ਚੰਡੀਗੜ੍ਹ 30 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਨੇੜਲੇ ਪਿੰਡ ਬਜੀਦਪੁਰ ਵਿਖੇ ਪਿੰਡ ਦੀਆਂ ਮੁਟਿਆਰਾਂ/ ਔਰਤਾਂ ਵੱਲੋਂ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ਹੈ। ਇਸ ਮੌਕੇ ਪੁਰਾਣੇ ਪਹਿਰਾਵੇ ਵਿੱਚ ਪਿੰਡ ਦੀਆਂ ਇਕੱਠੀਆ ਹੋਈਆਂ ਮੁਟਿਆਰਾਂ/ ਔਰਤਾਂ ਵੱਲੋਂ ਨੱਚ ਟੱਪ ਕੇ ਖੂਬ ਰੌਣਕਾਂ ਲਾਈਆਂ ਗਈਆਂ। ਇਸ ਮੌਕੇ ਪਿੰਡ ਦੀਆਂ ਮਹਿਲਾਵਾਂ ਵੱਲੋਂ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਲੋਕ ਗੀਤ ਬੋਲੀਆਂ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ। ਇਸ ਮੌਕੇ ਮਹਿਲਾਵਾਂ ਵੱਲੋਂ ਪੀਘਾਂ ਝੂਟੀਆਂ ਗਈਆਂ ਅਤੇ ਪੁਰਾਣੇ ਰੀਤੀ ਰਿਵਾਜਾ ਅਨੁਸਾਰ ਚਰਖਾ ਕੱਤਿਆ ਗਿਆ। ਗੱਲਬਾਤ ਕਰਦਿਆਂ ਪਿੰਡ ਦੇ ਨਿਵਾਸੀਆਂ ਨੇ ਦੱਸਿਆ ਕਿ ਤੀਆਂ ਦਾ ਤਿਉਹਾਰ ਉਨ੍ਹਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੁਝ ਸਾਲਾਂ ਤੋਂ ਪਿੰਡ ਵਿੱਚ ਮਨਾਇਆ ਜਾਂਦਾ ਹੈ, ਜੋ ਕਿ ਸਾਰੇ ਪਿੰਡ ਦੀ ਮਹਿਲਾਵਾਂ ਵੱਲੋਂ ਰਲਮਿਲ ਕੇ ਉਪਰਾਲਾ ਕੀਤਾ ਗਿਆ। ਉਹਨਾਂ ਦੱਸਿਆ ਇਸ ਪ੍ਰੋਗਰਾਮ ਵਿੱਚ ਛੋਟੇ ਬੱਚੇ, ਬਜ਼ੁਰਗ, ਮਹਿਲਾਵਾਂ, ਮੁਟਿਆਰਾ ਨੇ ਭਾਗ ਲਿਆ। ਪਿੰਡ ਦੀਆਂ ਕੁਝ ਬਜ਼ੁਰਗ ਔਰਤਾਂ ਨੇ ਗੱਲਬਾਤ ਕਰਦਿਆਂ ਦੱਸਿਆ। ਅਜੋਕੇ ਸਮੇਂ ਵਿੱਚ ਭਾਵੇਂ ਟੈਕਨੋਲਜੀ ਦਾ ਬਹੁਤ ਜ਼ਿਆਦਾ ਫਾਇਦਾ ਹੈ, ਪਰ ਉੱਥੇ ਹੀ ਇਸ ਦਾ ਬਹੁਤ ਵੱਡਾ ਨੁਕਸਾਨ ਵੀ ਨੌਜਵਾਨ ਪੀੜ੍ਹੀ ਨੂੰ ਹੋ ਰਿਹਾ ਹੈ।
ਪੁਰਾਣੇ ਸਮਿਆਂ ਵਿੱਚ ਸਾਵਣ ਦੇ ਮਹੀਨੇ ਭਰਾਵਾਂ ਵੱਲੋਂ ਭੈਣਾਂ ਨੂੰ ਸੰਧਾਰੇ ਦੇਣ ਦੀ ਰਸਮ ਹੌਲੀ ਹੌਲੀ ਲੁਪਤ ਹੁੰਦੀ ਜਾ ਰਹੀ ਹੈ, ਜਿਸ ਦੇ ਨਾਲ ਇਨਸਾਨੀ ਕਦਰਾਂ ਕੀਮਤਾਂ ਘਟਦੀਆਂ ਨਜ਼ਰ ਆ ਰਹੀਆਂ ਹਨ। ਪੁਰਾਣੇ ਸਮਿਆਂ ਵਿੱਚ ਲੋਕ ਪਿੰਡ ਵਿੱਚ ਇਕੱਠੇ ਰਲ-ਮਿਲ ਕੇ ਰਹਿੰਦੇ ਸਨ। ਅੱਜ ਮੋਬਾਇਲ ਦੇ ਜ਼ਮਾਨੇ ਵਿੱਚ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ, ਪਹਿਲੇ ਸਮੇਂ ਵਿੱਚ ਲੋਕਾਂ ਦੇ ਘਰ ਕੱਚੇ ਭਾਵੇਂ ਹੁੰਦੇ ਸੀ, ਪਰ ਦਿਲ ਸੱਚੇ ਹੁੰਦੇ ਸੀ। ਅਜੋਕੇ ਸਮੇਂ ਵਿੱਚ ਇਸ ਦੇ ਬਿਲਕੁਲ ਉਲਟ ਚੱਲ ਰਿਹਾ ਹੈ। ਉਹਨਾਂ ਦੱਸਿਆ ਬੱਚਿਆਂ ਨੂੰ ਆਪਣੇ ਪੁਰਾਣੇ ਸੱਭਿਆਚਾਰ ਦੇ ਨਾਲ ਜੋੜਨ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਬਹੁਤ ਜ਼ਰੂਰੀ ਹਨ ਤਾਂ ਕਿ ਆਉਣ ਵਾਲੀਆ ਨਸਲਾਂ ਸਾਡੇ ਸੱਭਿਆਚਾਰ ਗੀਤਾਂ, ਬੋਲੀਆਂ, ਸੱਭਿਆਚਾਰਕ ਪਹਿਰਾਵੇ ਅਤੇ ਪੁਰਾਣੇ ਰਿਵਾਜਾਂ ਨਾਲ ਮਨਾਉਣ ਵਾਲੇ ਤਿਉਹਾਰ ਯਾਦ ਰੱਖਣ ਤੇ ਵਿਰਸੇ ਨੂੰ ਸਾਂਭਿਆ ਜਾ ਸਕੇ। ਇਸ ਮੌਕੇ ਸਰਪੰਚ ਹਰਬੀਰ ਕੌਰ, ਸਾਬਕਾ ਸਰਪੰਚ ਭੁਪਿੰਦਰ ਕੌਰ, ਪੰਚ ਰੁਪਿੰਦਰ ਕੌਰ, ਪੰਚ ਪ੍ਰਮਜੀਤ ਕੌਰ, ਕੁਲਵੀਰ ਕੌਰ, ਸਵਰਨਜੀਤ ਕੌਰ, ਜਸਵਿੰਦਰ ਕੌਰ, ਇੰਦਰਜੀਤ ਕੌਰ, ਗੁਰਵਿੰਦਰ ਕੌਰ, ਬਲਜੀਤ ਕੌਰ, ਮਨਦੀਪ ਕੌਰ, ਰਵਨੀਤ ਕੌਰ, ਗੁਰਪ੍ਰੀਤ ਕੌਰ, ਭੁਪਿੰਦਰ ਕੌਰ, ਸਰਬਜੀਤ ਕੌਰ, ਕੁਲਦੀਪ ਕੌਰ ਅਤੇ ਤੇਜਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਬਜ਼ੁਰਗ ਔਰਤਾਂ ਹਾਜ਼ਰ ਸਨ।

