ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਅਗਸਤ:


ਅੱਜ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵਿਖੇ ਗੁਰਮੁਖੀ ਕੈਲੀਗ੍ਰਾਫੀ ਪ੍ਰਦਰਸ਼ਨੀ ‘ਅਜੂਨੀ’ ਦੀ ਸ਼ੁਰੂਆਤ ਹੋਈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਉੱਘੇ ਚਿੱਤਰਕਾਰ ਤੇ ਕਵੀ ਸ਼੍ਰੀ ਸਵਰਨਜੀਤ ਸਵੀ ਨੇ ਸ਼ਮਾ ਰੌਸ਼ਨ ਕਰਕੇ ਕੀਤਾ। ਉਹਨਾਂ ਕਿਹਾ ਕਿ ਪੰਜਾਬ ਕਲਾ ਪਰਿਸ਼ਦ ਵੱਲੋਂ ਇਸੇ ਸਾਲ ਜਲਦੀ ਹੀ ਸ਼੍ਰੀ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹਾਦਤ ਵਰ੍ਹੇ ਮੌਕੇ ਉਹਨਾਂ ਦੀ ਬਾਣੀ ਨਾਲ ਸੰਬੰਧਿਤ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਸਾਰੇ ਪੰਜਾਬ ਵਿਚ ਲਗਾਈਆਂ ਜਾਣਗੀਆਂ। ਓਥੇ ਮੌਜੂਦ ਦਰਸ਼ਕਾਂ ਵੱਲੋਂ ਸਾਰੀਆਂ ਹੀ ਕਲਾ ਕਿਰਤਾਂ ਖੂਬ ਸਲਾਹੀਆਂ ਗਈਆਂ। ਇਹ ਪ੍ਰਦਰਸ਼ਨੀ ਇਸ ਲਈ ਵੀ ਵੱਖਰੀ ਹੈ ਕਿ ਇਹ ਮਾਂ ਧੀ : ਕਮਲਜੀਤ ਕੌਰ ਅਤੇ ਸਹਿਜ ਕੌਰ ਦਾ ਸਾਂਝਾ ਯਤਨ ਹੈ। ਇਹ ਗੁਰਮੁਖੀ ਲਿਖਤ ਕਲਾ (ਕੈਲੀਗ੍ਰਾਫੀ) ਰਾਹੀਂ ਪੰਜਾਬ ਦੀ ਵਿਰਾਸਤ ਨੂੰ ਦਰਸਾਉਂਦੀ ਹੈ ਅਤੇ ਵਿਲੱਖਣ ਰਚਨਾਤਮਕਤਾ ਤੇ ਪਰੰਪਰਾਵਾਂ ਦਾ ਮਿਲਾਪ ਹੈ। ਇਹ ਕਲਾਕਾਰਾਂ ਦੁਆਰਾ ਆਪਣੇ ਪੰਜਾਬੀ ਸਭਿਆਚਾਰ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਦੀ ਵੱਡੀ ਕੋਸ਼ਿਸ਼ ਹੈ।
ਪ੍ਰਦਰਸ਼ਨੀ ਵਿਚ ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤ ਪ੍ਰੀਤਮ, ਸੁਰਜੀਤ ਪਾਤਰ ਦੀਆਂ ਖੂਬਸੂਰਤ ਕੈਲੀਗ੍ਰਾਫੀ ਵਿਚ ਲਿਖਤ ਰਚਨਾਵਾਂ ਵੱਡੇ ਆਕਰਸ਼ਨ ਦਾ ਕੇਂਦਰ ਹਨ। ਇਸ ਪ੍ਰਦਰਸ਼ਨੀ ਦਾ ਇਕ ਹੋਰ ਆਕਰਸ਼ਨ ਪੈਂਤੀ ਅੱਖਰੀ (ਗੁਰਮੁਖੀ 35 ਅੱਖਰ) ਦੀ ਇਕ ਸ਼ਾਨਦਾਰ 5×7 ਫੁੱਟ ਦੀ ਪੇਟਿੰਗ ਹੈ ਜੋ ਕਲਾ ਦੀ ਉੱਚਤਤਾ ਦੀ ਸ਼ਾਹਦੀ ਭਰਦੀ ਹੈ। ਇਹ ਪ੍ਰਦਰਸ਼ਨੀ 8 ਤੋਂ 10 ਅਗਸਤ, 2025 ਤੱਕ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਦੇਖੀ ਜਾ ਸਕਦੀ ਹੈ। ਅੱਜ ਦੇ ਉਦਘਾਟਨੀ ਸਮਾਰੋਹ ਵਿਚ ਲਲਿਤ ਕਲਾ ਅਕਾਦਮੀ, ਚੰਡੀਗੜ੍ਹ ਦੇ ਪ੍ਰਧਾਨ ਤੇ ਉੱਘੇ ਫੋਟੋਗ੍ਰਾਫਰ ਗੁਰਦੀਪ ਧੀਮਾਨ, ਸ਼ਾਇਰ ਜਗਦੀਪ ਸਿੱਧੂ, ਭੁਪਿੰਦਰ ਮਲਿਕ, ਪਾਲ ਅਜਨਬੀ, ਕੁਲਵੰਤ ਕੌਰ, ਨਾਗੇਸ਼ਵਰ, ਹਰਵਿੰਦਰ, ਤੇਜਪ੍ਰਤਾਪ ਸਿੰਘ ਸੰਧੂ ਆਦਿ ਨੇ ਸ਼ਮੂਲੀਅਤ ਕੀਤੀ।

