ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 31 ਜੁਲਾਈ:
ਕਵੀ ਮੰਚ (ਰਜਿ.) ਮੁਹਾਲ਼ੀ ਵੱਲੋਂ ਉੱਘੇ ਗੀਤਕਾਰ ਧਿਆਨ ਸਿੰਘ ਕਾਹਲ਼ੋਂ ਦਾ ਗੀਤ-ਸੰਗ੍ਰਹਿ ‘ਟੁੰਬਵੇਂ ਬੋਲ’ ਸਬੰਧੀ, ਸੈਣੀ ਭਵਨ, ਚੰਡੀਗੜ੍ਹ ਵਿਖੇ ਲੋਕ ਅਰਪਣ ਤੇ ਵਿਚਾਰ ਚਰਚਾ ਸਮਾਗਮ ਰਚਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਲਾਭ ਸਿੰਘ ਖੀਵਾ, ਵਿਸ਼ੇਸ਼ ਮਹਿਮਾਨ ਦੀਪਕ ਸ਼ਰਮਾ ਚਨਾਰਥਲ ਸ਼ਾਮਲ ਹੋਏ ਅਤੇ ਪ੍ਰਧਾਨਗੀ ਭਗਤ ਰਾਮ ਰੰਗਾੜਾ ਵੱਲੋਂ ਕੀਤੀ ਗਈ। ਡਾ. ਪੰਨਾ ਲਾਲ ਮੁਸਤਫਾਬਾਦੀ ਅਤੇ ਪ੍ਰਿੰ. ਬਹਾਦਰ ਸਿੰਘ ਗੋਸਲ਼ ਨੇ ਪੁਸਤਕ ਵਿੱਚਲੇ ਗੀਤਾਂ ਬਾਰੇ ਨਿੱਠ ਕੇ ਵਿਚਾਰ ਚਰਚਾ ਕੀਤੀ। ਪ੍ਰਿੰਸੀਪਲ ਗੋਸਲ਼ ਨੇ ਕਿਤਾਬ ਵਿੱਚ ਸ਼ਾਮਲ ਧਾਰਮਿਕ ਗੀਤਾਂ ਦਾ ਇੱਕ ਵੱਖਰਾ ਕਿਤਾਬਚਾ ਤਿਆਰ ਕਰਨ ਦਾ ਸੁਝਾਅ ਵੀ ਦਿੱਤਾ।


ਡਾ. ਲਾਭ ਸਿੰਘ ਖੀਵਾ ਅਤੇ ਦੀਪਕ ਸ਼ਰਮਾ ਚਨਾਥਲ ਨੇ ਪੁਸਤਕ ਵਿੱਚ ਸ਼ਾਮਿਲ ਗੀਤਾਂ ਨੂੰ ਲੋਕ ਪੱਖੀ ਆਖਦਿਆਂ ਅਜਿਹੇ ਉਪਰਾਲੇ ਭਵਿੱਖ ਵਿੱਚ ਕਰਨ ਲਈ ਆਖਿਆ। ਧਿਆਨ ਸਿੰਘ ਕਾਹਲ਼ੋਂ ਨੇ ਆਪਣੀ ਪੁਸਤਕ ਵਿੱਚੋਂ ਦੋ ਗੀਤ ‘ਦਾਦੇ-ਪੋਤੇ ਦੀ ਯਾਰੀ’ ਅਤੇ ‘ਬੰਦੇ ਨੂੰ ਆਪਣੇ ਗੁਨਾਹ ਮਾਰਦੇ’ ਬਾਖੂਬੀ ਪੇਸ਼ ਕਰਕੇ ਵਾਹ ਵਾਹ ਖੱਟੀ। ਸ੍ਰ. ਕਾਹਲ਼ੋਂ ਦੇ ਦੀ ਨੂੰਹ ਲਖਵਿੰਦਰ ਕੌਰ ਅਤੇ ਪੁੱਤਰ ਸੁਖਵੰਤ ਸਿੰਘ ਨੇ ਮਿਲ਼ੇ ਉਨ੍ਹਾਂ ਤੋਂ ਮਿਲ਼ੇ ਸਨੇਹ ਤੇ ਜੀਵਨ ਵਿੱਚ ਹੋਰ ਤਰੱਕੀ ਕਰਨ ਲਈ ਦਿੱਤੀ ਹੱਲਾਸ਼ੇਰੀ ਦੀ ਵਿਸ਼ੇਸ਼ ਤੌਰ ‘ਤੇ ਚਰਚਾ ਕੀਤੀ। ਸਮਾਗਮ ਵਿੱਚ ਸ੍ਰ. ਕਾਹਲ਼ੋਂ ਦੇ ਕੁੜਮ-ਕੁੜਮਣੀ ਸ੍ਰੀ ਮੰਗਤ ਰਾਤ ਤੇ ਸ੍ਰੀਮਤੀ ਸੁਰਜੀਤ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਸਰਬਜੀਤ ਸਿੰਘ ਅਤੇ ਪਰਮਜੀਤ ਸਿੰਘ ਮਾਨ ਨੇ ਗੀਤਕਾਰ ਦੀ ਪੁਸਤਕ ਵਿੱਚੋਂ ਗੀਤ ਗਾ ਕੇ ਚੰਗਾ ਰੰਗ ਬੰਨ੍ਹਿਆ।
ਇਸ ਮੌਕੇ ਸਾਵਣ ਕਵੀ ਦਰਬਾਰ ਵਿੱਚ ਬਾਬੂ ਰਾਮ ਦੀਵਾਨਾ, ਮਲਕੀਅਤ ਸਿੰਘ ਔਜਲਾ, ਜਗਤਾਰ ਸਿੰਘ ਜੋਗ, ਗੁਰਸ਼ਰਨ ਸਿੰਘ ਕਾਕਾ, ਬਲਵਿੰਦਰ ਸਿੰਘ ਢਿੱਲੋਂ, ਪਾਲ ਅਜਨਬੀ, ਰਣਜੋਧ ਸਿੰਘ ਰਾਣਾ, ਰਾਜਵਿੰਦਰ ਸਿੰਘ ਗੱਡੂ, ਬਲਦੇਵ ਸਿੰਘ ਬਿੰਦਰਾ, ਸੁਮਿੱਤਰ ਸਿੰਘ ਦੋਸਤ, ਚਰਨਜੀਤ ਕੌਰ, ਮੰਦਰ ਗਿੱਲ ਸਾਹਿਬਚੰਦੀਆ, ਐਸ.ਕੇ. ਅਰੋੜਾ ਆਦਿ ਨੇ ਆਪਣੇ ਆਪਣੇ ਗੀਤ ਸੁਣਾ ਕੇ ਵਾਹ ਵਾਹ ਖੱਟੀ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਭਗਤ ਰਾਮ ਰੰਗਾੜਾ ਨੇ ਪੁਸਤਕ ਬਾਰੇ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕਰਦਿਆਂ ਹਾਜ਼ਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੰਚ ਵੱਲੋਂ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲ਼ੀਆ ਵੱਲੋਂ ਬਾਖੂਬੀ ਨਿਭਾਇਆ ਗਿਆ।

