ਵੱਖ ਵੱਖ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਭਰੀਆਂ ਹਾਜ਼ਰੀਆਂ
ਬੇਲਾ-ਬਹਿਰਾਮਪੁਰਬੇਟ (ਗੁਰਮੁੱਖ ਸਿੰਘ ਸਲਾਹਪੁਰੀ-ਸੁਰ ਸਾਂਝ ਡਾਟ ਕਾਮ ਬਿਊਰੋ), 30 ਅਗਸਤ:
ਨੇੜਲੇ ਪਿੰਡ ਜਟਾਣਾ ਵਿੱਚ ਐਸਵਾਈਐਲ ਨੂੰ ਬੰਨ੍ਹ ਮਾਰਨ ਵਾਲੇ ਪਾਣੀਆਂ ਦੇ ਰਾਖੇ, ਖਾਲਸਾ ਰਾਜ ਦੀ ਸਥਾਪਨਾ ਲਈ ਵਿੱਢੇ ਸ਼ੰਘਰਸ਼ ਦੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਪੂਹਲੇ ਨਿਹੰਗ ਵੱਲੋਂ ਭਾਈ ਜਟਾਣਾ ਦੇ ਸ਼ਹੀਦ ਕੀਤੇ ਪਰਿਵਾਰ ਦੀ ਯਾਦ ਵਿੱਚ 35ਵਾਂ ਸ਼ਹੀਦੀ ਸਮਾਗਮ ਕਰਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਕਰਾਏ ਸਮਾਗਮ ਦੌਰਾਨ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਨਰਿੰਦਰ ਸਿੰਘ, ਗੁਰਮਤਿ ਮਿਸ਼ਨਰੀ ਕਾਲਜ ਦੇ ਗਿਆਨੀ ਬਲਜੀਤ ਸਿੰਘ ਵੱਲੋਂ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਕੀਤੀਆਂ। ਸਮਾਗਮ ਵਿੱਚ ਪਹੁੰਚੇ ਭਾਈ ਕਰਨੈਲ ਸਿੰਘ ਪੰਜੋਲੀ, ਬਾਪੂ ਤਰਸੇਮ ਸਿੰਘ, ,ਜਥੇਦਾਰ ਰਾਜਾ ਰਾਜ ਸਿੰਘ, ਅਕਾਲੀ ਦਲ ਅੰਮ੍ਰਿਤਸਰ ਦੇ ਭਾਈ ਕੁਲਦੀਪ ਸਿੰਘ ਭਾਗੋਵਾਲ, ਰਣਜੀਤ ਸਿੰਘ ਸੰਤੋਖਗੜ, ਫੌਜਾ ਸਿੰਘ ਧਨੌਰੀ, ਭਾਈ ਗੁਰਦੀਪ ਸਿੰਘ ਬੁਲਾਰਾ ਦਮਦਮੀ ਟਕਸਾਲ, ਹਰਜੀਤ ਸਿੰਘ ਗੁਰਸੇਵਾਲ, ਡਾ ਦਲਜੀਤ ਸਿੰਘ ਸੋਢੀ ਅਬਜਰਵਰ ਵਾਰਿਸ ਪੰਜਾਬ ਦੇ ਜਥੇਬੰਦੀ, ਭਾਈ ਤੇਜਵੀਰ ਸਿੰਘ ਦਮਦਮੀ ਟਕਸਾਲ ਸ਼੍ਰੀ ਅਕਾਲ ਤਖਤ ਸਾਹਿਬ, ਬੀਬੀ ਤੇਜ਼ ਕੌਰ, ਬੀਬੀ ਸਤਨਾਮ ਕੌਰ ਆਦਿ ਵੱਖ ਵੱਖ ਧਾਰਮਿਕ ਅਤੇ ਨਿਹੰਗ ਸਿੰਘ ਟਕਸਾਲਾਂ ਦੇ ਆਗੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।


ਇਸ ਮੌਕੇ ਭਾਈ ਕਰਨੈਲ ਸਿੰਘ ਪੰਜੋਲੀ ਨੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਭਾਈ ਜਟਾਣਾ ਨਾਲ ਬਿਤਾਏ ਪਲਾਂ ਨੂੰ ਸਾਝਾਂ ਕਰਦੇ ਹੋਏ ਕਿਹਾ ਕਿ ਭਾਈ ਜਟਾਣਾ ਨੇ ਅੱਜ ਤੋਂ ਪੈਂਤੀ ਸਾਲ ਪਹਿਲਾਂ ਕਿਹਾ ਸੀ ਕਿ ਸਿੱਖ ਰਾਜ ਤੋਂ ਬਿਨਾਂ ਸਿੱਖਾਂ ਉੱਤੇ ਹੋ ਰਹੇ ਹਮਲੇ ਕਦੇ ਨਹੀਂ ਰੁਕ ਸਕਦੇ ਕੋਈ ਵੀ ਸਰਕਾਰ ਸਿੱਖ ਕੌਮ ਦਾ ਭਲਾ ਨਹੀਂ ਸੋਚੇਗੀ। ਸਮੇਂ ਸਮੇਂ ਤੇ ਸਿੱਖਾਂ ਤੇ ਹਮਲੇ ਹੁੰਦੇ ਰਹਿਣਗੇ ਅਤੇ ਅੱਜ ਤੱਕ ਹੋ ਰਹੇ ਹਨ। ਬੀਜੇਪੀ ਸਰਕਾਰ ਨੂੰ ਦਸ ਸਾਲ ਹੋ ਚੁੱਕੇ ਹਨ, ਸੱਤਾ ਵਿੱਚ ਕਦੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਕਦਮ ਨਹੀਂ ਚੁੱਕਿਆ। ਉਸੇ ਨਕਸ਼ੇ ਕਦਮਾਂ ਤੇ ਪੰਜਾਬ ਦੀ ਆਪ ਸਰਕਾਰ ਚੱਲ ਰਹੀ ਹੈ। ਨਸ਼ੇ ਛਡਾਉਣ ਅਤੇ ਨੌਜਵਾਨਾਂ ਨੂੰ ਅੰਮ੍ਰਿਤਧਾਰੀ ਬਣਾਉਣ ਵਾਲੇ ਨੂੰ ਡਿਬਰੂਗੜ ਜੇਲ੍ਹ ਵਿੱਚ ਬੰਦ ਕੀਤਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਕਿਰਦਾਰਕੁਸ਼ੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਸਮੇਂ ਸਮੇਂ ਤੇ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਕਦੇ ਨਸ਼ਿਆਂ ਰਾਹੀਂ, ਕਦੇ ਕਾਲੇ ਕਾਨੂੰਨਾਂ ਰਾਹੀਂ ਅਤੇ ਹੁਣ ਪਾਣੀਆਂ ਨਾਲ। ਸਮੇਂ ਤੋਂ ਪਹਿਲਾਂ ਡੈਮਾਂ ਦੇ ਗੇਟ ਕਿਉਂ ਨਹੀਂ ਖੋਲ੍ਹੇ ਜਾਂਦੇ ਅਤੇ ਬਾਅਦ ਵਿੱਚ ਖਤਰੇ ਦੇ ਨਿਸ਼ਾਨ ਦੱਸ ਕੇ ਇੱਕਦਮ ਗੇਟ ਖੋਲ੍ਹ ਕੇ ਪੰਜਾਬ ਨੂੰ ਡੋਬਿਆ ਜਾਂਦਾ ਹੈ। ਕੇਂਦਰ ਸਰਕਾਰ ਵੱਲੋਂ ਸਹਾਇਤਾ ਦੇ ਨਾਮ ਤੇ ਦੂਜੇ ਰਾਜਾਂ ਨੂੰ ਲੱਖਾਂ ਕਰੋੜਾਂ ਰੁਪਏ ਜਾਰੀ ਕੀਤੇ ਜਾਂਦੇ ਹਨ ਪਰ ਪੰਜਾਬ ਲਈ ਹੁਣ ਤੱਕ ਕੋਈ ਸਹਾਇਤਾ ਰਾਸ਼ੀ ਦਾ ਐਲਾਨ ਨਹੀਂ ਹੋਇਆ।
ਜਥੇਦਾਰ ਰਾਜਾ ਰਾਜ ਸਿੰਘ ਨੇ ਸੰਗਤਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਧਰਨੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ। ਭਾਈ ਕੁਲਦੀਪ ਸਿੰਘ ਭਾਗੋਵਾਲ ਨੇ ਸ਼ਹੀਦ ਪਰਿਵਾਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ 3 ਸਤੰਬਰ ਨੂੰ ਸ਼੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਕਰਾਏ ਜਾ ਰਹੇ ਸਮਾਗਮ ਵਿੱਚ ਵੀ ਹਾਜ਼ਰੀ ਭਰਨ ਦੀ ਅਪੀਲ ਕੀਤੀ। ਇਸ ਮੌਕੇ ਭਾਈ ਰਣਜੀਤ ਸਿੰਘ ਸੰਤੋਖ ਗੜ, ਬੀਬੀ ਤੇਜ਼ ਕੌਰ, ਬੀਬੀ ਸਤਨਾਮ ਕੌਰ, ਫੌਜਾ ਸਿੰਘ ਧਨੌਰੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਭਾਈ ਜਟਾਣਾ ਦੇ ਭਰਾਤਾ ਦਲਵੀਰ ਸਿੰਘ, ਭੈਣ ਸੁਰਿੰਦਰ ਕੌਰ ਨੂੰ ਸਿਰੋਪਾਓ ਭੇਂਟ ਕੀਤੇ। ਭਾਈ ਦਲਵੀਰ ਸਿੰਘ ਨੇ ਆਏ ਆਗੂਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਮਰਜੀਤ ਸਿੰਘ, ਲਖਵੀਰ ਸਿੰਘ ਲੱਖਾ, ਧਰਮੀ ਫੌਜੀ ਜਸਵੰਤ ਸਿੰਘ, ਸਰਪੰਚ ਹਰਿੰਦਰ ਸਿੰਘ, ਹਰਪ੍ਰੀਤਇੰਦਰ ਸਿੰਘ, ਸਾਬਕਾ ਸਰਪੰਚ ਦਿਆਲ ਸਿੰਘ, ਜਸਵੀਰ ਸਿੰਘ ਕੁਰਾਲੀ, ਨੰਬਰਦਾਰ ਜਸਵੀਰ ਸਿੰਘ, ਪ੍ਰਿੰਸੀਪਲ ਮਨਜਿੰਦਰ ਸਿੰਘ ਮੁਜਾਫਤ, ਸਾਬਕਾ ਸਰਪੰਚ ਅਜੈਬ ਸਿੰਘ, ਗੁਰਦੇਵ ਸਿੰਘ, ਸਰਵਣ ਸਿੰਘ, ਹਰਜੀਤ ਸਿੰਘ, ਭੁਪਿੰਦਰ ਸਿੰਘ, ਰਜਿੰਦਰ ਸਿੰਘ ਬਹਿਰਾਮਪੁਰਬੇਟ, ਸਤਪਾਲ ਸਿੰਘ ਝੱਲੀਆਂ, ਬਚਿੱਤਰ ਸਿੰਘ, ਬਲਵੀਰ ਸਿੰਘ, ਬੀਬੀ ਪ੍ਰੀਤਮ ਕੌਰ, ਗੁਰਮੀਤ ਕੌਰ, ਕਮਲਜੀਤ ਸਿੰਘ, ਧਨਵੰਤ ਸਿੰਘ, ਗੋਲਡੀ ਬੇਲਾ, ਰਮਨਜੀਤ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਵੱਖ ਵੱਖ ਧਾਰਮਿਕ, ਨਿਹੰਗ ਸਿੰਘ ਜਥੇਬੰਦੀਆਂ, ਨਗਰ ਅਤੇ ਇਲਾਕੇ ਦੀਆਂ ਸੰਗਤਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਫੋਟੋ ਕੈਪਸ਼ਨ: ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਸ਼ਹੀਦ ਪਰਿਵਾਰ ਦੀ ਯਾਦ ਵਿੱਚ ਕਰਵਾਏ ਸਮਾਗਮ ਵਿੱਚ ਸੰਬੋਧਨ ਕਰਦੇ ਹੋਏ ਵੱਖ ਵੱਖ ਜਥੇਬੰਦੀਆਂ ਦੇ ਆਗੂ ਅਤੇ ਸਮਾਗਮ ਵਿੱਚ ਹਾਜਰ ਸੰਗਤਾਂ।

