ਚੰਡੀਗੜ (ਸੁਰ ਸਾਂਝ ਡਾਟ ਕਾਮ ਬਿਊਰੋ), 30 ਅਗਸਤ:
ਚੰਡੀਗੜ੍ਹ ਦੇ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਮਸੀਹਾ ਵੱਜੋਂ ਜਾਣੇ ਜਾਂਦੇ ਯੂ. ਟੀ ਪਾਵਰਮੈਨ ਯੂਨੀਅਨ ਅਤੇ ਫੈਡਰੇਸ਼ਨ ਆਫ਼ ਚੰਡੀਗੜ੍ਹ ਇੰਪਲਾਇਜ਼ ਐਂਡ ਵਰਕਰ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਨੂੰ ਚੰਡੀਗੜ੍ਹ ਦੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਦੀ ਸੇਵਾਮੁਕਤੀ ਮੌਕੇ ਅੱਜ ਇੱਕ ਵਿਸ਼ੇਸ਼ ਸਮਾਗਮ ਦੌਰਾਨ ਵਿਦਾਇਗੀ ਪਾਰਟੀ ਦਿੱਤੀ ਗਈ। ਯੂ.ਟੀ ਪਾਵਰਮੈਨ ਯੂਨੀਅਨ ਦੀ ਅਗਵਾਈ ਹੇਠ ਇਹ ਵਿਦਾਇਗੀ ਸਮਾਰੋਹ ਸੈਕਟਰ 35 ਦੇ ਕਮਿਊਨਿਟੀ ਸੈਂਟਰ ਵਿਖੇ ਹੋਇਆ। ਇਸ ਸਮਾਗਮ ਦੌਰਾਨ ਫੈਡਰੇਸ਼ਨ ਦੀ ਅਗਵਾਈ ਹੇਠ ਕੰਮ ਕਰਦੀਆਂ ਦਰਜਨਾਂ ਹੀ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਆਗੂਆਂ ਨੇ ਸ਼ਿਰਕਤ ਕੀਤੀ।


ਯੂ.ਟੀ ਪਾਵਰਮੈਨ ਯੂਨੀਅਨ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸਿੱਧੂ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਗੋਪਾਲ ਦੱਤ ਜੋਸ਼ੀ ਇੱਕ ਵਿਅਕਤੀ ਨਾ ਹੋ ਕੇ ਇੱਕ ਚੱਲਦੀ ਫਿਰਦੀ ਸੰਸਥਾ ਹਨ। ਉਨ੍ਹਾਂ ਦੱਸਿਆ ਕਿ ਗੋਪਾਲ ਦੱਤ ਜੋਸ਼ੀ ਨੇ 1985 ਵਿੱਚ ਨੌਕਰੀ ਜੁਆਇਨਿੰਗ ਤੋਂ ਲੈ ਅੱਜ ਤੱਕ 40 ਸਾਲ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਹਿੱਤਾਂ ਅਤੇ ਭਲਾਈ ਦੇ ਲੇਖੇ ਲਗਾਏ ਹਨ। ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਨੇ ਕਿਹਾ ਕਿ ਜੋਸ਼ੀ ਨੇ ਜੋ ਬਿਜਲੀ ਮੁਲਾਜ਼ਮਾਂ ਦੇ ਸੰਘਰਸ਼ ਦੌਰਾਨ ਅਨੇਕਾਂ ਵਾਰ ਸਰਕਾਰ ਦੇ ਜ਼ਬਰ ਅਤੇ ਧੱਕੇਸ਼ਾਹੀ ਦੀ ਪ੍ਰਵਾਹ ਨਾ ਕਰਦਿਆਂ ਦੋ ਦਰਜਨ ਦੇ ਕਰੀਬ ਹੜਤਾਲਾਂ ਕਰਕੇ ਮੁਲਾਜ਼ਮ ਹਿੱਤਾਂ ‘ਤੇ ਪਹਿਰਾ ਦਿੰਦਿਆਂ ਸਰਕਾਰੀ ਜ਼ਬਰ ਦਾ ਡਟ ਕੇ ਮੁਕਾਬਲਾ ਕੀਤਾ ਹੈ, ਜਿਸ ਨੂੰ ਟਰੇਡ ਯੂਨੀਅਨ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਯੂ.ਟੀ ਪਾਵਰਮੈਨ ਯੂਨੀਅਨ ਦੇ ਸਾਬਕਾ ਪ੍ਰਧਾਨ ਧਿਆਨ ਸਿੰਘ ਅਤੇ ਰਾਮ ਸਰੂਪ ਨੇ ਕਿਹਾ ਕਿ ਜੋਸ਼ੀ ਲੋਕ ਹਿੱਤਾਂ ਨੂੰ ਪ੍ਰਣਾਇਆ ਆਗੂ ਹੈ, ਜਿਸ ਨੇ ਹਮੇਸ਼ਾ ਨਿੱਜੀ ਹਿੱਤਾਂ ਨੂੰ ਤਿਆਗ, ਪਰ ਲਈ ਕੰਮ ਕੀਤਾ ਹੈ।
ਫੈਡਰੇਸ਼ਨ ਦੇ ਮੀਤ ਪ੍ਰਧਾਨ ਰਜਿੰਦਰ ਕਟੌਚ ਅਤੇ ਹਰਕੇਸ਼ ਚੰਦ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਅਤੇ ਮਿਊਸਪਲ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਲਈ ਜੋਸ਼ੀ ਦੀ ਵੱਡੀ ਦੇਣ ਹੈ। ਉਨ੍ਹਾਂ ਕਿਹਾ ਕਿ ਗੋਪਾਲ ਦੱਤ ਜੋਸ਼ੀ ਮੁਲਾਜ਼ਮਾਂ ਲਈ ਔਖੇ ਸਮੇਂ ਕੰਧ ਬਣਕੇ ਖੜ੍ਹਦੇ ਰਹੇ ਹਨ। ਇਸ ਮੌਕੇ ਬੋਲਦਿਆਂ ਸੀ.ਪੀ.ਡੀ.ਐਲ ਕੰਪਨੀ ਦੇ ਡਾਇਰੈਕਟਰ ਅਰੁਨ ਕੁਮਾਰ ਵਰਮਾ ਨੇ ਕਿਹਾ ਕਿ ਟਰੇਡ ਯੂਨੀਅਨਾਂ ਹਮੇਸ਼ਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਦਰਮਿਆਨ ਪੁਲ਼ ਦਾ ਕੰਮ ਕਰਦੀਆਂ ਹਨ, ਬਸ਼ਰਤੇ ਜੇ ਗੋਪਾਲ ਦੱਤ ਜੋਸ਼ੀ ਵਰਗੇ ਨੇਕ, ਇਮਾਨਦਾਰ ਤੇ ਸੂਝਵਾਨ ਆਗੂ ਅਗਵਾਈ ਕਰਦੇ ਹੋਣ। ਕੰਪਨੀ ਦੇ ਐਚਆਰ ਸੰਦੀਪ ਕੁਮਾਰ ਰਾਏ ਨੇ ਜੋਸ਼ੀ ਦੀ ਕਾਰਜਸ਼ੈਲੀ ਦੀ ਸ਼ਲਾਘਾ ਕੀਤੀ। ਇਸ ਮੌਕੇ ਮੁਲਾਜ਼ਮ ਆਗੂ ਵਿਜੇ ਸਿੰਘ, ਚਰਨਜੀਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਹਰਪਾਲ ਸਿੰਘ ਪਬਲਿਕ ਹੈਲਥ, ਨਸੀਬ ਸਿੰਘ ਮਨੀਮਾਜਰਾ, ਬਿਹਾਰੀ ਲਾਲ, ਗੁਰਮੀਤ ਸਿੰਘ ਅਤੇ ਐਕਸੀਅਨ ਵਿਜੇ ਕੁਮਾਰ ਧੀਮਾਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਨੇ ਕੁਮਾਰ, ਰੇਸ਼ਮ ਸਿੰਘ ਅਤੇ ਧਿਆਨ ਸਿੰਘ ਨੇ ਗੋਪਾਲ ਦੱਤ ਜੋਸ਼ੀ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕਰਕੇ ਚੰਗਾ ਰੰਗ ਬੰਨ੍ਹਿਆ।
ਸਮਾਗਮ ਦੇ ਅੰਤ ਵਿੱਚ ਮੁਲਾਜ਼ਮ ਆਗੂ ਗੋਪਾਲ ਦੱਤ ਜੋਸ਼ੀ ਨੇ ਸਮੁੱਚੀਆਂ ਜਥੇਬੰਦੀਆਂ ਦੇ ਆਗੂਆਂ ਦਾ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੇ ਸਾਥੀਆਂ ਦਾ ਅਤੇ ਪਰਿਵਾਰ ਦਾ ਭਰੋਸਾ ਜਿੱਤੇ ਬਿਨਾਂ ਕੋਈ ਵੀ ਆਗੂ ਸਫਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਸ ਲੰਮੇ ਕਾਰਜਕਾਲ ਦੌਰਾਨ ਬਿਜਲੀ ਮੁਲਾਜ਼ਮਾਂ ਦਾ ਸਹਿਯੋਗ ਤਾਂ ਰਿਹਾ ਹੀ ਹੈ, ਇਸ ਦੇ ਨਾਲ ਉਨ੍ਹਾਂ ਦੀ ਧਰਮਪਤਨੀ ਦਾ ਇਸ ਸਫਲਤਾ ਲਈ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਲੋਕ ਸੇਵਾ ਦਾ ਕਾਰਜ ਨੇਪਰੇ ਨਹੀਂ ਚਾੜ੍ਹਿਆ ਜਾ ਸਕਦਾ। ਇਸ ਮੌਕੇ ਮੈਡਮ ਰੇਖਾ ਸ਼ਰਮਾਂ, ਤੋਪਲਾਨ, ਰਜਿੰਦਰਨ, ਸੋਹਣ ਸਿੰਘ, ਸ਼ਾਮ ਸਿੰਘ, ਤਰੁਣ ਜੈਸਵਾਲ ਅਤੇ ਸਰੂਪ ਸਿੰਘ ਰਾਵਤ, ਬਰਿੰਦਰ ਸਿੰਘ, ਸੁਰਿੰਦਰ ਕੁਮਾਰ ਅਤੇ ਜਸਵਿੰਦਰ ਸਿੰਘ ਐਕਸੀਅਨ, ਸਮੇਤ ਦਰਜਨਾਂ ਹੀ ਆਗੂ ਅਤੇ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਮੌਜੂਦ।
ਫੋਟੋ ਕੈਪਸ਼ਨ: ਸੇਵਾਮੁਕਤੀ ਮੌਕੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਯੂ. ਟੀ.ਪਾਵਰਮੈਨ ਯੂਨੀਅਨ ਦੇ ਅਹੁਦੇਦਾਰ।
ਵੱਲੋਂ: ਸੁਖਵਿੰਦਰ ਸਿੰਘ ਸਿੱਧੂ, ਮੀਤ ਪ੍ਰਧਾਨ, ਯੂ. ਟੀ.ਪਾਵਰਮੈਨ ਯੂਨੀਅਨ, ਚੰਡੀਗੜ੍ਹ।

