ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 31 ਅਗਸਤ:
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰਿਅਲ ਕਾਲਜ ਆਫ਼ ਫਾਰਮੇਸੀ, ਬੇਲਾ (ਰੂਪਨਗਰ) ਵਿੱਚ ਸਾਰੀਆਂ ਮਹਿਲਾਵਾਂ ਅਤੇ ਕੁੜੀਆਂ ਲਈ: ਅਧਿਕਾਰ, ਸਮਾਨਤਾ ਅਤੇ ਸਸ਼ਕਤੀਕਰਨ” ਵਿਸ਼ੇ ‘ਤੇ ਮਹਿਲਾ ਸਮਾਨਤਾ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਕਾਲਜ ਡਾਇਰੈਕਟਰ ਡਾ. ਸ਼ੈਲੇਸ਼ ਸ਼ਰਮਾ ਨੇ ਕੀਤੀ, ਜਿਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਅਤੇ ਕੁੜੀਆਂ ਨੂੰ ਸਮਾਨ ਅਧਿਕਾਰ, ਮੌਕੇ ਅਤੇ ਸਸ਼ਕਤੀਕਰਨ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕਾਲਜ ਦੇ 80% ਤੋਂ ਵੱਧ ਸਟਾਫ ਮਹਿਲਾਵਾਂ ਦਾ ਹੈ ਅਤੇ ਮੁੰਡਿਆਂ ਨਾਲੋਂ ਜ਼ਿਆਦਾ ਕੁੜੀਆਂ ਇੱਥੇ ਦਾਖਲਾ ਲੈਂਦੀਆਂ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਮਹਿਲਾਵਾਂ ਨੂੰ ਸਸ਼ਕਤ ਕਰਨਾ ਸਿਰਫ਼ ਸਮਾਨਤਾ ਹੀ ਨਹੀਂ ਬਲਕਿ ਇਕ ਮਜ਼ਬੂਤ, ਰੌਸ਼ਨ ਤੇ ਤਰੱਕੀਪਸੰਦ ਸਮਾਜ ਦੀ ਨੀਂਹ ਹੈ।


ਇਸ ਸਮਾਗਮ ਦਾ ਆਯੋਜਨ “ਕੇਅਰ ਐਂਡ ਕਿਊਰ ਕਲੱਬ” ਵੱਲੋਂ, ਵੁਮੈੱਨ ਸੈੱਲ ਅਤੇ ਆਈ.ਟੀ. ਸੈੱਲ ਦੇ ਸਹਿਯੋਗ ਨਾਲ ਕੀਤਾ ਗਿਆ। ਪ੍ਰੋਗਰਾਮ ਦੌਰਾਨ ਇੱਕ ਖ਼ਾਸ ਸਰਵੇ-ਕਮ-ਜਾਗਰੂਕਤਾ ਮੁਹਿੰਮ ਚਲਾਈ ਗਈ, ਜਿਸ ਵਿੱਚ ਵਿਦਿਆਰਥਣਾਂ, ਗ੍ਰਹਿਣੀਆਂ, ਅਕੈਡਮਿਕ, ਇੰਡਸਟਰੀ, ਮੈਡੀਕਲ, ਫਾਰਮੇਸੀ ਅਤੇ ਪ੍ਰਸ਼ਾਸਨ ਖੇਤਰ ਦੀਆਂ ਮਹਿਲਾਵਾਂ ਦੀ ਸਥਿਤੀ ਦਾ ਅਧਿਐਨ ਕੀਤਾ ਗਿਆ। 200 ਤੋਂ ਵੱਧ ਲੋਕਾਂ ਨੇ ਪ੍ਰਸ਼ਨਾਵਲੀ ਭਰੀ (120 ਮਹਿਲਾਵਾਂ – 60% ਅਤੇ 80 ਪੁਰਸ਼ – 40%)। ਇਸ ਵਿੱਚ ਘਰੇਲੂ ਜ਼ਿੰਮੇਵਾਰੀਆਂ, ਪੜ੍ਹਾਈ ਖ਼ਾਸ ਕਰਕੇ ਉੱਚੀ ਪੜ੍ਹਾਈ, ਕਰੀਅਰ ਚੋਣ, ਯਾਤਰਾ ਤੇ ਕੰਮ ਦੀਆਂ ਥਾਵਾਂ ‘ਤੇ ਸੁਰੱਖਿਆ ਆਦਿ ਮਾਮਲੇ ਸ਼ਾਮਲ ਸਨ। ਨਤੀਜਿਆਂ ਵਿੱਚ ਸਾਹਮਣੇ ਆਇਆ ਕਿ 82% ਨੇ ਮੰਨਿਆ ਕਿ ਘਰੇਲੂ ਕੰਮ ਦੀ ਜ਼ਿਆਦਾ ਜ਼ਿੰਮੇਵਾਰੀ ਮਹਿਲਾਵਾਂ ਤੇ ਹੁੰਦੀ ਹੈ। 95% ਮਹਿਲਾਵਾਂ ਨੇ ਦੱਸਿਆ ਕਿ ਉਹ ਰਾਤ ਨੂੰ ਅਕੇਲੀ ਯਾਤਰਾ ਕਰਦਿਆਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ। 87% ਨੇ ਮੰਨਿਆ ਕਿ ਕੁੜੀਆਂ ਨੂੰ ਉੱਚੀ ਪੜ੍ਹਾਈ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ। ਪਰ 55% ਨੇ ਮੰਨਿਆ ਕਿ ਪਰਿਵਾਰ ਮੁੰਡਿਆਂ ਦੇ ਕਰੀਅਰ ‘ਤੇ ਵੱਧ ਨਿਵੇਸ਼ ਕਰਦੇ ਹਨ।
ਪ੍ਰੋਗਰਾਮ ਦਾ ਸਮਾਪਨ “ਕੇਅਰ ਐਂਡ ਕਿਊਰ ਕਲੱਬ” ਦੇ ਕੋਆਰਡੀਨੇਟਰ ਡਾ. ਸਤਨਾਮ ਸਿੰਘ ਵੱਲੋਂ ਧੰਨਵਾਦ ਪ੍ਰਗਟਾਵੇ ਨਾਲ ਹੋਇਆ। ਉਨ੍ਹਾਂ ਨੇ ਕਿਹਾ ਕਿ ਸੰਸਥਾ ਮਹਿਲਾਵਾਂ ਦੀ ਸਮਾਨਤਾ ਅਤੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਇਸ ਪ੍ਰੋਗਰਾਮ ਦੀ ਸਫਲਤਾ “ਕੇਅਰ ਐਂਡ ਕਿਊਰ ਕਲੱਬ”, ਵੁਮੈੱਨ ਸੈੱਲ ਅਤੇ ਆਈ.ਟੀ. ਸੈੱਲ ਦੀ ਟੀਮ ਦੇ ਯਤਨਾਂ ਨਾਲ ਸੰਭਵ ਹੋਈ। ਮੈਂਬਰਾਂ ਵਿੱਚ ਸ਼ਾਮਲ ਸਨ – ਡਾ. ਨਵਜੋਤ ਕੌਰ, ਪ੍ਰੋ. ਨਵਜੀਤ ਕੌਰ, ਪ੍ਰੋ. ਰਵਿੰਦਰ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਹਰਪ੍ਰੀਤ ਕੌਰ, ਸੁ. ਜਸਪ੍ਰੀਤ ਕੌਰ, ਪ੍ਰੋ. ਰੁਪਿੰਦਰ ਕੌਰ, ਪ੍ਰੋ. ਰਮਨਜੀਤ ਕੌਰ, ਡਾ. ਨੀਲਮ ਸ਼ਰਮਾ ਅਤੇ ਪ੍ਰੋ. ਪੁਨਮ ਗਾਬਾ।

