ਕਰਾਊਨ ਪੁਆਇੰਟ (ਇੰਡੀਆਨਾ) (ਸੁਰ ਸਾਂਝ ਡਾਟ ਕਾਮ ਬਿਊਰੋ), 9 ਸਤੰਬਰ:


ਚਾਰ ਮਹੀਨੇ ਪਹਿਲਾਂ ਸ਼ੁਰੂ ਹੋਏ ਪੰਜਾਬੀ ਸਕੂਲ ਦੇ ਬੱਚਿਆਂ ਅਤੇ ਮਾਪਿਆਂ ਨੇ ਬਹੁਤ ਹੀ ਚਾਵਾਂ ਨਾਲ ਹੱਸਦਿਆਂ ਖੇਡਦਿਆਂ ਗੁਰੂ ਘਰ ਦੀਆਂ ਗਰਾਊਂਡਾਂ ਵਿੱਚ ਰੰਗ ਬਿਖੇਰ ਦਿੱਤੇ ਹਨ। ਸਾਰੀ ਖੇਡ ਗਰਾਊਂਡ ਰੰਗ ਬਰੰਗੇ ਫੁੱਲਾਂ ਨਾਲ ਭਰੀ ਲੱਗ ਰਹੀ ਸੀ। ਸੌ ਦੇ ਕਰੀਬ ਵਿਦਿਆਰਥੀਆਂ ਅਤੇ ਮਾਪਿਆਂ ਦੀ ਇਹ ਪਹਿਲੀ ਮਿਲਣੀ ਸੀ ਜਾਂ ਇੰਝ ਕਹਿ ਲਓ ਕਿ ਗੁਰੂ ਘਰ ਦੇ ਬਣਨ ਤੋਂ ਲੈ ਕੇ ਹੁਣ ਤੱਕ ਦੀ ਇਹ ਪਲੇਠੀ ਤੇ ਵਿਲੱਖਣ ਮਿਲਣੀ ਸੀ। ਇਸ ਮਿਲਣੀ ਦਾ ਆਰੰਭ ਗੁਰੂ ਘਰ ਦੇ ਧਾਰਮਿਕ ਸਕੱਤਰ ਮਨਜੀਤ ਸਿੰਘ ਦੇ ਜੀ ਆਇਆਂ ਕਹਿਣ ਨਾਲ ਹੋਇਆ। ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਸਿੰਘ ਭਾਈ ਹਰਪਾਲ ਸਿੰਘ ਜੀ ਨੇ ਬੱਚਿਆਂ ਨੂੰ ਗੁਰਬਾਣੀ ਅਤੇ ਖੇਡਾਂ ਦੇ ਸਬੰਧ ਵਿੱਚ ਭਾਵ ਪੂਰਤ ਭਾਸ਼ਣ ਦਿੱਤਾ। ਸਰਦਾਰ ਹਰਦਰਸ਼ਨ ਸਿੰਘ ਵਾਲੀਆ ਨੇ ਅੰਗਰੇਜ਼ੀ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਤੇ ਕਿਹਾ ਕਿ ਸਾਡੇ ਸਾਰਿਆਂ ਲਈ ਇਹ ਖੁਸ਼ੀਆਂ ਭਰਿਆ ਦਿਨ ਹੈ। ਉਹਨਾਂ ਨੇ ਪੰਜਾਬੀ ਸਕੂਲ ਦੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ।
ਬੱਚਿਆਂ ਦਾ ਚਾਅ ਵੇਖਣ ਵਾਲਾ ਸੀ। ਕਿਲਕਾਰੀਆਂ ਮਾਰਦੇ ਬੱਚਿਆਂ ਨੇ ਥ੍ਰੀ ਲੈਗ ਰੇਸ, ਸਾਈਕਲ ਰੇਸ, ਕੋਟਲਾ ਛਪਾਕੀ, ਰੱਸਾਕਸ਼ੀ, ਬਾਲੀਵਾਲ, ਸ਼ੌਕਰ ਅਤੇ ਹੋਰ ਖੇਡਾਂ ਖੇਡੀਆਂ। ਮਾਪਿਆਂ ਵੱਲੋਂ ਪਾਣੀ, ਸੋਢਾ, ਚਿਪਸ, ਫਰੂਟ, ਮਠਿਆਈਆਂ ਆਦਿ ਨਾਲ ਟੇਬਲ ਭਰ ਦਿੱਤੇ ਗਏ। ਵਿਰਕ ਪਰਿਵਾਰ ਵੱਲੋਂ ਸਾਰਿਆਂ ਲਈ ਪੀਜੇ ਦਾ ਪ੍ਰਬੰਧ ਕੀਤਾ ਗਿਆ। ਸਹੀ ਅਰਥਾਂ ਵਿਚ ਇਹ ਪਿਕਨਿਕ ਨਾ ਹੋ ਕੇ ਪਰਿਵਾਰਕ ਤੇ ਸੱਭਿਆਚਾਰਕ ਮਿਲਣੀ ਹੋ ਨਿੱਬੜ। ਬੱਚਿਆਂ ਅਤੇ ਮਾਪਿਆਂ ਨੇ ਸਾਂਝ ਦੀਆਂ ਤੰਦਾਂ ਪੱਕੀਆਂ ਕੀਤੀਆਂ।
ਫੁੱਲ ਖਿੜੇ ਤੇ ਮਹਿਕ ਆਈ
ਫੁੱਲ ਵਰਗੇ ਬੱਚਿਆਂ ਨੇ
ਮਾਪਿਆਂ ਨੂੰ ਨਾਲ ਲਿਆ ਕੇ
ਅੱਜ ਅਨੋਖੀ ਪਿਕਨਿਕ ਮਨਾਈ
ਰੋਲ ਸਭ ਦਾ ਸੀ ਪਿਆਰਾ
ਚਿਹਰਿਆਂ ਤੇ ਨੂਰ ਸੀ
ਸਾਰਿਆਂ ਨੂੰ ਲੱਖ ਲੱਖ ਵਧਾਈ
ਅਖੀਰ ਵਿੱਚ ਬੱਚਿਆਂ ਨੂੰ ਸਕੂਲੀ ਕੰਮ ਲਈ ਫੋਲਡਰ, ਚੌਕਲੇਟ ਤੇ ਪੰਜ ਪੰਜ ਡਾਲਰ ਦੇ ਇਨਾਮ ਵੰਡੇ ਗਏ।
ਵੇਰਵਾ – ਰਵਿੰਦਰ ਸਿੰਘ ਸਹਿਰਾਅ (ਇੰਚਾਰਜ ਪੰਜਾਬੀ ਸਕੂਲ)।

