡੇਸ਼ਨ ਚੰਡੀਗੜ੍ਹ ਦੇ ਪ੍ਰਬੰਧਕੀ ਇੰਚਾਰਜ ਸੰਦੀਪ ਸਿੰਘ ਵੀ ਹਾਜ਼ਰ ਸਨ ਅਤੇ ਉਹਨਾਂ ਨੇ ਸੰਸਥਾ ਵਲੋਂ ਦੱਸਿਆ ਕਿ ਇਸ ਸਕੂਲ ਦੀ ਅਧਿਆਪਕਾ ਸਤਨਾਮ ਕੌਰ ਭਾਈ ਜੈਤਾ ਜੀ ਟਰੱਸਟ ਵਲੋਂ ਚਲਾਏ ਨਵੋਦਿਆ ਸਕੂਲ ਦੇ ਪ੍ਰਾਜੈਕਟ ਦੀ ਦੇਖਰੇਖ ਕਰਦੇ ਹਨ ਅਤੇ ਉਹਨਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ। ਉਹਨਾਂ ਨੇ ਸੰਸਥਾ ਦੇ ਪ੍ਰਾਜੈਕਟ ਇੰਚਾਰਜ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਸਤਨਾਮ ਕੌਰ ਨੂੰ ਇਨਾਮੀ ਚੈੱਕ ਦੇ ਕੇ ਸਨਮਾਨਿਤ ਕਰਨ ਦੀ ਬੇਨਤੀ ਕੀਤੀ। ਪ੍ਰਿੰ . ਗੋਸਲ ਨੇ ਸਤਨਾਮ ਕੌਰ ਦੇ ਮਿਹਨਤੀ ਅਤੇ ਲਗਨ ਨਾਲ ਕੰਮ ਕਰਨ ਦੀ ਸ਼ਲਾਘਾ ਕੀਤੀ, ਕਿਉਂਕਿ ਉਸ ਦੇ ਬੱਚੇ ਨਵੋਦਿਆ ਸਕੂਲ ਲਈ ਵੀ ਚੁਣੇ ਗਏ ਹਨ। ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਭਾਈ ਜੈਤਾ ਜੀ ਫਾਊਂਡੇਸ਼ਨ ਵਲੋਂ ਸਤਨਾਮ ਕੌਰ ਨੂੰ ਇਨਾਮੀ ਚੈੱਕ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਉਹਨਾਂ ਨਾਲ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਭੁਪਿੰਦਰ ਕੌਰ ਅਤੇ ਸੰਸਥਾ ਵਲੋਂ ਚੰਡੀਗੜ੍ਹ ਤੋਂ ਆਏ ਸੰਦੀਪ ਸਿੰਘ ਵੀ ਹਾਜ਼ਰ ਸਨ। ਅਧਿਆਪਕਾ ਸਤਨਾਮ ਕੌਰ ਨੇ ਇਸ ਸਨਮਾਨ ਲਈ ਪ੍ਰਿੰ. ਗੋਸਲ ਅਤੇ ਸੰਸਥਾ ਦਾ ਧੰਨਵਾਦ ਕੀਤਾ।
ਫੋਟੋ ਕੈਪਸ਼ਨ – ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੈਲਾ (ਖਮਾਣੋ) ਵਿਖੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ‘‘ਬਾਲ ਮਿਲਣੀ’’ ਸਮੇਂ ਬੱਚਿਆਂ ਨਾਲ ਅਤੇ ਭਾਈ ਜੈਤਾ ਜੀ ਫਾਊਂਡੇਸ਼ਨ ਵਲੋਂ ਪ੍ਰਾਜੈਕਟ ਇੰਚਾਰਜ਼ ਪ੍ਰਿੰ. ਬਹਾਦਰ ਸਿੰਘ ਗੋਸਲ ਅਧਿਆਪਕਾ ਸਤਨਾਮ ਕੌਰ ਨੂੰ ਇਨਾਮੀ ਚੈਕ ਦੇ ਕੇ ਸਨਮਾਨਿਤ ਕਰਦੇ ਹੋਏ।


ਬਹੁਤ ਵਧੀਆ ਜੀ