ਕੱਲ੍ਹ ਭੋਗ ਤੇ ਵਿਸ਼ੇਸ਼
ਸ. ਮਨਜੀਤ ਸਿੰਘ ਕੰਗ ਕਾਲਾ: ਇੱਕ ਯਾਦਗਾਰੀ ਸ਼ਖ਼ਸੀਅਤ
ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਸਾਬਕਾ ਮੰਤਰੀ ਸ. ਜਗਮੋਹਨ ਸਿੰਘ ਕੰਗ ਦੇ ਛੋਟੇ ਭਰਾ ਸ. ਮਨਜੀਤ ਸਿੰਘ ਕੰਗ, ਜਿਨ੍ਹਾਂ ਨੂੰ ਪਿਆਰ ਨਾਲ ਕਾਲਾ ਕਿਹਾ ਜਾਂਦਾ ਸੀ, 14 ਅਗਸਤ, 2025 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ, ਕੱਲ੍ਹ ਦੁਪਿਹਰ 12:00 ਤੋ 1:00 ਵਜੇ ਗੁਰੂਦਵਾਰਾ ਸਾਹਿਬ, ਸੈਕਟਰ 34 ਚੰਡੀਗੜ੍ਹ ਵਿਖੇ ਪਾਇਆ ਜਾ ਰਿਹਾ ਹੈ। ਸ. ਮਨਜੀਤ ਸਿੰਘ ਕੰਗ ਦਾ ਜਨਮ 4 ਜੁਲਾਈ, 1953 ਨੂੰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ ਸੀ। ਉਨ੍ਹਾਂ ਦੇ ਪਿਤਾ ਸ. ਸੁਰਿੰਦਰ ਪਾਲ ਸਿੰਘ ਕੰਗ, ਸਾਬਕਾ ਫੌਜੀ, ਇਮਾਨਦਾਰ ਤੇ ਸੀਨੀਅਰ ਪੁਲਿਸ ਆਈ.ਪੀ.ਐਸ ਅਫ਼ਸਰ ਸਨ, ਜਿਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਵਿੱਚ ਵੱਖ-ਵੱਖ, ਅਹਿਮ ਅਹੁਦਿਆਂ, ਐਸ.ਪੀ.,ਸੀ.ਬੀ.ਆਈ. ਸਮੇਤ ਸੇਵਾਵਾਂ ਨਿਭਾਈਆਂ। ਸ. ਸੁਰਿੰਦਰ ਪਾਲ ਸਿੰਘ ਕੰਗ 1988 ਵਿੱਚ ਸਵਰਗਵਾਸ ਹੋ ਗਏ ਸਨ। ਕੰਗ ਪਰਿਵਾਰ ਦਾ ਜੱਦੀ ਪਿੰਡ ਬੂਰਮਾਜਰਾ ਅਤੇ ਸ਼ਹੀਦਗੜ੍ਹ ਹੈ। ਸ. ਮਨਜੀਤ ਸਿੰਘ ਕੰਗ ਦਾ ਵਿਆਹ ਇਲਾਕ਼ੇ ਦੇ ਉੱਘੇ ਸੋਹੀ ਪਰਿਵਾਰ ਵਿਚ ਬੀਬੀ ਅਮਰਜੀਤ ਕੌਰ ਪੁੱਤਰੀ ਸਵਰਗੀ ਸ. ਬਲਬੀਰ ਸਿੰਘ ਬਲਟਾਣਾ, ਸਾਬਕਾ ਪਾਰਲੀਮਾਨੀ ਸਕੱਤਰ, ਨਾਲ ਹੋਇਆ ਸੀ। ਕੰਗ ਪਰਿਵਾਰ ਵਿੱਚ ਉਹ ਪੰਜ ਭੈਣ-ਭਰਾ ਹਨ: ਸ. ਜਗਮੋਹਨ ਸਿੰਘ ਕੰਗ, ਸ. ਜਗਜੀਤ ਸਿੰਘ ਕੰਗ (ਗੋਰਾ), ਸਵਰਗੀ ਸ. ਮਨਜੀਤ ਸਿੰਘ ਕੰਗ (ਕਾਲਾ), ਵੱਡੀ ਭੈਣ ਬੀਬੀ ਜਗਜੀਤ ਕੌਰ ਮੰਡੇਰ ਅਤੇ ਛੋਟੀ ਭੈਣ ਬੀਬੀ ਮਨਜੀਤ ਕੌਰ ਕੂਨਰ।
ਸ. ਮਨਜੀਤ ਸਿੰਘ ਕੰਗ ਨੇ ਗੌਰਮਿੰਟ ਕਾਲਜ ਸੈਕਟਰ-11, ਚੰਡੀਗੜ੍ਹ ਤੋਂ ਬੀ.ਏ. ਕੀਤੀ ਅਤੇ ਕਾਲਜ ਵਿੱਚ ਇੱਕ ਉੱਘੇ ਵਿਦਿਆਰਥੀ ਨੇਤਾ ਵਜੋਂ ਉੱਭਰੇ। 1992 ਵਿੱਚ, ਜਦੋਂ ਸ. ਬੇਅੰਤ ਸਿੰਘ ਦੀ ਸਰਕਾਰ ਦੌਰਾਨ ਸ. ਜਗਮੋਹਨ ਸਿੰਘ ਕੰਗ ਮੋਰਿੰਡਾ ਤੋਂ ਪਹਿਲੀ ਵਾਰ ਐਮ.ਐਲ.ਏ. ਅਤੇ ਮਾਲ ਮੰਤਰੀ ਬਣੇ, ਉਸ ਸਮੇਂ ਤੋਂ ਹੀ ਸਵਰਗੀ ਮਨਜੀਤ ਸਿੰਘ ਕੰਗ ਅਤੇ ਸ. ਜਗਜੀਤ ਸਿੰਘ ਕੰਗ (ਗੋਰਾ), ਸਾਬਕਾ ਚੇਅਰਮੈਨ ਸੈਂਟਰਲ ਕੋਆਪਰੇਟਿਵ ਬੈਂਕ ਰੋਪੜ ਉਨ੍ਹਾਂ ਨਾਲ ਮੋਰਿੰਡਾ ਅਤੇ ਬਾਅਦ ਵਿੱਚ ਖਰੜ ਹਲਕੇ ਵਿੱਚ ਰਾਜਨੀਤਿਕ ਅਤੇ ਸਮਾਜਿਕ ਤੌਰ ‘ਤੇ ਵੀ ਸਰਗਰਮ ਰਹੇ। ਸ. ਕੰਗ ਨੇ ਕਿਹਾ ਕਿ ਉਨ੍ਹਾਂ ਦੇ ਦੋਵੇਂ ਭਰਾ, ਗੋਰਾ ਅਤੇ ਕਾਲਾ, ਉਨ੍ਹਾਂ ਦੀਆਂ ਬਾਹਾਂ ਬਣ ਕੇ ਹਮੇਸ਼ਾ ਨਾਲ ਰਹੇ। ਉਨ੍ਹਾਂ ਦੋਨੇ ਭਰਾਵਾਂ ਦੀ ਮਿਹਨਤ ਅਤੇ ਹਲਕੇ ਦੇ ਹੋਰ ਵਰਕਰਾਂ/ਲੀਡਰਾਂ ਅਤੇ ਸੱਜਣਾਂ-ਮਿੱਤਰਾਂ ਦੇ ਸਹਿਯੋਗ ਸਦਕਾ ਹੀ ਇਸ ਅਕਾਲੀ ਇਲਾਕ਼ੇ ਵਿੱਚ ਉਨ੍ਹਾਂ ਨੂੰ ਵਾਰ-ਵਾਰ ਜਿੱਤ ਪ੍ਰਾਪਤ ਹੋਈ ਅਤੇ ਤਿੰਨ ਵਾਰ ਝੰਡੀ ਵੀ ਲੱਗੀ। ਕੰਗ ਨੇ ਕਿਹਾ ਕਿ ਕਾਲਾ ਬਹੁਤ ਦਲੇਰ, ਨਿਮਰ ਅਤੇ ਹਰਮਨ-ਪਿਆਰਾ ਸੱਜਣ ਮਿੱਤਰ ਸੀ। ਉਨ੍ਹਾਂ ਕਿਹਾ ਕਿ ਸ. ਮਨਜੀਤ ਸਿੰਘ ਕੰਗ ਦੇ ਚਲੇ ਜਾਣ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ਵਿੱਚ ਸਾਰਾ ਇਲਾਕਾ ਉਮੜ ਕੇ, ਮੇਰੇ/ਪਰਿਵਾਰ ਕੋਲ ਅਫ਼ਸੋਸ ਅਤੇ ਹਮਦਰਦੀ ਪ੍ਰਗਟਾਉਣ ਲਈ ਆਇਆ, ਜਿਸ ਲਈ ਮੈਂ ਉਨਾਂ ਸਭ ਦਾ ਰਿਣੀ ਹਾਂ।

