www.sursaanjh.com > ਅੰਤਰਰਾਸ਼ਟਰੀ > ਉੱਘੇ ਸਾਹਿਤਕਾਰ ਸਿਰੀ ਰਾਮ ਅਰਸ਼ ਨੂੰ ਵੱਖ-ਵੱਖ ਖੇਤਰ ਦੀਆਂ ਨਾਮੀ ਸ਼ਖ਼ਸੀਅਤਾਂ ਵੱਲੋਂ ਭੇਟ ਕੀਤੀ ਗਈ ਸ਼ਰਧਾਂਜਲੀ

ਉੱਘੇ ਸਾਹਿਤਕਾਰ ਸਿਰੀ ਰਾਮ ਅਰਸ਼ ਨੂੰ ਵੱਖ-ਵੱਖ ਖੇਤਰ ਦੀਆਂ ਨਾਮੀ ਸ਼ਖ਼ਸੀਅਤਾਂ ਵੱਲੋਂ ਭੇਟ ਕੀਤੀ ਗਈ ਸ਼ਰਧਾਂਜਲੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਅਗਸਤ:
ਪੰਜਾਬੀ ਸਾਹਿਤ ਦੇ ਉੱਘੇ ਲੇਖਕ,ਉਸਤਾਦ ਗ਼ਜ਼ਲਗੋ ਅਤੇ ਵਿਚਾਰਕ ਸਿਰੀ ਰਾਮ ਅਰਸ਼, ਜੋ ਕਿ 22 ਕਿਤਾਬਾਂ ਦੇ ਰਚੇਤਾ ਸਨ, ਦੀ ਅੰਤਿਮ ਅਰਦਾਸ ਮਿਤੀ 31 ਅਗਸਤ 2025 ਨੂੰ ਸੈਕਟਰ 49 ਵਿੱਚ  ਸਥਿਤ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਚੰਡੀਗੜ੍ਹ ਵਿਖੇ ਹੋਈ, ਜਿਸ ਵਿੱਚ ਸਾਹਿਤ ਜਗਤ ਸਮੇਤ ਕਲਾ, ਰਾਜਨੀਤੀ ਅਤੇ ਸਮਾਜਕ ਖੇਤਰ ਦੀਆਂ ਪ੍ਰਮੁੱਖ ਹਸਤੀਆਂ ਨੇ ਡੂੰਘਾ ਦੁੱਖ ਪ੍ਰਗਟਾਇਆ। ਉਨ੍ਹਾਂ ਦੀ ਯਾਦ ਵਿੱਚ ਰੱਖੇ ਗਏ ਸ਼ਰਧਾਂਜਲੀ ਸਮਾਗਮ ਦੌਰਾਨ ਕਈਆਂ ਨੇ ਸਟੇਜ ‘ਤੇ ਉਨ੍ਹਾਂ ਦੀ ਵਿਲੱਖਣ ਸਾਹਿਤਕ ਯਾਤਰਾ ਬਾਰੇ ਗੱਲ ਕੀਤੀ ਤੇ ਆਪਣੇ ਭਾਵ ਪ੍ਰਗਟਾਏ।ਸਮਾਗਮ ਦੌਰਾਨ ਅਸ਼ੋਕ ਭੰਡਾਰੀ ਜੀ ਨੇ ਵੱਖ-ਵੱਖ ਸਾਹਿਤ ਸਭਾਵਾਂ ਵੱਲੋਂ ਆਏ ਸ਼ੋਕ ਸੰਦੇਸ਼ ਪੜ੍ਹਨ ਤੋਂ ਇਲਾਵਾ ਉਹਨਾ ਦੇ ਜੀਵਨ ਨੂੰ ਸਮਰਪਿਤ ਇੱਕ ਗਜ਼ਲ ਵੀ ਪੜ੍ਹੀ।
ਭਗਤ ਰਾਮ ਰੰਗਾੜਾ, ਜਨਰਲ.ਸਕੱਤਰ, ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਨੇ ਸਿਰੀ ਰਾਮ ਅਰਸ਼ ਦੇ ਸਾਹਿਤਕ ਸਫ਼ਰ ਬਾਰੇ ਚਰਚਾ ਕਰਦੇ ਹੋਏ ਉਨ੍ਹਾਂ ਦੇ ਨਾਂ ‘ਤੇ ਹਰ ਸਾਲ ਇੱਕ ਸਾਹਿਤਕ ਐਵਾਰਡ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਇਸ ਦਾ ਪਹਿਲਾ ਇਨਾਮ ਉਨ੍ਹਾਂ ਦੇ ਸ਼ਾਗਿਰਦ ਵਿੰਦਰ ਮਾਝੀ ਨੂੰ ਦੇਣ ਦਾ ਐਲਾਨ ਕੀਤਾ। ਡਾ. ਅਵਤਾਰ ਸਿੰਘ ਪਤੰਗ ਨੇ ਸਿਰੀ ਰਾਮ ਅਰਸ਼ ਦੇ ਜੀਵਨ ਕਾਲ ‘ਤੇ ਬਰੀਕੀ ਨਾਲ ਚਾਨਣਾ ਪਾਇਆ ਅਤੇ ਉਨ੍ਹਾਂ ਨਾਲ ਜੁੜੀਆਂ ਆਪਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਪੰਜਾਬੀ ਲੇਖਕ ਸਭਾ ਚੰਡੀਗੜ੍ਹ (ਰਜਿ) ਦੇ ਸਾਬਕਾ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਸਿਰੀ ਰਾਮ ਅਰਸ਼ ਦੀਆਂ ਉਪਲਬਧੀਆਂ ਸਾਹਿਤ ਜਗਤ ਦਾ ਮਾਣ ਰਹੀਆਂ ਹਨ ਤੇ ਉਨ੍ਹਾਂ ਦੀ ਕਮੀ ਕਦੇ ਪੂਰੀ ਨਹੀਂ ਹੋ ਸਕੇਗੀ। ਇਸ ਮੌਕੇ ਕੇ. ਐਲ. ਕਲਸੀਆ (ਰਿਟਾਇਰਡ ਆਈ.ਏ.ਐਸ.) ਵੱਲੋਂ ਭੇਜਿਆ ਵਿਸ਼ੇਸ਼ ਸ਼ੋਕ ਮਤਾ ਪੜ੍ਹਿਆ ਗਿਆ। ਪੂਰਬ ਹੈਲਥ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਅਤੇ ਪੂਰਬ ਡਿਪਟੀ ਸੀ. ਐਮ. ਸੁਖਬੀਰ ਸਿੰਘ ਬਾਦਲ ਵੱਲੋਂ ਵੀ ਸ਼ੋਕ ਸੰਦੇਸ਼ ਭੇਜੇ ਗਏ।
ਇਸ ਸਮਾਗਮ ਵਿਚ ਕਈ ਸਭਾਵਾਂ ਨੇ ਅਪਣੇ ਸ਼ੋਕ ਸੰਦੇਸ਼ ਭੇਜੇ ਜਿਨ੍ਹਾਂ ਵਿੱਚ ਕੌਮਾਂਤਰੀ ਸਾਹਿਤਿਕ ਮੰਚ ਰਜਿਸਟਰਡ, ਮੋਹਾਲੀ, ਵਿਸ਼ਵ ਪੰਜਾਬੀ ਸਾਹਿਤਿਕ ਵਿਚਾਰ ਮੰਚ ਰਜਿਸਟਰਡ, ਮੁਹਾਲੀ, ਪੰਜਾਬੀ ਲੇਖਕ ਸਭਾ ਰਜਿਸਟਰਡ, ਚੰਡੀਗੜ੍ਹ, ਵਿਸ਼ਵ ਪੰਜਾਬੀ ਪ੍ਰਚਾਰ ਸਭਾ, ਚੰਡੀਗੜ੍ਹ, ਸਾਹਿਤ ਕਲਾ ਸੱਭਿਆਚਾਰ ਮੰਚ ਰਜਿਸਟਰਡ, ਮੁਹਾਲੀ, ਅਕੈਡਮੀ ਆਫ਼ ਨੈਸ਼ਨਲ ਲਿਟਰੇਚਰ ਐਂਡ ਕਲਚਰ ਰਜਿਸਟਰਡ, ਇੰਡੀਆ, ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਰਜਿਸਟਰਡ, ਸਾਹਿਤਕ ਸੱਥ, ਖਰੜ ਮੋਹਾਲੀ, ਪੀ ਐਸ ਆਰਟ ਐਂਡ ਕਲਚਰਲ ਸੁਸਾਇਟੀ ਚੰਡੀਗੜ੍ਹ, ਸਾਹਿਤ ਵਿਗਿਆਨ ਕੇਂਦਰ, ਚੰਡੀਗੜ੍ਹ, ਕਵੀ ਮੰਚ ਰਜਿਸਟਰਡ, ਮੋਹਾਲੀ, ਚੇਅਰਮੈਨ, ਸੰਵਾਦ ਸਾਹਿਤ ਮੰਚ, ਚੇਅਰਮੈਨ, ਆਚਾਰਿਆ ਸਾਹਿਤ ਮੰਚ, ਨਵਾਂ ਪੰਧ ਨਵੀ ਸੋਚ ਸੰਸਥਾ, ਮੋਹਾਲੀ, ਚੰਡੀਗੜ੍ਹ ਸਾਹਿਤ ਅਕੈਡਮੀ, ਪੀਐਸ ਆਰਟ ਐਂਡ ਕਲਚਰਲ ਸੁਸਾਇਟੀ, ਚੰਡੀਗੜ੍ਹ ਸ਼ਾਮਲ ਸਨ।
ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਡਿਪਟੀ ਚੀਫ਼ ਮਨਿਸਟਰ  ਮੁਕੇਸ਼ ਅਗਨੋਤਰੀ, ਸਾਬਕਾ ਮੈਂਬਰ ਆਫ ਪਾਰਲੀਮੈਂਟ (ਦਿਲੀ) ਸ. ਤਰਲੋਚਨ ਸਿੰਘ, ਡਾ. ਮਨਜੀਤ ਸਿੰਘ ਬੱਲ, ਭਾਸ਼ਾ ਅਫਸਰ ਡਾ਼ ਦਵਿੰਦਰ ਸਿੰਘ ਬੋਹਾ, ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜੰਗ ਬਹਾਦਰ ਗੋਇਲ, ਗੁਰਨਾਮ ਕੰਵਰ, ਕੇ.ਕੇ ਸ਼ਾਰਦਾ, ਪ੍ਰੇਮ ਵਿੱਜ, ਭੁਪਿੰਦਰ ਸਿੰਘ ਮਲਿਕ, ਸੁਭਾਸ਼ ਭਾਸਕਰ ਅਤੇ ਮਨਮੋਹਨ ਸਿੰਘ ਦਾਊਂ ਵੱਲੋਂ ਵੀ ਵਿਸ਼ੇਸ਼ ਸ਼ੋਕ ਸੰਦੇਸ਼ ਭੇਜੇ ਗਏ। ਟ੍ਰਾਈਸਿਟੀ ਦੀਆਂ ਕਈਆਂ ਮਹਾਨ ਸ਼ਖਸੀਅਤਾਂ ਨੇ ਵੀ ਸਿਰੀ ਰਾਮ ਅਰਸ਼ ਦੀ ਅੰਤਿਮ ਅਰਦਾਸ ਵਿੱਚ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਮਰਹੂਮ ਸਿਰੀ ਰਾਮ ਅਰਸ਼ ਜੀ ਦੇ ਸਾਰੇ ਪਰਿਵਾਰ ਨੇ ਆਈਆਂ ਸੰਗਤਾਂ ਦੀ ਤਨਦੇਹੀ ਨਾਲ ਸੇਵਾ ਕੀਤੀ ਅਤੇ ਲੰਗਰ ਦਾ ਖ਼ਾਸ ਇੰਤਜ਼ਾਮ ਵੀ ਕੀਤਾ, ਜਿਸ ਨਾਲ ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਨੇ ਪਰਿਵਾਰ ਦੀ ਨਿਮਰਤਾ ਅਤੇ ਸੇਵਾ ਭਾਵਨਾ ਦੀ ਵੀ ਪ੍ਰਸ਼ੰਸਾ ਕੀਤੀ। ਸਾਹਿਤ ਜਗਤ ਨੇ ਇੱਕ ਸੁਰ ਵਿੱਚ ਕਿਹਾ ਕਿ ਸਿਰੀ ਰਾਮ ਅਰਸ਼ ਦੀ ਕਲਮ ਹਮੇਸ਼ਾ ਪੰਜਾਬੀ ਸਾਹਿਤ ਦਾ ਰਾਹ ਰੌਸ਼ਨ ਕਰਦੀ ਰਹੇਗੀ ਅਤੇ ਉਨ੍ਹਾਂ ਦਾ ਨਾਮ ਸਾਹਿਤਕ ਇਤਿਹਾਸ ਦੇ ਸੁਨਹਿਰੀ ਅਧਿਆਇ ਵਜੋਂ ਯਾਦ ਰਹੇਗਾ।

Leave a Reply

Your email address will not be published. Required fields are marked *