ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਜੁਲਾਈ:


ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸੈਕਟਰ 41 (ਬਡਹੇੜੀ) ਚੰਡੀਗੜ੍ਹ ਵਿਖੇ ਸਥਿਤ ਦਫਤਰ ਵਿਖੇ ਸੰਸਥਾ ਦੇ ਅਹੁਦੇਦਾਰਾਂ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸ੍ਰ. ਚਰਨਜੀਤ ਸਿੰਘ ਚੰਨੀ ਨੂੰ “ਸੰਸਦ ਰਤਨ” ਅਵਾਰਡ ਮਿਲਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਚੰਨੀ ਸਾਹਿਬ ਨੂੰ ਵਧਾਈ ਸੰਦੇਸ਼ ਭੇਜਿਆ ਗਿਆ। ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਕਿ ਕਿਹਾ ਕਿ ਸ੍ਰ. ਚਰਨਜੀਤ ਸਿੰਘ ਚੰਨੀ, ਜਿੱਥੇ ਇਕ ਪ੍ਰਪੱਕ ਸਿਆਸਤਦਾਨ ਹਨ, ਉੱਥੇ ਹੀ ਉਹ ਪੰਜਾਬ ਦੀ ਭਲਾਈ ਲਈ ਪੰਜਾਬੀ ਅਤੇ ਪੰਜਾਬੀਅਤ ਦੇ ਸਿਰ ਕੱਢ ਮੁਦੱਈ ਹਨ, ਜਿਹਨਾਂ ਨੇ ਪੰਜਾਬ ਦੇ ਮਸਲਿਆਂ ਨੂੰ ਸੰਸਦ ਵਿਚ ਬਹੁਤ ਹੀ ਗੰਭੀਰਤਾ ਅਤੇ ਸਿਆਣਪ ਨਾਲ ਉਠਾਇਆ ਹੈ। ਉਹਨਾਂ ਨੂੰ “ਸੰਸਦ ਰਤਨ” ਦਾ ਅਵਾਰਡ ਮਿਲਣ ਨਾਲ ਸਾਰੇ ਪੰਜਾਬੀਆਂ ਦਾ ਮਾਣ ਵਧਿਆ ਹੈ ਅਤੇ ਇਸ ਨਾਲ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਹੋਰ ਵੱਡਾ ਹੁੰਗਾਰਾ ਮਿਲੇਗਾ।
ਪ੍ਰਿੰ. ਗੋਸਲ ਨੇ ਕਿਹਾ ਕਿ ਇਕ ਬਹੁਤ ਹੀ ਪੜ੍ਹੇ-ਲਿਖੇ, ਸੂਝਵਾਨ ਸੰਸਦ ਮੈਂਬਰ ਵਲੋਂ ਪੰਜਾਬੀਆਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਰੱਖਣ ਨਾਲ ਪੰਜਾਬ ਦੇ ਹਰ ਵਰਗ ਨੇ ਖੁਸ਼ੀ ਮਹਿਸੂਸ ਕੀਤੀ ਹੈ। ਸ੍ਰ. ਚਰਨਜੀਤ ਸਿੰਘ ਚੰਨੀ ਦੇਸ਼ ਦੇ ਗਰੀਬ, ਕਿਸਾਨਾਂ, ਮਜ਼ਦੂਰਾਂ ਦੀ ਆਵਾਜ਼ ਬਨਣ ਲਈ ਪਹਿਲਾ ਹੀ ਜਾਣੇ ਜਾਂਦੇ ਹਨ। ਸੰਸਥਾ ਦੇ ਸਮੂਹ ਮੈਂਬਰਾਂ ਵਾਲੇ ਉਹਨਾਂ ਨੂੰ ਇਹ ਅਵਾਰਡ ਮਿਲਣ ਤੇ ਸ੍ਰ. ਚੰਨੀ ਨੂੰ ਵਧਾਈ ਦੇਂਦੇ ਹੋਏ ਕਿਹਾ ਗਿਆ ਹੈ ਕਿ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮਸਲਿਆਂ ਨੂੰ ਇਸੇ ਤਨਦੇਹੀ ਅਤੇ ਮਿਹਨਤ ਨਾਲ ਸਰਕਾਰਾਂ ਤੱਕ ਪਹੁੰਚਾਉਂਦੇ ਰਹਿਣ। ਸਮੂਹ ਮੈਂਬਰਾਂ ਵਲੋਂ ਸੰਸਦ ਮੈਂਬਰ ਸ੍ਰ. ਚਰਨਜੀਤ ਸਿੰਘ ਚੰਨੀ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਉਹ ਚੰਡੀਗੜ੍ਹ ਦੇ ਅਧਿਆਪਕਾਂ ਦੀ “ਹਿੰਦ ਦੀ ਚਾਦਰ ਟੀਚਰਜ਼ ਹੋਮ” ਦਾ ਮੁੱਦਾ ਸੰਸਦ ਵਿੱਚ ਪੁਰਜ਼ੋਰ ਉਠਾਉਣ, ਕਿਉਂਕਿ ਅਧਿਆਪਕਾਂ ਦੀ ਇਹ ਮੰਗ ਪਿਛਲੇ ਚਾਲੀ ਸਾਲ ਤੋਂ ਲਟਕਦੀ ਆ ਰਹੀ ਹੈ। ਇਸ ਸਾਲ ਪੰਜਾਬ ਅਤੇ ਚੰਡੀਗੜ੍ਹ ਲਈ ਇਹ ਇੱਕ ਸ਼ੁਭ ਮੌਕਾ ਹੈ, ਜਦੋਂ ਕਿ ਕੇਂਦਰ ਸਰਕਾਰ ਨੂੰ ਇਹ ਮੰਗ ਤੁਰੰਤ ਪ੍ਰਵਾਨ ਕਰ ਲੈਣੀ ਚਾਹੀਦੀ ਹੈ।

