ਚੰਡੀਗੜ੍ਹ 16 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਪਿੰਡ ਛੋਟੀ-ਬੜੀ ਨੱਗਲ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਵੱਖ ਵੱਖ ਕੁਸ਼ਤੀ ਅਖਾੜਿਆਂ ਦੇ ਪਹਿਲਵਾਨਾਂ ਨੇ ਆਪਣੇ ਜ਼ੌਹਰ ਵਿਖਾਏ। ਇਸ ਮੌਕੇ ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਮਾਜ ਸੇਵੀ ਚੌਧਰੀ ਸ਼ਿਆਮ ਲਾਲ ਮਾਜਰੀਆਂ ਨੇ ਮੁੱਖ ਮਹਿਮਾਨ ਵਜੋਂ ਪੁੱਜ ਕੇ ਪਹਿਲਵਾਨਾਂ ਦੀ ਹੌਂਸਲਾ-ਅਫਜ਼ਾਈ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਪ੍ਰਬੰਧਕਾਂ ਸਮੇਤ ਝੰਡੀ ਦੀ ਕੁਸ਼ਤੀ ਦੇ ਪਹਿਲਵਾਨਾਂ ਦੀ ਹੱਥ ਜੋੜੀ ਵੀ ਕਰਵਾਈ ਗਈ। ਇਸ ਕੁਸ਼ਤੀ ਦੰਗਲ ਵਿੱਚ ਝੰਡੀ ਦੀ ਕੁਸ਼ਤੀ ਤੇ ਨਵੇਂ ਉਭਰਦੇ ਪਹਿਲਵਾਨਾਂ ਨੂੰ ਮੌਕਾ ਦਿੱਤਾ ਗਿਆ, ਜਿਨ੍ਹਾਂ ਵਿੱਚ ਛਾਂਟੀ ਬਾਰਨ ਅਤੇ ਜਤਿੰਦਰ ਪਥਰੇੜੀ ਦੀ ਵੱਡੀ ਕੁਸ਼ਤੀ ਕਰਵਾਈ ਗਈ। ਦੂਜੀ ਕੁਸ਼ਤੀ ਮੱਖਣ ਰਾਜਾ ਅਖਾੜਾ ਤੇ ਦੀਪਾ ਅਖਾੜਾ ਮੁੱਲਾਂਪੁਰ ਵਿਚਕਾਰ ਹੋਈ। ਇਸ ਤੋਂ ਇਲਾਵਾ ਹੋਰਨਾਂ ਪਹਿਲਵਾਨਾਂ ਦੇ ਵੀ ਦਿਲਚਸਪ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪ੍ਰਬੰਧਕਾਂ ਵੱਲੋਂ ਚੌਧਰੀ ਸ਼ਿਆਮ ਲਾਲ ਮਾਜਰੀਆਂ ਦਾ ਸਿਰਪਾਓ ਦੇ ਕੇ ਸਨਮਾਨ ਕੀਤਾ ਗਿਆ। ਚੌਧਰੀ ਮਾਜਰੀਆਂ ਵੱਲੋਂ ਵੀ ਪ੍ਰਬੰਧਕਾਂ ਨੂੰ ਬਣਦੀ ਮਾਲੀ ਮਦਦ ਭੇਂਟ ਕੀਤੀ ਗਈ। ਇਸ ਮੌਕੇ ਨੱਗਲ ਵਾਸੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਚੌਧਰੀ ਸ਼ਿਆਮ ਲਾਲ ਮਾਜਰੀਆਂ ਨੇ ਕਿਹਾ ਕਿ ਇਹ ਉਨ੍ਹਾਂ ਦਾ ਨਾਨਕਾ ਪਿੰਡ ਹੈ ਤੇ ਉਹ ਹਮੇਸ਼ਾ ਇਨ੍ਹਾਂ ਪਿੰਡ ਵਾਸੀਆਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਪੁੱਜਦੇ ਹਨ।
ਉਨ੍ਹਾਂ ਕਿਹਾ ਕਿ ਕੁਸ਼ਤੀ ਦੰਗਲ ਦੀ ਅਰੰਭਤਾ ਕੁਝ ਸਾਲਾਂ ਪਹਿਲਾਂ ਹੀ ਛੋਟੇ ਜਿਹੇ ਬਜਟ ਤੋਂ ਹੋਈ ਸੀ ਤੇ ਉਮੀਦ ਹੈ ਕਿ ਅਗਲੀ ਵਾਰ ਇਸ ਕੁਸ਼ਤੀ ਦੰਗਲ ਵਿੱਚ ਪਹਿਲਵਾਨਾਂ ਨੂੰ ਲੱਖਾਂ ਰੁਪਏ ਦੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇ। ਉਨ੍ਹਾਂ ਇਲਾਕੇ ਦੇ ਖਿਡਾਰੀਆਂ ਨੂੰ ਆਪਣੇ ਵੱਲੋਂ ਹਰ ਸੰਭਵ ਮਦਦ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਇਲਾਕੇ ਦਾ ਕੋਈ ਵੀ ਖਿਡਾਰੀ ਜਾਂ ਪੜ੍ਹਾਈ ਕਰਨ ਵਾਲਾ ਵਿਦਿਆਰਥੀ ਆਰਥਿਕ ਪੱਖੋਂ ਕਮਜ਼ੋਰ ਹੋਵੇ ਤੇ ਉਸ ਨੂੰ ਸਾਡੀ ਸਹਾਇਤਾ ਦੀ ਲੋੜ ਹੈ ਤਾਂ ਅਸੀਂ ਹਮੇਸ਼ਾ ਉਨ੍ਹਾਂ ਲਈ ਹਾਜ਼ਰ ਹਾਂ, ਪਰ ਅਸੀਂ ਨਹੀਂ ਚਾਹੁੰਦੇ ਕਿ ਇਲਾਕੇ ਦਾ ਕੋਈ ਵੀ ਵਿਦਿਆਰਥੀ ਇਨ੍ਹਾਂ ਤੋਂ ਵਾਂਝਿਆਂ ਰਹੇ। ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਖੇਡਾਂ ਵਿੱਚ ਆਪਣਾ ਜੀਵਨ ਵਧੀਆ ਬਣਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਸ੍ਰੀ ਪ੍ਰਦੀਪ ਬਾਵਾ ਖਿਜ਼ਰਾਬਾਦ, ਸ਼ੇਰਾ ਨੱਗਲ, ਨਰੇਸ਼, ਨਸੀਬ ਚੰਦ ਸਰਪੰਚ, ਛਿੰਦਾ ਸਰਪੰਚ, ਭੀਮ ਸੈਨ ਸਰਪੰਚ, ਰੋਸ਼ਨ ਲਾਲ ਪੰਚ, ਲਾਲਾ ਰਾਮ ਪੰਜੋਰ, ਤਰਸੇਮ ਲਾਲ, ਲਖਵਿੰਦਰ, ਮਹਿੰਦਰ ਪਾਲ ਜਗੀਰ ਰਾਮ, ਭਾਗ ਚੰਦ ਸਰਪੰਚ ਨਸੀਬ ਸਰਪੰਚ ਅਤੇ ਕ੍ਰਿਸ਼ਨ ਸਰਪੰਚ ਵੀ ਹਾਜ਼ਰ ਸਨ।

