ਮਾਨਸਾ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 2 ਅਗਸਤ:


ਦਿ ਰੌਇਲ ਗਲੋਬਲ ਸਕੂਲ, ਖਿਆਲਾ ਕਲਾਂ ਭੀਖੀ, ਮਾਨਸਾ ਵਿਖੇ ਤੀਆਂ ਦਾ ਤਿਉਹਾਰ ਬੜੀ ਰੌਣਕ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਾਰੇ ਸਕੂਲ ਦਾ ਮਾਹੌਲ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਵਿਦਿਆਰਥਣਾਂ ਨੇ ਰਵਾਇਤੀ ਪਹਿਰਾਵੇ ਪਹਿਨੇ ਅਤੇ ਪਿੰਡਾਂ ਦੀਆਂ ਰੀਤਾਂ-ਰਿਵਾਜਾਂ ਦੀ ਸੋਹਣੀ ਝਲਕ ਪੇਸ਼ ਕੀਤੀ। ਇਸ ਮੌਕੇ ਵਿਦਿਆਰਥਣਾਂ ਵੱਲੋਂ ਮਹਿੰਦੀ ਲਗਾਉਣ ਦੇ ਮੁਕਾਬਲੇ, ਸੇਵੀਆਂ ਵੱਟਣ, ਕਿੱਕਲੀ ਪਾਉਣ, ਪਰਾਂਦੇ ਗੁੰਦਣ ਆਦਿ ਦੇ ਮੁਕਾਬਲੇ ਹੋਏ। ਗਿੱਧਾ, ਭੰਗੜਾ ਅਤੇ ਕੋਰਿਓਗ੍ਰਾਫੀ ਆਦਿ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਵੀ ਮਨੋਰੰਜਕ ਬਣਾ ਦਿੱਤਾ। ਇਸ ਸਮਾਗਮ ਵਿੱਚ ਡਾ. ਰਜਿੰਦਰ ਸਿੰਘ ਸੋਹਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲ ਡਾਇਰੈਕਟਰ ਡਾ. ਸਰਬਜੀਤ ਕੌਰ ਸੋਹਲ ਅਤੇ ਪ੍ਰਿੰਸੀਪਲ ਡਾ. ਆਸ਼ੀਸ਼ ਕੁਮਾਰ ਸ਼ਰਮਾ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਸਟੇਜ ਦਾ ਸੰਚਾਲਨ ਨਮਨਦੀਪ ਕੌਰ, ਜਸ਼ਨਪ੍ਰੀਤ ਕੌਰ ਅਤੇ ਪੰਜਾਬੀ ਅਧਿਆਪਕਾ ਸ਼੍ਰੀਮਤੀ ਸੰਤੋਸ਼ ਰਾਣੀ ਨੇ ਕੀਤਾ।
ਸਮਾਗਮ ਦਾ ਸਭ ਤੋਂ ਰੰਗੀਨ ਪਲ ਉਹ ਸੀ, ਜਦੋਂ ਸਕੂਲ ਡਾਇਰੈਕਟਰ ਡਾ. ਸਰਬਜੀਤ ਕੌਰ ਸੋਹਲ ਵੱਲੋਂ ਮਿਸ ਤੀਜ ਦਾ ਤਾਜ ਨਵਜੋਤ ਕੌਰ ਦੇ ਸਿਰ ਸਜਾਇਆ ਗਿਆ। ਪਹਿਲੇ ਰਨਰ-ਅੱਪ ਦੀ ਟਰਾਫੀ ਮਿਸ ਰਵਨੀਤ ਕੌਰ ਅਤੇ ਦੂਸਰੀ ਮਿਸ ਅਰਸਦ ਨੇ ਜਿੱਤੀ। ਜੇਤੂ ਵਿਦਿਆਰਥਣ ਨੇ ਆਪਣੇ ਰਵਾਇਤੀ ਪਹਿਰਾਵੇ ਅਤੇ ਆਤਮ ਵਿਸ਼ਵਾਸ ਨਾਲ ਸਭ ਦਾ ਦਿਲ ਜਿੱਤ ਲਿਆ। ਪ੍ਰਿੰਸੀਪਲ ਡਾ. ਆਸ਼ੀਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰ ਵਿਦਿਆਰਥੀਆਂ ਵਿੱਚ ਪੰਜਾਬੀ ਸੱਭਿਆਚਾਰ ਪ੍ਰਤੀ ਪਿਆਰ ਅਤੇ ਜਾਗਰੂਕਤਾ ਪੈਦਾ ਕਰਦੇ ਹਨ। ਸਕੂਲ ਡਾਇਰੈਕਟਰ ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਹੈ। ਇਹਨਾਂ ਨੂੰ ਮਨਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਾਡੇ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਹੈ।

