www.sursaanjh.com > ਅੰਤਰਰਾਸ਼ਟਰੀ > ਕਾਰਪੋਰੇਟ ਜਗਤ ਤੋਂ ਸਾਹਿਤਕਾਰੀ ਦਾ ਸਫ਼ਰ; ਸਿਰਜਨਦੀਪ ਕੌਰ ਉਭਾ ਨੇ ਲਿਖਿਆ ਆਪਣਾ ਚੌਥਾ ਨਾਵਲ ‘ਦ ਗਰਲ ਇਨ ਦ ਕੌਫੀ ਹਾਊਸ’ ਦੇ ਸਿਰਲੇਖ ਹੇਠ ਜਾਰੀ ਕੀਤਾ 

ਕਾਰਪੋਰੇਟ ਜਗਤ ਤੋਂ ਸਾਹਿਤਕਾਰੀ ਦਾ ਸਫ਼ਰ; ਸਿਰਜਨਦੀਪ ਕੌਰ ਉਭਾ ਨੇ ਲਿਖਿਆ ਆਪਣਾ ਚੌਥਾ ਨਾਵਲ ‘ਦ ਗਰਲ ਇਨ ਦ ਕੌਫੀ ਹਾਊਸ’ ਦੇ ਸਿਰਲੇਖ ਹੇਠ ਜਾਰੀ ਕੀਤਾ 

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਅਗਸਤ:
ਅੱਜ ਇਥੇ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪੰਜਾਬ ਕਲਾ ਪਰਿਸ਼ਦ ਤੇ ਪੰਜਾਬੀ ਲੇਖਕ ਸਭਾ ਵੱਲੋਂ ਕਰਵਾਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਾਰਪੋਰੇਟ ਅਤੇ ਸਾਹਿਤ ਜਗਤ ਦੀ ਉੱਘੀ ਸ਼ਖਸੀਅਤ ਅਤੇ ਜੀਐਫਬੀ ਗ੍ਰੇਟ ਫੂਡਜ਼ ਪ੍ਰਾਈਵੇਟ ਲਿਮਟਿਡ ਵਿਖੇ ਰਣਨੀਤੀ ਅਤੇ ਮਨੁੱਖੀ ਸਰੋਤ ਸ਼ਾਖਾ ਦੀ ਮੁਖੀ ਸਿਰਜਨਦੀਪ ਕੌਰ ਉਭਾ ਵੱਲੋਂ ਲਿਖਿਆ ਉਨ੍ਹਾਂ ਦਾ ਚੌਥਾ ਅਤੇ ਰਹੱਸਮਈ ਨਾਵਲ ‘ਦ ਗਰਲ ਇਨ ਦ ਕੌਫੀ ਹਾਊਸ’ ਰਿਲੀਜ਼ ਕੀਤਾ ਗਿਆ। ਇਸ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂ ਕਿ ਉੱਘੇ ਲੇਖਕ ਅਤੇ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਵਰਨਜੀਤ ਸਵੀ ਨੇ ਕਿਹਾ ਕਿ ਇਹ ਮਾਨਸਾ ਦਾ ਸਾਹਿਤਕ ਮਾਹੌਲ ਹੈ, ਜਿੱਥੋਂ ਊਭਾ ਪਰਿਵਾਰ ਦੀ ਤੀਜੀ ਪੀੜ੍ਹੀ ਸਾਹਿਤਕ ਖੇਤਰ ਵਿੱਚ ਸਰਗਰਮ ਹੈ। ਸਰਬਜੀਤ ਸਿੰਘ ਧਾਲੀਵਾਲ ਨੇ ਕੁੰਜੀਵਤ ਭਾਸ਼ਣ ਪੜ੍ਹਦਿਆਂ ਕਿਹਾ ਕਿ ਇਹ ਨਾਵਲ ਨਵੀਂ ਪੀੜ੍ਹੀ ਨੂੰ ਪੜ੍ਹਨ ਲਈ ਇਸ ਲਈ ਜ਼ਰੂਰੀ ਹੈ ਕਿ ਪੀੜ੍ਹੀਆਂ ਵਿੱਚ ਪਾੜਾ ਇਸ ਨੂੰ ਪੜ੍ਹ ਕੇ ਦੂਰ ਹੁੰਦਾ ਹੈ।
ਸਿਰਜਨਦੀਪ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਉਹ ਕਿਤਾਬ ਨੂੰ ਇੱਕ ਸਰਲ ਅਤੇ ਸਮਝਣ ‘ਚ ਆਸਾਨ ਸ਼ਬਦਾਂ ਵਿੱਚ ਲਿਖਣਾ ਚਾਹੁੰਦੀ ਸੀ ਤਾਂ ਜੋ ਇਸਨੂੰ ਕੋਈ ਵੀ ਇਕੋ ਵਾਰ ਪੜ੍ਹ ਕੇ ਚੰਗੀ ਤਰ੍ਹਾਂ ਸਮਝ ਸਕੇ। ਅਕਾਦਮਿਕ ਜਗਤ ਦੀ ਪ੍ਰਸਿੱਧ ਸ਼ਖਸੀਅਤ ਅਤੇ ਖ਼ਾਲਸਾ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਦੀ ਧੀ ਸਿਰਜਨਦੀਪ ਨੇ ਲੰਡਨ ਸਕੂਲ ਆਫ਼ ਇਕਨਾਮਿਕਸ ਐਂਡ ਪੋਲੀਟੀਕਲ ਸਾਇੰਸ ਤੋਂ ਮਨੁੱਖੀ ਸਰੋਤ ਅਤੇ ਸੰਗਠਨਾਤਮਕ ਵਿਵਹਾਰ ਵਿੱਚ ਮਾਸਟਰ ਡਿਗਰੀ ਪ੍ਰਾਪਤ ਕਰਕੇ ਵਿਦਿਅਕ ਖੇਤਰ ਵਿੱਚ ਆਪਣੀ ਪ੍ਰਤਿਭਾ ਨੂੰ ਨਿਖਾਰਿਆ ਹੈ। ਉਨ੍ਹਾਂ ਦੇ ਪਤੀ ਕੁਨਾਲ ਰਹੇਜਾ ਦਾ ਮਾਡਲਿੰਗ ਅਤੇ ਰੀਅਲ ਅਸਟੇਟ ਜਗਤ ਵਿੱਚ ਇੱਕ ਵੱਡਾ ਨਾਮ ਹੈ। ਮਾਨਸਿਕ ਸਿਹਤ, ਮਹਿਲਾ ਸਸ਼ਕਤੀਕਰਨ ਵਰਗੇ ਵਿਭਿੰਨ ਵਿਸ਼ਿਆਂ ਬਾਰੇ ਅਤੇ ਕਵਿਤਾਵਾਂ ਦੇ ਲੇਖਣ ਵਿੱਚ ਰੁਚੀ ਰੱਖਦਿਆਂ ਸਿਰਜਨਦੀਪ ਨੇ ਪਹਿਲਾਂ ਤਿੰਨ ਨਾਵਲ ਲਿਖੇ, ਜਿਨ੍ਹਾਂ ਵਿੱਚ ਟੂ ਸਕਾਈਜ਼ ਐਂਡ ਵਾਟਰਸ, ਦ ਟ੍ਰਿੰਫ਼ ਅਤੇ ਵਿਸਪਰਸ ਆਫ਼ ਦ ਹਾਰਟ ਸ਼ਾਮਲ ਹਨ।
ਪਟਿਆਲਾ ਦੀ ਪ੍ਰਮੁੱਖ ਅਕਾਦਮਿਕ ਸ਼ਖ਼ਸੀਅਤ ਡਾ. ਜਸਲੀਨ ਕੌਰ, ਖ਼ਾਲਸਾ ਕਾਲਜ ਪਟਿਆਲਾ ਤੋਂ ਡਾ. ਜਸਪ੍ਰੀਤ ਕੌਰ, ਡੀ.ਆਰ. ਰਹੇਜਾ (ਸਿਰਜਨਦੀਪ ਕੌਰ ਦੇ ਸਹੁਰੇ), ਸਭਾ ਦੇ ਪ੍ਰਧਾਨ ਅਤੇ ਕਵੀ ਦੀਪਕ ਸ਼ਰਮਾ ਚਨਾਰਥਲ ਨੇ ਸਿਰਜਨਦੀਪ ਦੀ ਸਾਹਿਤਕ ਰਚਨਾ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਅਤੇ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ। ਖੇਡ ਲੇਖਕ ਨਵਦੀਪ ਸਿੰਘ ਗਿੱਲ ਨੇ ਸਿਰਜਨਦੀਪ ਨੂੰ ਵਧਾਈ ਦਿੰਦਿਆਂ ਉਭਾ ਫੈਮਿਲੀ ਨਾਲ ਆਪਣੇ ਨਜ਼ਦੀਕੀ ਸਬੰਧਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਸਿਰਜਨਦੀਪ ਨੂੰ ਸਾਹਿਤ ਲੇਖਣ ਦਾ ਗੁਣ ਯਕੀਨਨ ਵਿਰਾਸਤ ਵਿੱਚ ਮਿਲਿਆ ਹੈ ਕਿਉਂਕਿ ਕਿ ਸਾਹਿਤ ਨਾਲ ਉਨ੍ਹਾਂ ਦੇ ਪਰਿਵਾਰ ਦਾ ਸ਼ੁਰੂ ਤੋਂ ਹੀ ਡੂੰਘਾ ਰਿਸ਼ਤਾ ਰਿਹਾ ਹੈ। ਇਸ ਮੌਕੇ ਸਿਰਜਨਦੀਪ ਦੇ ਪਿਤਾ ਡਾ. ਧਰਮਿੰਦਰ ਸਿੰਘ ਉਭਾ ਤੇ ਦਾਦਾ ਪ੍ਰੋ ਅੱਛਰੂ ਸਿੰਘ ਉਭਾ ਨੇ ਸਮਾਗਮ ਵਿੱਚ ਸ਼ਾਮਲ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸਭਾ ਦੇ ਸਕੱਤਰ ਭੁਪਿੰਦਰ ਮਲਿਕ ਨੇ ਬਾਖੂਬੀ ਕੀਤਾ। ਇਸ ਮੌਕੇ ਮੌਜੂਦ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਜੰਗ ਬਹਾਦਰ ਗੋਇਲ, ਰਣਦੀਪ ਸਿੰਘ ਆਹਲੂਵਾਲੀਆ, ਦਵਿੰਦਰ ਬੋਹਾ, ਪਰਮਜੀਤ ਮਾਨ ਅਤੇ ਪ੍ਰੀਤਮ ਰੁਪਾਲ ਸ਼ਾਮਲ ਸਨ।

Leave a Reply

Your email address will not be published. Required fields are marked *